ਆਮ ਆਦਮੀ ਕਲੀਨਿਕਾਂ ਵਿੱਚ ਗੁਣਵੱਤਾ ਸੁਧਾਰ ਲਈ ਸਿਹਤ ਸਟਾਫ਼ ਨੂੰ ਵਿਸ਼ੇਸ਼ ਟ੍ਰੇਨਿੰਗ ਕਾਰਵਾਈ
ਆਮ ਆਦਮੀ ਕਲੀਨਿਕਾਂ ਵਿੱਚ ਗੁਣਵੱਤਾ ਸੁਧਾਰ ਲਈ ਸਿਹਤ ਸਟਾਫ਼ ਨੂੰ ਵਿਸ਼ੇਸ਼ ਟ੍ਰੇਨਿੰਗ ਕਾਰਵਾਈ
ਫ਼ਿਰੋਜ਼ਪੁਰ, 15 ਮਾਰਚ 2023( )
ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ. ਰਜਿੰਦਰ ਪਾਲ ਦੀ ਅਗਵਾਈ ਹੇਠ ਆਮ ਆਦਮੀ ਕਲੀਨਿਕਾਂ ਵਿੱਚ ਗੁਣਵੱਤਾ ਸੁਧਾਰ ਲਈ ਸਟਾਫ਼ ਲਈ ਦਫ਼ਤਰ ਸਿਵਲ ਸਰਜਨ ਵਿਖੇ ਵਿਸ਼ੇਸ਼ ਟ੍ਰੇਨਿੰਗ ਆਯੋਜਿਤ ਕੀਤੀ ਗਈ। ਇਸ ਟ੍ਰੇਨਿੰਗ ਵਿੱਚ ਆਮ ਆਦਮੀ ਕਲੀਨਿਕਾਂ ਵਿੱਚ ਕੰਮ ਕਰਦੇ ਮੈਡੀਕਲ ਅਧਿਕਾਰੀਆਂ, ਫਾਰਮਾਸਿਸਟਾਂ ਅਤੇ ਕਲੀਨੀਕਲ ਸਹਾਇਕਾਂ ਨੇ ਸ਼ਮੂਲੀਅਤ ਕੀਤੀ।
ਐਮ.ਡੀ. ਪੰਜਾਬ ਹੈਲਥ ਸਿਸਟਮਜ਼ ਦੁਆਰਾ ਉਲੀਕੇ ਗਏ ਇਸ ਟ੍ਰੇਨਿੰਗ ਪ੍ਰੋਗਰਾਮ ਤਹਿਤ ਸਟੇਟ ਤੋਂ ਨੋਡਲ ਅਧਿਕਾਰੀ ਮਨਜੋਤ ਸਿੰਘ ਵੱਲੋਂ ਪ੍ਰਤੀਭਾਗੀਆਂ ਨੂੰ ਈ-ਔਸ਼ਧੀ ਅਤੇ ਐਚ.ਆਈ.ਐਮ.ਐਸ. ਐਪਲੀਕੇਸ਼ਨ ਸੰਬੰਧੀ ਹੁਨਰ ਸੁਧਾਰ ਟ੍ਰੇਨਿੰਗ ਦਿੱਤੀ ਗਈ ਤਾਂ ਜੋ ਜ਼ਿਲ੍ਹੇ ਅੰਦਰ ਕੰਮ ਕਰਦੇ ਆਮ ਆਦਮੀ ਕਲੀਨਿਕਾਂ ਦਾ ਕੰਮ ਹੋਰ ਸੁਚਾਰੂ ਰੂਪ ਵਿੱਚ ਚਲਾਇਆ ਜਾ ਸਕੇ।
ਇਸ ਮੌਕੇ ਸਿਵਲ ਸਰਜਨ ਡਾ. ਰਜਿੰਦਰ ਪਾਲ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਚੱਲ ਰਹੇ ਆਮ ਆਦਮੀ ਕਲੀਨਿਕਾਂ ਵਿਖੇ ਮੁਫ਼ਤ ਡਾਕਟਰੀ ਸਾਲਾਹ, ਮੁਫ਼ਤ ਟੈਸਟ ਅਤੇ ਦਵਾਈਆਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਆਪਣੇ ਨੇੜੇ ਦੇ ਮੁਹੱਲਾ ਕਲੀਨਿਕ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਹਰੀਸ਼ ਕਟਾਰੀਆ, ਡੀ.ਐਮ.ਈ.ਓ ਦੀਪਕ, ਸੁਖਦੇਵ ਰਾਜ ਅਤੇ ਹੋਰ ਹਾਜ਼ਰ ਸਨ।
—