ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਕਰੋਨਾ ਦੀ ਆੜ ਹੇਠ ਬੰਦ ਕੀਤੇ ਸਕੂਲਾਂ, ਕਾਲਜਾਂ ਨੂੰ ਤੁਰੰਤ ਖੋਲ੍ਹਣ ਦੀ ਮੰਗ
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਕਰੋਨਾ ਦੀ ਆੜ ਹੇਠ ਬੰਦ ਕੀਤੇ ਸਕੂਲਾਂ, ਕਾਲਜਾਂ ਨੂੰ ਤੁਰੰਤ ਖੋਲ੍ਹਣ ਦੀ ਮੰਗ ਤੇ ਜ਼ਿਲ੍ਹੇ ਦੀਆਂ ਜੋਨ ਟੀਮਾਂ D.C. ਤੇ S.D.M. ਨੂੰ ਦੇਣਗੇ ਮੰਗ ਪੱਤਰ ਤੇ ਸਬੰਧਤ ਦਫਤਰਾਂ ਅੱਗੇ ਧਰਨੇ ਦੇਣ ਦੀ ਉਲੀਕਣਗੇ ਰੂਪ ਰੇਖਾ।
Ferozepur, 4.2.2022: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਸੂਬਾ ਕਮੇਟੀ ਮੈਂਬਰ ਰਣਬੀਰ ਸਿੰਘ ਠੱਠਾ ਤੇ ਪ੍ਰੈੱਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਸਾਂਝੇ ਲਿਖਤੀ ਪ੍ਰੈੱਸ ਬਿਆਨ ਰਾਹੀਂ ਪ੍ਰੈੱਸ ਨੂੰ ਦੱਸਿਆ ਕਿ W.H.O. ਵੱਲੋਂ ਸਾਮਰਾਜ ਕੰਪਨੀਆਂ ਨੂੰ ਖਰਬਾਂ ਰੁਪਏ ਦੇ ਫ਼ਾਇਦੇ ਪੁਚਾਉਣ ਲਈ ਕੋਰੋਨਾ ਵਰਗੀ ਆਮ ਬੀਮਾਰੀ ਨੂੰ ਮਹਾਂਮਾਰੀ ਦਾ ਰੂਪ ਦੇ ਕੇ ਦੁਨੀਆ ਦੇ ਲੋਕਾਂ ਨੂੰ ਸਦਮੇ ਵਿੱਚ ਪਾਉਣ ਤੇ ਡਰਾਉਣ ਧਮਕਾਉਣ ਦੀ ਸਾਜ਼ਿਸ਼ ਨੀਤੀ ਲਾਗੂ ਕੀਤੀ ਹੈ। ਜਿਸ ਤਹਿਤ ਭਾਰਤ ਦੇ ਗੋਡੇ ਟੇਕ ਕੇ ਹਾਕਮਾਂ ਨੇ ਲੋਕਾਂ ਦੇ ਕਾਰੋਬਾਰ ਤਬਾਹ ਕਰਕੇ 12 ਕਰੋਡ਼ ਲੋਕਾਂ ਦੇ ਰੁਜ਼ਗਾਰ ਖ਼ਤਮ ਕੀਤੇ ਤੇ ਦੂਜੇ ਪਾਸੇ ਕਾਰਪੋਰੇਟ ਕੰਪਨੀਆਂ ਦੇ 111ਲੱਖ ਕਰੋੜ ਦੇ ਮੁਨਾਫੇ ਇਸ ਦੌਰ ਵਿੱਚ ਵਧੇ ਹਨ। ਪੰਜਾਬ ਸਰਕਾਰ ਵੱਲੋਂ ਲਗਾਤਾਰ ਸਕੂਲ ਤੇ ਕਾਲਜ ਬੰਦ ਰੱਖੇ ਜਾ ਰਹੇ ਜਦੋਂ ਕਿ ਚੋਣਾਂ ਵਿੱਚ ਵੱਡੀਆਂ ਰੈਲੀਆਂ ਹੋ ਰਹੀਆਂ ਹਨ । ਸ਼ਰਾਬ ਦੇ ਠੇਕੇ, ਮਾਲਜ, ਸ਼ਾਦੀਆਂ ਆਦਿ ਉੱਤੇ ਕੋਈ ਰੋਕ ਨਹੀਂ ਹੈ । ਕਿਸਾਨ ਆਗੂਆਂ ਨੇ ਪੰਜਾਬ ਵਿਚ ਤੁਰੰਤ ਸਕੂਲ, ਕਾਲਜ ਖੋਲ੍ਹਣ ਦੀ ਮੰਗ ਕਰਦਿਆਂ ਕਿਹਾ ਕਿ ਜਥੇਬੰਦੀ ਦੀਆਂ ਜ਼ਿਲ੍ਹਾ ਤੇ ਜ਼ੋਨ ਇਕਾਈਆਂ D.C. ਤੇ S.D.M. ਨੂੰ ਮੰਗ ਪੱਤਰ ਦੇਣਗੀਆਂ ਤੇ ਸਬੰਧਤ ਦਫਤਰਾਂ ਅੱਗੇ ਧਰਨੇ ਲਾਉਣ ਦੀ ਰੂਪ ਰੇਖਾ ਉਲੀਕਣਗੇ।
ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਦਾ ਭਵਿੱਖ ਤਬਾਹ ਕਰ ਰਹੀ ਹੈ। ਆਨਲਾਈਨ ਪੜ੍ਹਾਈ ਇਸ ਦਾ ਕੋਈ ਹੱਲ ਨਹੀਂ ਹੈ ਤੇ ਬੱਚੇ ਚਿੜਚਿੜੇ ਹੋ ਰਹੇ ਹਨ, ਗਰੀਬ ਪਾਸ ਮੁਤਾਬਕ ਵੀ ਨਹੀਂ ਹਨ ਤੇ ਬੱਚੇ ਘਰ ਬੈਠੇ ਹਨ ਤੇ ਵੱਡੀਆਂ ਫੀਸਾਂ ਸਕੂਲ, ਕਾਲਜ ਡੰਡੇ ਨਾਲ ਉਗਰਾਹ ਰਹੇ ਹਨ।
ਕਿਸਾਨ ਆਗੂਆ ਨੇ ਕੈਨੇਡਾ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਜਿਵੇਂ ਰਾਸ਼ਟਰਪਤੀ ਟਰੂਡੋ ਨੂੰ ਲੋਕ ਵਿਦਰੋਹ ਅੱਗੇ ਘਰ ਛੱਡ ਕੇ ਭੱਜਣਾ ਪਿਆ ਹੈ। ਉਸੇ ਤਰ੍ਹਾਂ ਇੱਥੇ ਵੀ ਦੁੱਖੀ ਬੱਚਿਆਂ ਦੇ ਮਾਪੇ ਤੁਹਾਨੂੰ ਘਰਾਂ ਵਿੱਚ ਬੰਦ ਕਰ ਦੇਣਗੇ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸਾਰੇ ਨਿੱਜੀ ਸਕੂਲ ਸਰਕਾਰੀ ਕੀਤੇ ਜਾਣ ਤੇ ਪਹਿਲੀ ਤੋਂ ਉੱਚ ਵਿੱਦਿਆ ਤਕ ਮੁਫ਼ਤ ਪੜ੍ਹਾਈ ਕਰਵਾਈ ਜਾਵੇ।