ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਮੋਦੀ ਸਰਕਾਰ ਦੇ ਪੁਤਲੇ ਫੂਕ ਕੇ ਬਿਜਲੀ ਬਿੱਲ 2022 ਵਾਪਸ ਲੈਣ ਦੀ ਕੀਤੀ ਜ਼ੋਰਦਾਰ ਮੰਗ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਮੋਦੀ ਸਰਕਾਰ ਦੇ ਪੁਤਲੇ ਫੂਕ ਕੇ ਬਿਜਲੀ ਬਿੱਲ 2022 ਵਾਪਸ ਲੈਣ ਦੀ ਕੀਤੀ ਜ਼ੋਰਦਾਰ ਮੰਗ
ਫਿਰੋਜ਼ਪੁਰ, 21.9.2022: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਜ਼ੋਨਾਂ ਜਿਵੇਂ ਮੱਖੂ, ਮੱਲਾਂਵਾਲਾ, ਜ਼ੀਰਾ, ਬਾਬਾ ਗਾਂਧਾ ਸਿੰਘ, ਬਾਬਾ ਰਾਮ ਲਾਲ ਜੀ, ਫਿਰੋਜ਼ਪੁਰ-1, ਝੋਕ ਟਹਿਲ ਸਿੰਘ, ਮਮਦੋਟ, ਸ਼ਹੀਦ ਭਗਤ ਸਿੰਘ, ਗੁਰੂ ਹਰਸਹਾਏ, ਤਲਵੰਡੀ ਭਾਈ ਤੇ ਆਰਿਫਕੇ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਵੱਖ ਵੱਖ ਦਾਣਾ ਮੰਡੀਆਂ ਵਿੱਚ ਮਾਰਕੀਟ ਕਮੇਟੀਆਂ ਦੇ ਸੈਕਟਰੀਆਂ ਨਾਲ ਮੀਟਿੰਗ ਕਰਕੇ ਮੰਡੀਆਂ ਵਿੱਚ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਵੇਚਣ ਵੇਲੇ ਆਉਂਦੀਆਂ ਮੁਸ਼ਕਲਾਂ ਸੰਬੰਧੀ ਮੰਗ ਪੱਤਰ ਦਿੱਤੇ। ਇਸ ਬਾਰੇ ਲਿਖਤੀ ਪ੍ਰੈੱਸ ਨੋਟ ਰਾਹੀਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਜ਼ਿਲ੍ਹਾ ਸਕੱਤਰ ਰਣਬੀਰ ਸਿੰਘ ਰਾਣਾ ਤੇ ਪ੍ਰੈੱਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨੇ ਦੱਸਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਫਸਲ ਸਮੇਤ ਹੋਰ ਫ਼ਸਲਾਂ ਦੀ ਖ਼ਰੀਦ ਸਮੇਂ ਜਮ੍ਹਾਂਬੰਦੀਆਂ ਲੈਣ ਦੀ ਸ਼ਰਤ ਹਟਾਉਣ, ਪ੍ਰਤੀ ਏਕੜ 23 ਕੁਇੰਟਲ ਤੱਕ ਝੋਨਾ ਖ਼ਰੀਦਣ, ਫ਼ਸਲ ਦੀ ਅਦਾਇਗੀ 24 ਘੰਟੇ ਵਿਚ ਕਿਸਾਨਾਂ ਨੂੰ ਦੇਣ, ਝੋਨੇ ਦੀ ਨਮੀ 24% ਕਰਨ, ਮੰਡੀਆਂ ਵਿੱਚ ਕਿਸਾਨਾਂ ਦੇ ਬੈਠਣ ਦੇ, ਪਾਣੀ ਦੇ ਪ੍ਰਬੰਧ, ਮਾਰਕੀਟ ਕਮੇਟੀ ਵਿੱਚ ਮੁਲਾਜ਼ਮਾਂ ਦੀ ਭਰਤੀ ਕਰਨ, ਵੱਧ ਫ਼ਸਲ ਤੋਲਣ ਵਾਲੇ ਆੜ੍ਹਤੀਆਂ ਦੇ ਲਾਇਸੈਂਸ ਰੱਦ ਕਰਨ, ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਕਿਸਾਨਾਂ ਨੂੰ 90% ਸਬਸਿਡੀ ਤੇ ਸੰਦ ਮੁਹੱਈਆ ਕਰਾਉਣ ਆਦਿ ਮੰਗਾਂ ਸਬੰਧੀ ਮੰਗ ਪੱਤਰ ਦੇਣ ਮਗਰੋਂ ਕਿਸਾਨਾਂ ਮਜ਼ਦੂਰਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਡਿਸਟ੍ਰੀਬਿਊਟ ਇਲੈਕਟ੍ਰਸਿਟੀ ਬਿੱਲ 2022 ਦਾ ਨੋਟੀਫਿਕੇਸ਼ਨ ਕਰਨ ਦੇ ਵਿਰੋਧ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕਦਿਆਂ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਬਿੱਲ ਰੱਦ ਕਰਨ ਦੀ ਮੰਗ ਕੀਤੀ ਤੇ ਬਿੱਲ ਰੱਦ ਨਾ ਹੋਣ ਦੀ ਸੂਰਤ ਵਿੱਚ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਬਿਜਲੀ ਬਿੱਲ 2022 ਨਾਲ ਬਿਜਲੀ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਚਲੀ ਜਾਵੇਗੀ, ਜੋ ਕਿ ਪਹਿਲਾਂ ਹੀ ਵੱਧ ਰੇਟ ਹੋਣ ਕਰਕੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ। ਜਿਸ ਨੂੰ ਦੇਸ਼ ਤੇ ਪੰਜਾਬ ਭਰ ਦੇ ਕਿਸਾਨ ਮਜ਼ਦੂਰ ਅਤੇ ਆਮ ਵਰਗ ਕਦੇ ਵੀ ਮਨਜ਼ੂਰ ਨਹੀਂ ਕਰਨਗੇ। ਇਸ ਮੌਕੇ ਧਰਮ ਸਿੰਘ ਸਿੱਧੂ,ਨਰਿੰਦਰਪਾਲ ਸਿੰਘ ਜਤਾਲਾ, ਬੂਟਾ ਸਿੰਘ ਕਰੀਕਲਾਂ, ਗੁਰਬਖਸ਼ ਸਿੰਘ ਪੰਜਗਰਾਈਂ, ਵੀਰ ਸਿੰਘ ਨਿਜਾਮਦੀਨ ਵਾਲਾ, ਅਮਨਦੀਪ ਸਿੰਘ ਕੱਚਰਭੰਨ, ਸੁਖਵੰਤ ਸਿੰਘ ਲੋਹੁਕਾ, ਰਛਪਾਲ ਸਿੰਘ ਗੱਟਾਬਾਦਸ਼ਾਹ,ਰਣਜੀਤ ਸਿੰਘ ਖੱਚਰ ਵਾਲਾ, ਖਿਲਾਰਾ ਸਿੰਘ ਆਸਲ, ਸੁਰਜੀਤ ਸਿੰਘ ਫੌਜੀ, ਹਰਫੂਲ ਸਿੰਘ ਦੂਲੇਵਾਲਾ, ਬਲਰਾਜ ਸਿੰਘ ਫੇਰੋਕੇ, ਮੱਖਣ ਸਿੰਘ ਵਾੜਾ ਜਵਾਹਰ ਸਿੰਘ ਵਾਲਾ ਆਦਿ ਆਗੂ ਮੌਜੂਦ ਸਨ.