ਕੋਵਿਡ19 ਦੀ ਸਹੀ ਜਾਣਕਾਰੀ ਲੈਣ ਲਈ ਕੋਵਾ ਐਪ ਨਾਲ ਜੁੜਨ ਲੋਕ : ਡਿਪਟੀ ਕਮਿਸ਼ਨਰ
ਕੋਵਾ ਐਪ ਡਾਊਨਲੋਡ ਕਰਕੇ ਮਿਸ਼ਨ ਫ਼ਤਿਹ ਨਾਲ ਜੁੜ ਕੇ ਮੁੱਖ ਮੰਤਰੀ ਪੰਜਾਬ ਦੇ ਦਸਤਖਤ ਵਾਲਾ ਡਾਇਮੰਡ,ਗੋਲਡ, ਸਿਲਵਰ ਤੇ ਬ੍ਰਾਂਜ ਸਰਟੀਫਿਕੇਟ ਹਾਸਲ ਕੀਤਾ ਜਾ ਸਕਦਾ ਹੈ
ਫਿਰੋਜ਼ਪੁਰ 26 ਜੁਲਾਈ ਕੋਰੋਨਾ ਵਾਇਰਸ ਸਬੰਧੀ ਤੱਥਾਂ ’ਤੇ ਅਧਾਰਤ ਜਾਣਕਾਰੀ ਹਾਸਲ ਕਰਨ ਲਈ ਕੋਵਾ ਐਪ ਬਹੁਤ ਕਾਰਗਾਰ ਸਾਬਤ ਹੋ ਰਹੀ ਹੈ ਇਸ ਲਈ ਜਿ਼ਲ੍ਹੇ ਦੇ ਵੱਧ ਤੋਂ ਵੱਧ ਲੋਕ ਕੋਵਾ ਐਪ ਨੂੰ ਡਾਊਨਲੋਡ ਕਰਕੇ ਕੋਰੋਨਾ ਦੀ ਸਹੀ ਜਾਣਕਾਰੀ ਹਾਸਲ ਕਰਨ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰ: ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਖਾਤਮੇ ਲਈ ਸ਼ੁਰੂ ਕੀਤੇ ਗਏ ਮਿਸ਼ਨ ਫ਼ਤਿਹ ਵਿੱਚ ਵੱਧ ਤੋ ਵੱਧ ਲੋਕਾਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਇਸ ਮਹਾਂਮਾਰੀ ਦਾ ਖਾਤਮਾ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਸ਼ਨ ਫਤਿਹ ਨਾਲ ਜੁੜਨ ਲਈ ਆਪਣੇ ਮੋਬਾਇਲ ’ਤੇ ਕੋਵਾ ਐਪ ਡਾਊਨਲੋਡ ਕੀਤੀ ਜਾਵੇ। ਉਸ ਉਪਰੰਤ ’ਜੁਆਇਨ ਮਿਸ਼ਨ ਫ਼ਤਿਹ ’ ’ਤੇ ਕਲਿੱਕ ਕਰਨ ਤੋਂ ਬਾਅਦ ’ਜੁਆਇਨ’ ਬਟਨ ਦਬਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਆਪਣਾ ਪਤਾ, ਜਿ਼ਲ੍ਹਾ ਰੈਫਰਲ ਕੋਡ ਅਤੇ ਨਾਮ ਭਰ ਕੇ ਫੋਟੋ ਅਪਲੋਡ ਕਰਨ ਤੋਂ ਬਾਅਦ ਸਬਮਿਟ ਕੀਤਾ ਜਾਵੇ, ਜਿਸ ਨਾਲ ਤੁਸੀਂ ਮਿਸ਼ਨ ਫ਼ਤਿਹ ਨਾਲ ਜੁੜ ਸਕੋਗੇ। ਉਨ੍ਹਾਂ ਦੱਸਿਆ ਕਿ ਵੱਧ ਤੋਂ ਵੱਧ ਮਿਸ਼ਨ ਫ਼ਤਿਹ ਨਾਲ ਜੁੜ ਕੇ ਅੰਕ ਹਾਸਲ ਕਰਕੇ ਮੁੱਖ ਮੰਤੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਸਤਖਤ ਵਾਲਾ ਡਾਇਮੰਡ, ਗੋਲਡ, ਸਿਲਵਰ ਤੇ ਬ੍ਰਾਂਚ ਸਰਟੀਫਿਕੇਟ ਪ੍ਰਾਪਤ ਕੀਤੇ ਜਾ ਸਕਦੇ ਹਨ।
ਉਨ੍ਹਾਂ ਜਿ਼ਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹਰੇਕ ਵਿਅਕਤੀ ਆਪਣੇ ਫੋਨ ’ਤੇ ਕੋਵਾ ਐਪ ਡਾਊਨਲੋਡ ਕਰੇ, ਕਿਉਂਕਿ ਇਹ ਐਪ ਡਾਊਨਲੋਡ ਕਰਨ ਨਾਲ ਜਿਥੇ ਕੋਰੋਨਾ ਬਾਰੇ ਹਰੇਕ ਲੋੜੀਂਦੀ ਜਾਣਕਾਰੀ ਹਾਸਲ ਹੋ ਸਕੇਗੀ ਉਥੇ ਹੀ ਐਪ ’ਤੇ ਪਹੁੰਚ ਕੇ ਡਾਕਟਰੀ ਸਲਾਹ ਲਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਾਂਝੇ ਸਹਿਯੋਗ ਸਦਕਾ ਹੀ ਕੋਰੋਨਾ ਦੀ ਲੜਾਈ ਜਿੱਤੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਹਰੇਕ ਨਾਗਰਿਕ ਨੂੰ ਆਪਣਾ ਮੂੰਹ ਰੁਮਾਲ ਜਾਂ ਮਾਸਕ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ, ਆਪਣੇ ਹੱਥ ਵਾਰ-ਵਾਰ ਸਾਬਣ ਪਾਣੀ ਜਾਂ ਸੈਨੇਟਾਈਜ਼ਰ ਨਾਲ ਸਾਫ ਕਰਨੇ ਚਾਹੀਦੇ ਹਨ ਅਤੇ ਇੱਕ ਦੂਜੇ ਤੋਂ ਘੱਟ ਤੋਂ ਘੱਟ 2 ਮੀਟਰ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਤੇ ਜਾਰੀ ਸਾਰੀਆਂ ਹਦਾਇਤਾਂ ਦੀ ਪਾਲਨਾ ਕਰਨੀ ਚਾਹੀਦੀ ਹੈ।