ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਰੇਲਵੇ ਟਰੈਕ ਬਸਤੀ ਟੈਂਕਾਂ ਵਾਲੀ ਉੱਤੇ 9ਵੇਂ ਦਿਨ ਰੋਸ ਮੁਜ਼ਾਹਰਾ
ਤਿੰਨੇ ਖੇਤੀ ਆਰਡੀਨੈਂਸ ਤੁਰੰਤ, ਕਾਰਪੋਰੇਟਸ ਨਾਲ ਸਾਰੇ ਸਮਝੌਤੇ ਰੱਦ ਕੀਤੇ ਜਾਣ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਰੇਲਵੇ ਟਰੈਕ ਬਸਤੀ ਟੈਂਕਾਂ ਵਾਲੀ ਉੱਤੇ 9ਵੇਂ ਦਿਨ ਰੋਸ ਮੁਜ਼ਾਹਰਾ
ਫ਼ਿਰੋਜ਼ਪੁਰ , 2.10.2020: ਅੰਬਾਨੀਆਂ, ਅਡਾਨੀਆਂ ਦੀ ਜੋਟੀਦਾਰ ਭਾਜਪਾ ਦੀ ਮੋਦੀ ਸਰਕਾਰ ਤੇ ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਅਕਾਲੀ ਦਲ ਬਾਦਲ ਤੇ ਕਾਂਗਰਸ ਦੀ ਸਖ਼ਤ ਨਿਖੇਧੀ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਵੱਲੋਂ ਰੇਲਵੇ ਟਰੈਕ ਬਸਤੀ ਟੈਂਕਾਂ ਵਾਲੀ (ਫ਼ਿਰੋਜ਼ਪੁਰ) ਉੱਤੇ ਲੱਗੇ ਪੱਕੇ ਮੋਰਚੇ ਦੇ 9ਵੇਂ ਦਿਨ ਪੂਰੇ ਰੋਹ ਨਾਲ ਸ਼ਮੂਲੀਅਤ ਕੀਤੀ ਤੇ ਅੰਦੋਲਨਕਾਰੀਆਂ ਵੱਲੋਂ ਰੇਲਵੇ ਲਾਈਨਾਂ ਉੱਤੇ ਕਾਲੇ ਚੋਲੇ ਪਾ ਕੇ ਭਾਜਪਾ ਅਕਾਲੀ ਦਲ ਤੇ ਕਾਂਗਰਸ ਦੇ ਪੁਤਲੇ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਤੇ ਇਨ੍ਹਾਂ ਰਾਜਨੀਤਕ ਪਾਰਟੀਆਂ ਉਤੇ ਕਿਸਾਨ ਮਜ਼ਦੂਰ ਸੰਘਰਸ਼ ਨੂੰ ਤਾਰਪੀਡੋ ਕਰਨ ਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤਣ ਦਾ ਦੋਸ਼ ਲਾਇਆ।
ਵਿਸ਼ਾਲ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਰਣਬੀਰ ਸਿੰਘ ਠੱਠਾ, ਰਸ਼ਪਾਲ ਸਿੰਘ ਗੱਟਾ ਬਾਦਸਾਹ ਤੇ ਨਰਿੰਦਰਪਾਲ ਸਿੰਘ ਜਤਾਲਾ ਨੇ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਤੇ ਅਕਾਲੀ ਦਲ ਬਾਦਲ ਦੇ ਕਿਸਾਨ ਮਾਰਚ ਨੂੰ ਅਡਾਨੀਆਂ ਤੇ ਅੰਬਾਨੀਆਂ ਦੇ ਹੱਕ ਵਿੱਚ ਭੁਗਤਣ ਤੇ ਕਿਸਾਨਾਂ ਦੇ ਸੰਘਰਸ਼ ਮੱਠਾ ਪਾਉਣ ਦੀ ਚਾਲ ਦੱਸਦਿਆਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਰਪੋਰੇਟਾਂ ਦੇ ਏਜੰਟ ਭਾਜਪਾ, ਅਕਾਲੀ ਦਲ ਬਾਦਲ ਤੇ ਕਾਂਗਰਸ ਨੂੰ ਮੂੰਹ ਨਾਂਹ ਲਾਇਆ ਜਾਵੇ, ਇਹ ਸਿਰਫ਼ ਕਿਸਾਨ ਮਜ਼ਦੂਰ ਵੋਟ ਨੂੰ ਕੈਸ਼ ਕਰਨ ਲਈ ਤਰਲੋ ਮੱਛੀ ਹੋ ਰਹੇ ਹਨ ਤੇ ਭਿ੍ਸ਼ਟ ਦਲਾਂ ਦਾ ਕਿਸਾਨਾਂ ਮਜ਼ਦੂਰਾਂ ਦੇ ਹਕੀਕੀ ਮਸਲਿਆਂ ਨਾਲ ਦੂਰ ਦਾ ਵਾਸਤਾ ਵੀ ਨਹੀਂ ਹੈ।
ਕਿਸਾਨ ਆਗੂਆਂ ਨੇ ਅਕਤੂਬਰ ਮਹੀਨੇ ਨੂੰ ਸਾਂਝੇ ਸੰਘਰਸ਼ਾਂ ਦੇ ਨਾਮ ਕਰਦਿਆਂ 31 ਕਿਸਾਨ ਜਥੇਬੰਦੀਆਂ ਵੱਲੋਂ ਲੜੇ ਜਾ ਰਹੇ ਸੰਘਰਸ਼ ਦਾ ਪੂਰਾ ਸਮਰਥਨ ਕੀਤਾ ਤੇ ਅੰਬਾਨੀਆਂ ਤੇ ਅੰਡਾਨੀਆਂ ਤੇ ਕਾਰਪੋਰੇਟ ਘਰਾਣਿਆਂ ਦੇ ਬਣੇ ਉਤਪਾਦਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਪੰਜਾਬ ਤੇ ਦੇਸ਼ ਵਾਸੀਆਂ ਨੂੰ ਸੱਦਾ ਤੇ ਜ਼ੋਰਦਾਰ ਮੰਗ ਕੀਤੀ ਕਿ ਉਕਤ ਤਿੰਨੇ ਖੇਤੀ ਆਰਡੀਨੈਂਸ ਤੁਰੰਤ ਰੱਦ ਕੀਤੇ ਜਾਣ,ਕਾਰਪੋਰੇਟਸ ਨਾਲ ਸਾਰੇ ਸਮਝੌਤੇ ਰੱਦ ਕੀਤੇ ਜਾਣ। ਪੰਜਾਬ ਸਰਕਾਰ ਵਿਧਾਨ ਸਭਾ ਦਾ ਇਜਲਾਸ ਸੱਦਣ ਦੀ ਤਰੀਕ ਦਾ ਐਲਾਨ ਕਰੇ ਤੇ ਕਾਨੂੰਨ ਬਣਾ ਕੇ ਉਕਤ ਆਰਡੀਨੈਂਸ ਰੱਦ ਕੀਤੇ ਜਾਣ, ਪਰਾਲੀ ਦੀ ਸਾਂਭ-ਸੰਭਾਲ ਲਈ 6 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।
ਇਸ ਮੌਕੇ ਖਿਲਾਰਾ ਸਿੰਘ ਪੰਨੂ,ਬਲਰਾਜ ਸਿੰਘ ਫੇਰੋਕੇ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਗੁਰਨਾਮ ਸਿੰਘ ਝੁਗੀਆਂ, ਗੁਰਦਿਆਲ ਸਿੰਘ ਟਿੱਬੀ ਕਲਾ, ਮੰਗਲ ਸਿੰਘ ਸਵਾਈਕੇ, ਬੂਟਾ ਸਿੰਘ ਕਰੀਆਂ, ਸੁਖਵਿੰਦਰ ਸਿੰਘ ਭੱਪਾ, ਗੁਰਮੇਲ ਸਿੰਘ ਫੱਤੇਵਾਲਾ, ਰਣਜੀਤ ਸਿੰਘ ਖੱਚਰਵਾਲਾ, ਬਚਿੱਤਰ ਸਿੰਘ ਕੁਤਬਦੀਨ, ਹਰਫੂਲ ਸਿੰਘ ਦੂਲੇਵਾਲਾ, ਐਡਵੋਕੇਟ ਮਨਜਿੰਦਰ ਸਿੰਘ ਭੁੱਲਰ, ਹਰਪਾਲ ਸਿੰਘ ਸਿੱਧਵਾਂ ਆਦਿ ਨੇ ਵੀ ਸੰਬੋਧਨ ਕੀਤਾ।