ਕਾਊਂਟਿੰਗ ਸੈਂਟਰਾਂ ਤੇ 3 ਟੀਯਰ ਸਕਿਉਰਿਟੀ, ਕੇਂਦਰੀ ਬਲਾਂ ਤੇ ਸੀ.ਸੀ.ਟੀ.ਵੀ ਕੈਮਰਿਆਂ ਦੀ ਨਿਗਰਾਨੀ – ਡੀ.ਸੀ
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਚੰਦਰ ਗੈਂਦ ਨੇ ਵੋਟਾਂ ਦੀ ਗਿਣਤੀ ਨਾਲ ਸਬੰਧਿਤ ਪ੍ਰਬੰਧਾਂ ਦਾ ਲਿਆ ਜਾਇਜ਼ਾ, ਉਮੀਦਵਾਰਾਂ ਦੀ ਮੌਜੂਦਗੀ ਵਿਚ ਮਤਦਾਨ ਨਾਲ ਸਬੰਧਿਤ ਦਸਤਾਵੇਜ਼ਾਂ ਦੀ ਹੋਈ ਜਾਂਚ
ਚੋਣ ਪ੍ਰਕ੍ਰਿਆ ਵਿਚ 11,66,747 ਵੋਟਰ ਹੋਏ ਸ਼ਾਮਲ, ਜਿਨ੍ਹਾਂ ਵਿਚੋਂ 6,25,898 ਮਰਦ ਅਤੇ 5,40,840 ਮਹਿਲਾ ਵੋਟਰਾਂ ਨੇ ਪਾਈ ਵੋਟ, 9 ਥਰਡ ਜੈਂਡਰਾਂ ਨੇ ਵੀ ਪਾਈ ਵੋਟ
ਫਿਰੋਜ਼ਪੁਰ 20 ਮਈ 2019 ( ) ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਚੰਦਰ ਗੈਂਦ ਨੇ ਸੋਮਵਾਰ ਨੂੰ ਦੇਵਰਾਜ ਕਾਲਜ ਸਥਿਤ ਕਾਊਂਟਿੰਗ ਸੈਂਟਰ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਜਨਰਲ ਅਬਜ਼ਰਵਰ ਮਸ਼ੀਰ ਆਲਮ, ਐਸ.ਡੀ.ਐਮ ਅਮਿੱਤ ਗੁਪਤਾ ਵੀ ਹਾਜ਼ਰ ਸਨ।
ਸਟਰਾਂਗ ਰੂਮ ਦਾ ਦੌਰਾ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੱਥੇ 3 ਟੀਯਰ ਸਕਿਉਰਿਟੀ ਦਾ ਇੰਤਜ਼ਾਮ ਕੀਤਾ ਗਿਆ ਹੈ। ਸਟਰਾਂਗ ਰੂਮ ਦੇ ਬਾਹਰ ਸੀ.ਏ.ਪੀ.ਐਫ ਕੇਂਦਰੀ ਬਲਾਂ ਅਤੇ ਪੰਜਾਬ ਪੁਲਿਸ ਦੀ ਫੋਰਸ ਤੈਨਾਤ ਕੀਤੀ ਗਈ ਹੈ। ਇਸ ਤੋਂ ਇਲਾਵਾ ਸਟਰਾਂਗ ਰੂਮ ਦੇ ਆਲ਼ੇ ਦੁਆਲੇ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ, ਜਿਸ ਦੁਆਰਾ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 23 ਮਈ ਨੂੰ ਸਵੇਰੇ 8.00 ਵਜੇ ਸ਼ੁਰੂ ਹੋਵੇਗੀ ਅਤੇ ਇੱਥੇ ਫਿਰੋਜ਼ਪੁਰ ਸ਼ਹਿਰੀ, ਫਿਰੋਜ਼ਪੁਰ ਦਿਹਾਤੀ, ਗੁਰੂਹਰਸਹਾਏ ਅਤੇ ਜ਼ੀਰਾ ਵਿਧਾਨ ਸਭਾ ਹਲਕਿਆਂ ਦੇ ਵੋਟਾਂ ਦੀ ਗਿਣਤੀ ਹੋਵੇਗੀ। ਸ਼੍ਰੀ ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ ਜ਼ਿਲ੍ਹਿਆਂ ਨਾਲ ਸਬੰਧਿਤ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਉਨ੍ਹਾਂ ਦੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਕਰਵਾਈ ਜਾਵੇਗੀ। ਫਿਰੋਜ਼ਪੁਰ ਸੰਸਦੀ ਖੇਤਰ ਦੇ ਸਾਰੇ 9 ਹਲਕਿਆਂ ਦਾ ਨਤੀਜਾ ਕੰਪਾਈਲ ਕਰਨ ਤੋਂ ਬਾਅਦ ਨਤੀਜਾ ਘੋਸ਼ਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਵਿਚ ਚੋਣਾਂ ਸ਼ਾਂਤੀਪੂਰਵਕ ਸੰਪੰਨ ਹੋਈਆਂ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਘਟਨਾ ਨਹੀਂ ਹੋਈ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ 72 ਫ਼ੀਸਦੀ ਤੋਂ ਜ਼ਿਆਦਾ ਵੋਟਾਂ ਪਈਆਂ ਹਨ, ਜਿਸ ਲਈ ਹਲਕੇ ਦੇ ਵੋਟਰ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾ ਵੋਟਿੰਗ ਕਾਰਨ ਫਿਰੋਜ਼ਪੁਰ ਵੱਧ ਵੋਟਿੰਗ ਪ੍ਰਤੀਸ਼ਤ ਵਾਲੇ ਕੁੱਝ ਜ਼ਿਲ੍ਹਿਆਂ ਵਿਚ ਸ਼ਾਮਲ ਹੋਇਆ ਹੈ । ਡਿਪਟੀ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਨੇ ਕਾਊਂਟਿੰਗ ਨਾਲ ਸਬੰਧਿਤ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਸੰਤੁਸ਼ਟੀ ਜਤਾਈ। ਇਸ ਤੋਂ ਪਹਿਲਾਂ ਜਨਰਲ ਆਬਜ਼ਰਵਰ ਮਸ਼ੀਰ ਆਲਮ ਨੇ ਚੋਣ ਪ੍ਰਕ੍ਰਿਆ ਨਾਲ ਸਬੰਧਿਤ ਦਸਤਾਵੇਜ਼ਾਂ ਦੀ ਜਾਂਚ ਕੀਤੀ।
ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦੱਸਿਆ ਕਿ ਲੋਕ-ਸਭਾ ਹਲਕੇ ਵਿਚ ਕੁੱਲ 11,66,747 ਵੋਟਰਾਂ ਨੇ ਮਤਦਾਨ ਕੀਤਾ ਹੈ। ਇਨ੍ਹਾਂ ਵਿਚੋਂ 6,25,898 ਮਰਦ ਅਤੇ 5,40,840 ਮਹਿਲਾ ਵੋਟਰ ਸ਼ਾਮਲ ਹਨ। ਇਸ ਤੋਂ ਇਲਾਵਾ ਥਰਡ ਜੈਂਡਰ ਨਾਲ ਸਬੰਧਿਤ 9 ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਹੈ। ਪਹਿਲੀ ਵਾਰ ਵੋਟ ਪਾਉਣ ਵਾਲੇ 17,287 ਨੌਜਵਾਨਾਂ ਨੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਇਸੇ ਤਰ੍ਹਾਂ ਦਿਵਯਾਂਗ ਵੋਟਰਾਂ (ਪੀਡਬਲਯੂਡੀ) ਕੈਟਾਗਰੀ ਦੇ ਤਹਿਤ ਕੁਲ 1885 ਵੋਟਰਾਂ ਨੇ ਵੋਟ ਪਾਈ। ਡਿਪਟੀ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਨੇ ਦੱਸਿਆ ਕਿ ਵੋਟਰਾਂ ਦੀ ਦੀ ਸੁਵਿਧਾ ਲਈ 12 ਵੱਧ ਦਸਤਾਵੇਜ਼ਾਂ ਨੂੰ ਮਾਨਤਾ ਦਿੱਤੀ ਗਈ ਸੀ, ਜਿਸ ਤਹਿਤ ਜਿਨ੍ਹਾਂ ਵੋਟਰਾਂ ਦੇ ਵੋਟਰ ਆਈ.ਡੀ ਕਾਰਡ ਨਹੀਂ ਸਨ, ਉਹ ਇਨ੍ਹਾਂ ਵਿਚੋਂ ਕਿਸੇ ਇੱਕ ਨੂੰ ਵਿਖਾ ਕੇ ਵੋਟ ਪਾ ਸਕਦੇ ਸਨ। ਇਸ ਸੁਵਿਧਾ ਦਾ ਫ਼ਾਇਦਾ ਲੈਂਦੇ ਹੋਏ ਕੁਲ 3,14,783 ਵੋਟਰਾਂ ਨੇ ਇਨ੍ਹਾਂ ਦਸਤਾਵੇਜ਼ਾਂ ਦਾ ਇਸਤੇਮਾਲ ਕਰਕੇ ਵੋਟ ਪਾਈ, ਜਦਕਿ 8,51,964 ਵੋਟਰਾਂ ਨੇ ਵੋਟਰ ਆਈ.ਡੀ ਦਾ ਇਸਤੇਮਾਲ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ ਵਿਖੇ 1,15,056 ਵੋਟਰਾਂ ਨੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਜਿਨ੍ਹਾਂ ਵਿਚੋਂ 62056 ਮਰਦ ਅਤੇ 5299 ਮਹਿਲਾ ਵੋਟਰ ਸਨ। ਫਿਰੋਜ਼ਪੁਰ ਦਿਹਾਤੀ ਵਿਚ ਕੁਲ 1,37,124 ਵੋਟਰਾਂ (73066 ਮਰਦ ਅਤੇ 64058 ਮਹਿਲਾ), ਗੁਰੂਹਰਸਹਾਏ ਵਿਚ ਕੁੱਲ 1,27,249 (67083 ਮਰਦ ਅਤੇ 60163 ਮਹਿਲਾ), ਜਲਾਲਾਬਾਦ ਹਲਕੇ ਵਿਚ ਕੁੱਲ 1,59,169 (84182 ਮਰਦ ਅਤੇ 74984 ਮਹਿਲਾ), ਫ਼ਾਜ਼ਿਲਕਾ ਵਿਖੇ 1,34,744 ਵੋਟਰ (71772 ਮਰਦ ਅਤੇ 62971 ਮਹਿਲਾ), ਅਬੋਹਰ ਵਿਖੇ ਕੁਲ 1,19,501 (64,796 ਮਰਦ ਅਤੇ 54,705 ਮਹਿਲਾ), ਬੱਲੂਆਣਾ ਵਿਖੇ ਕੁੱਲ 1,29,124 (70121 ਮਰਦ ਅਤੇ 59003 ਮਹਿਲਾ), ਮਲੋਟ ਵਿਖੇ ਕੁੱਲ 1,19,311 (64915 ਮਰਦ ਅਤੇ 54395 ਮਹਿਲਾ) ਅਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੁੱਲ 1,25,469 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਜਿਨ੍ਹਾਂ ਵਿਚੋਂ 67097 ਮਰਦ ਅਤੇ 57,562 ਮਹਿਲਾ ਵੋਟਰ ਸ਼ਾਮਲ ਸਨ।