Ferozepur News

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ

ਪੰਜਾਬ ਸਰਕਾਰ ਵੱਲੋਂ ਝੋਨੇ ਦੀ ਨਿਰਵਿਘਨ ਖ਼ਰੀਦ, ਲਿਫਟਿੰਗ ਤੇ ਅਦਾਇਗੀ ਜਾਰੀ - ਕਟਾਰੂਚੱਕ

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ

– ਪੰਜਾਬ ਸਰਕਾਰ ਵੱਲੋਂ ਝੋਨੇ ਦੀ ਨਿਰਵਿਘਨ ਖ਼ਰੀਦ, ਲਿਫਟਿੰਗ ਤੇ ਅਦਾਇਗੀ ਜਾਰੀ – ਕਟਾਰੂਚੱਕ

– ਫਿਰੋਜ਼ਪੁਰ ਜ਼ਿਲ੍ਹੇ ਦੀਆਂ ਮੰਡੀਆਂ ਦਾ ਕੀਤਾ ਦੌਰਾ

– ਰਾਜ ਦੇ ਕਿਸਾਨਾਂ ਦੇ ਖਾਤਿਆਂ ਵਿੱਚ 20085.78 ਕਰੋੜ ਰੁਪਏ ਦੀ ਹੋਈ ਅਦਾਇਗੀ

– ਕਿਸਾਨਾਂ, ਆੜ੍ਹਤੀਆਂ, ਲੇਬਰ ਨੇ ਵਧੀਆ ਖ਼ਰੀਦ ਪ੍ਰਬੰਧਾਂ ਲਈ ਸਰਕਾਰ ਦਾ ਧੰਨਵਾਦ ਕੀਤਾ

 

ਫਿਰੋਜ਼ਪੁਰ, 1 ਨਵੰਬਰ, 2022:

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਝੋਨੇ ਦੀ ਫ਼ਸਲ ਦੀ ਨਿਰਵਿਘਨ ਖਰੀਦ, ਚੁਕਾਈ ਅਤੇ ਅਦਾਇਗੀ ਆਦਿ ਦਾ ਜਾਇਜ਼ਾ ਲੈਣ ਲਈ ਰਾਜ ਦੇ ਵੱਖ-ਵੱਖ ਖ਼ਰੀਦ ਕੇਂਦਰਾਂ ਦਾ ਦੌਰਾ ਕੀਤੇ ਜਾਣ ਦੀ ਲੜੀ ਤਹਿਤ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਫਿਰੋਜ਼ਪੁਰ ਦਿਹਾਤੀ ਰਜਨੀਸ਼ ਦਹੀਯਾ, ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ, ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ ਤੇ ਡਿਪਟੀ ਕਮਿਸ਼ਨਰ ਮੈਡਮ ਅਮ੍ਰਿਤ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਇਸ ਮੌਕੇ ਦਾਣਾ ਮੰਡੀ ਫਿਰੋਜ਼ਪੁਰ ਵਿਖੇ ਵਿਸ਼ੇਸ਼ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਸ ਸੀਜ਼ਨ ਵਿੱਚ ਝੋਨੇ ਦੀ ਨਿਰਵਿਘਨ ਖਰੀਦ, ਚੁਕਾਈ ਅਤੇ ਸਮੇਂ ਸਿਰ ਅਦਾਇਗੀ ਕਰ ਕੇ ਮਿਸਾਲ ਕਾਇਮ ਕੀਤੀ ਗਈ ਹੈ ਅਤੇ ਕਿਸਾਨ ਬਿਨ੍ਹਾਂ ਕਿਸੇ ਦਿੱਕਤ ਦੇ ਆਪਣੀ ਫਸਲ ਵੇਚ ਕੇ ਸਮੇਂ ਸਿਰ ਘਰ ਨੂੰ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਫਸਲ ਦੀ ਚੁਕਾਈ ਸਮੇਂ ਸਿਰ ਹੋ ਰਹੀ ਹੈ ਉੱਥੇ ਹੀ ਸਰਕਾਰ ਵੱਲੋਂ ਫਸਲ ਖਰੀਦਣ ਉਪਰੰਤ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੀ ਅਦਾਇਗੀ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਸੂਬੇ ਦੀਆਂ ਮੰਡੀਆਂ ਵਿੱਚ ਹੁਣ ਤੱਕ 1 ਕਰੋੜ 16 ਲੱਖ 62 ਹਜ਼ਾਰ 995 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਿਸ ਵਿੱਚੋਂ ਸਰਕਾਰ ਵੱਲੋਂ 1 ਕਰੋੜ 16 ਲੱਖ 10 ਹਜ਼ਾਰ 135 ਮੀਟਰਕ ਟਨ ਅਤੇ ਮਿੱਲਰਾਂ ਵੱਲੋਂ 52 ਹਜ਼ਾਰ 860 ਮੀਟਰਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹੁਣ ਤੱਕ 95 ਲੱਖ 31 ਹਜ਼ਾਰ 859 ਮੀਟਰਕ ਟਨ ਝੋਨੇ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ ਅਤੇ ਰਾਜ ਦੇ ਕਿਸਾਨਾਂ ਦੇ ਖਾਤਿਆਂ ਵਿੱਚ 20085.78 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਆਪ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਮੰਡੀਆਂ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਨਾ ਆਵੇ।  ਉਨ੍ਹਾਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਹਨ ਕਿ ਖ਼ਰੀਦ ਪ੍ਰਬੰਧਾਂ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਜਾਂ ਬੇਲੋੜੀ ਦੇਰੀ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉੁਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਦਾ ਇੱਕ -ਇੱਕ ਦਾਣਾ ਖਰੀਦਣ ਲਈ ਵਚਨਬੱਧ ਹੈ ਉਨਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਸੁੱਕਾ ਝੋਨਾ ਮੰਡੀਆਂ ਵਿਚ ਲੈ ਕੇ ਆਉਣ ਤਾਂ ਜੋ ਖਰੀਦ ਏਜੰਸੀਆਂ ਵੱਲੋਂ ਇਸਨੂੰ ਬਿਨਾਂ ਕਿਸੇ ਦੇਰੀ ਤੋਂ ਖਰੀਦਿਆ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਪੰਜਾਬ ਸਰਕਾਰ ਦੁਆਰਾ ਸਬਸਿਡੀ ‘ਤੇ ਉਪਲਬੱਧ ਕਰਵਾਈ ਜਾਂਦੀ ਮਸ਼ੀਨਰੀ ਦੀ ਵਰਤੋਂ ਨਾਲ ਪਰਾਲੀ ਦੀਆਂ ਗੱਠਾਂ ਬਣਾ ਕੇ ਜਾਂ ਇਸ ਨੂੰ ਜ਼ਮੀਨ ਵਿੱਚ ਹੀ ਵਾਹ ਕੇ ਇਸ ਦਾ ਨਿਪਟਾਰਾ ਕਰਨ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਵਾਤਾਵਰਨ ਸਾਫ਼-ਸੁੱਥਰਾ ਰਹਿੰਦਾ ਹੈ ਉੱਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਣੀ ਰਹਿੰਦੀ ਹੈ ਅਤੇ ਮਨੁੱਖ ਤੇ ਜੀਵ ਜੰਤੂਆਂ ਦੀ ਸਿਹਤ ‘ਤੇ ਵੀ ਮਾੜਾ ਅਸਰ ਨਹੀਂ ਪੈਂਦਾ।

ਉਨ੍ਹਾਂ ਇਸ ਦੌਰਾਨ ਮੰਡੀ ਵਿੱਚ ਮੌਜੂਦ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨਾਲ ਖ਼ਰੀਦ ਪ੍ਰਬੰਧਾਂ ਬਾਰੇ ਗੱਲਬਾਤ ਕੀਤੀ। ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨੇ ਸਰਕਾਰ ਦੁਆਰਾ ਕੀਤੇ ਗਏ ਖ਼ਰੀਦ ਪ੍ਰਬੰਧਾਂ ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਫਸਲ ਵੇਚਣ ਜਾਂ ਖਰੀਦਣ ਵਿੱਚ ਕਿਸੇ ਵੀ ਪ੍ਰਕਾਰ ਦੀ ਦਿੱਕਤ ਨਹੀਂ ਆ ਰਹੀ। ਕਿਸਾਨਾਂ ਨੇ ਕਿਹਾ ਕਿ ਵੇਚੀ ਗਈ ਫਸਲ ਦੀ ਅਦਾਇਗੀ ਬਿਨ੍ਹਾਂ ਕਿਸੇ ਦੇਰੀ ਦੇ ਉਨ੍ਹਾਂ ਦੇ ਖਾਤਿਆਂ ਵਿੱਚ ਤਬਦੀਲ ਕੀਤੀ ਜਾ ਰਹੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਮੇਸ਼ਾ ਤੋਂ ਲੋਕਾਂ ਦੇ ਹਿੱਤ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਆਪਣੇ ਕਾਰਜਕਾਲ ਦੇ ਸਿਰਫ਼ 7 ਮਹੀਨੇ ਅੰਦਰ ਹੀ 300 ਯੂਨਿਟ ਬਿਜਲੀ ਮੁਫ਼ਤ, ਗੰਨਾ ਕਾਸ਼ਤਕਾਰਾਂ ਦਾ ਸਾਰਾ ਬਕਾਇਆ ਅਦਾ ਕਰ ਕੇ ਤੇ ਗੰਨੇ ਦੇ ਰੇਟ ‘ਚ 20 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਨ ਤੋਂ ਇਲਾਵਾ ਪੁਰਾਣੀ ਪੈਨਸ਼ਨ ਬਹਾਲ ਕਰਕੇ ਤੇ 6 ਫੀਸਦੀ ਮਹਿੰਗਾਈ ਭੱਤੇ ਵਿੱਚ ਵਾਧਾ ਕਰ ਕੇ ਇਤਿਹਾਸਕ ਕਦਮ ਚੁੱਕੇ ਹਨ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਜ਼ੀਰਾ ਵਿਖੇ ਮੰਡੀਆਂ ਵਿੱਚ ਵੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਪੁਲੀਸ ਟੁਕੜੀ ਵੱਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ।

ਇਸ ਮੌਕੇ ਐਸ.ਡੀ.ਐਮ. ਫ਼ਿਰੋਜ਼ਪੁਰ  ਸ. ਰਣਜੀਤ ਸਿੰਘ,  ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀ ਅਭਿਸ਼ੇਕ ਸ਼ਰਮਾ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਸੰਜੀਵ ਰਾਜਦੇਵ, ਸ੍ਰੀ ਕੁਲਬੀਰ ਸਿੰਘ ਖਾਰਾ, ਸ੍ਰੀ  ਮੋਹਿਤ ਗੋਇਲ, ਸ੍ਰੀ ਬ੍ਰਿਜ ਮੋਹਨ ਮਿੱਤਲ ਤੇ  ਸਕੱਤਰ ਮਾਰਕੀਟ ਕਮੇਟੀ ਫਿਰੋਜ਼ਪੁਰ ਛਾਉਣੀ ਸ. ਜਸਪ੍ਰੀਤ ਸਿੰਘ, ਸ. ਰੌਬੀ ਸੰਧੂ ਤੋਂ ਇਲਾਵਾ ਆਪ ਪਾਰਟੀ ਦੇ ਆਗੂ ਤੇ ਵਰਕਰ ਮੋਜੂਦ ਸਨ।

Related Articles

Leave a Reply

Your email address will not be published. Required fields are marked *

Back to top button