ਆਜ਼ਾਦੀ ਦੇ ਗੁੰਮਨਾਮ ਯੋਧਿਆਂ ਨੂੰ ਯਾਦ ਕਰਨਾ ਅਤੇ ਆਉਣੀ ਵਾਲੀ ਪੀੜ੍ਹੀ ਨੂੰ ਜਾਣੂ ਕਰਵਾਉਣਾ ਇਕ ਅਹਿਮ ਉਪਰਾਲਾ: ਰਣਬੀਰ ਭੁੱਲਰ
ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਵਿਖੇ ਦੋ ਰੋਜ਼ਾ ਨੈਸ਼ਨਲ ਸੈਮੀਨਾਰ ਦਾ ਆਯੋਜਨ
ਫਿਰੋਜ਼ਪੁਰ, 4 ਨਵੰਬਰ, 2022:
ਇੱਥੋਂ ਦੇ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਵਿਖੇ ਦੋ ਰੋਜ਼ਾ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਅਤੇ ਆਜ਼ਾਦੀ ਦੇ ਅਣਗੌਲੇ ਹੀਰੋ ਸਬੰਧੀ ਦੋ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਸੈਮੀਨਾਰ ਵਿੱਚ ਐਮ. ਐਲ. ਏ. ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਸਮਾਗਮ ਚੇਅਰਮੈਨ ਸ੍ਰੀ ਨਿਰਮਲ ਸਿੰਘ ਢਿੱਲੋਂ, ਸੈਕਟਰੀ ਡਾ. ਅਗਨੀਜ਼ ਢਿਲੋਂ ਅਤੇ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ।
ਵਿਧਾਇਕ ਸ. ਰਣਬੀਰ ਭੁੱਲਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਸੈਮੀਨਾਰ ਆਜ਼ਾਦੀ ਦੇ ਗੁਮਨਾਮ ਯੋਧਿਆਂ ਨੂੰ ਯਾਦ ਕਰਨ ਦਾ ਇਕ ਯਤਨ ਹੈ ਤਾਂ ਕਿ ਨੌਜਵਾਨਾਂ ਤੇ ਆਉਣ ਵਾਲੀ ਪੀੜ੍ਹੀ ਨੂੰ ਆਜ਼ਾਦੀ ਦੇ ਇਨ੍ਹਾਂ ਨਾਇਕਾਂ ਤੇ ਉਨ੍ਹਾਂ ਦੇ ਤਿਆਗ ਤੇ ਬਲਿਦਾਨ ਬਾਰੇ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਅੱਜ ਅਸੀਂ ਜਿਸ ਆਜ਼ਾਦੀ ਦਾ ਅਨੰਦ ਮਾਣ ਰਹੇ ਹਾਂ ਇਹ ਆਜ਼ਾਦੀ ਸਾਨੂੰ ਇਨ੍ਹਾਂ ਵੱਲੋਂ ਦਿੱਤੇ ਗਏ ਬਲਿਦਾਨ ਸਦਕਾ ਹੀ ਪ੍ਰਾਪਤ ਹੋ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਵਿੱਚ ਕਈ ਸੂਰਮਿਆਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ ਜਿਨ੍ਹਾਂ ਬਾਰੇ ਦੁਨੀਆਂ ਨੂੰ ਪਤਾ ਵੀ ਨਹੀਂ ਹੈ। ਇਹ ਸਮਾਗਮ ਉਨ੍ਹਾਂ ਸੂਰਮਿਆਂ ਬਾਰੇ ਅਜੋਕੀ ਪੀੜ੍ਹੀ ਨੂੰ ਜਾਣੂ ਕਰਵਾਉਣ ਲਈ ਇਕ ਨਿਮਾਣਾ ਯਤਨ ਹੈ।
ਇਸ ਦੋ ਰੋਜ਼ਾ ਸੈਮੀਨਾਰ ਵਿੱਚ ਮੁੱਖ ਬੁਲਾਰੇ ਦੀ ਭੂਮਿਕਾ ਡਾ. ਜਤਿੰਦਰ ਗਰੋਵਰ (ਵਿਭਾਗ ਐਜੂਕੇਸ਼ਨ, ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ) ਵਜੋਂ ਕੀਤੀ ਗਈ। ਡਾ. ਪਰਵੀਨ ਸੇਰੋਂ (ਕੋਆਰਡੀਨੇਟਰ ਵਿਭਾਗ ਪੰਜਾਬੀ, ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ) ਨੇ ਪਹਿਲੇ ਬੁਲਾਰੇ ਵਜੋਂ ਸ਼ਿਰਕਤ ਕੀਤੀ ਅਤੇ ਡਾ. ਜਸਪਾਲ ਸਿੰਘ ਵਰਵਾਲ (ਐਸੋਸੀਏਟ ਪ੍ਰੋਫ਼ੈਸਰ, ਵਿਭਾਗ ਐਜੂਕੇਸ਼ਨ, ਜੰਮੂ ਯੂਨੀਵਰਸਿਟੀ) ਨੇ ਦੂਜੇ ਬੁਲਾਰੇ ਵਜੋਂ ਸ਼ਿਰਕਤ ਕੀਤੀ । ਇਸ ਤੋਂ ਇਲਾਵਾ ਡਾ. ਗੁਰਮੀਤ ਸਿੰਘ (ਐਸੋਸੀਏਟ ਪ੍ਰੋਫੈਸਰ, ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ, ਲੁਧਿਆਣਾ) ਡਾ. ਅਨਵਿੰਦਰ ਪ੍ਰੀਤ ਸਿੰਘ (ਐਸਿਸਟੈਂਟ ਪ੍ਰੋਫੈਸਰ, ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ, ਲੁਧਿਆਣਾ) ਅਤੇ ਡਾ. ਸੁਖਦੇਵ ਸਿੰਘ (ਐਸੋਸੀਏਟ ਪ੍ਰੋਫੈਸਰ, ਮਾਲਵਾ ਸੈਂਟਰ ਕਾਲਜ ਆਫ ਐਜੂਕੇਸ਼ਨ, ਲੁਧਿਆਣਾ) ਮਹਿਮਾਨ ਵਜੋਂ ਸ਼ਿਰਕਤ ਕੀਤੀ । ਬੁਲਾਰਿਆਂ ਨੇ ਸਰੋਤਿਆਂ ਨੂੰ ਆਜ਼ਾਦੀ ਦੇ ਅਣਗੌਲੇ ਘੁਲਾਟੀਆ ਬਾਰੇ ਵੀ ਜਾਣੂ ਕਰਵਾਇਆ। ਅੰਤ ਵਿਚ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਨੇ ਸਭ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ।