ਆਪ ਨੂੰ ਹਰਾਉਣ ਲਈ ਅਕਾਲੀ-ਕਾਂਗਰਸੀ ਅੰਦਰ ਖਾਤੇ ਮਿਲੇ ਹੋਏ ਹਨ : ਭਗਵੰਤ ਮਾਨ
ਗੁਰੂਹਰਸਹਾਏ, 10 ਦਸੰਬਰ (ਪਰਮਪਾਲ ਗੁਲਾਟੀ)- ਪੰਜਾਬ ਦੇ ਲੋਕ ਇਸ ਵਾਰ ਆਉਂਦੀਆਂ ਚੋਣਾਂ ‘ਚ ਕਾਂਗਰਸ ਤੇ ਮੋਜੂਦਾ ਪੰਜਾਬ ਦੀ ਸੱਤਾਧਾਰੀ ਪਾਰਟੀ ਅਕਾਲੀ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦੇ ਨਾਲ-ਨਾਲ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਇਤਿਹਾਸ ਸਿਰਜਣਗੇ ਕਿਉਂਕਿ ਇਹਨਾਂ ਦੋਹਾਂ ਪਾਰਟੀਆਂ ਨੇ ਪੰਜਾਬ ਦੇ ਭਲੇ ਦੀ ਕੋਈ ਗੱਲ ਨਹੀਂ ਕੀਤੀ ਤੇ ਹੁਣ ਅੰਦਰ ਖਾਤੇ ਦੋਵੇਂ ਪਾਰਟੀਆਂ ਇਕੱਠੀਆਂ ਹੋ ਕੇ ਆਪ ਨੂੰ ਹਰਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਿਸਨੂੰ ਸਫ਼ਲਤਾ ਕਦੇ ਨਹੀਂ ਮਿਲੇਗੀ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਦਾ ਅੱਜ ਗੁਰੂਹਰਸਹਾਏ ਦੇ ਰਾਮ ਚੌਂਕ ਵਿਖੇ ਪਾਰਟੀ ਉਮੀਦਵਾਰ ਡਾ. ਮਲਕੀਤ ਥਿੰਦ ਦੇ ਹੱਕ ਵਿਚ ਕੀਤੀ ਵਿਸ਼ਾਲ ਰੈਲੀ ਦੌਰਾਨ ਜੁੜੇ ਇਕੱਠ ਨੂੰ ਸੰਬੋਧਨ ਕਰਦਿਆ ਕੀਤਾ।
ਆਪ ਆਗੂ ਭਗਵੰਤ ਮਾਨ ਨੇ ਅਕਾਲੀ-ਭਾਜਪਾ ਨੂੰ ਕਰੜੇ ਹੱਥੀ ਲੈਂਦਿਆ ਉਹਨਾਂ ਦੀ ਸਖ਼ਤ ਆਲੋਚਨਾ ਕੀਤੀ ਅਤੇ ਕਿਹਾ ਕਿ ਨਾਭਾ ਜੇਲ ਕਾਂਡ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ। ਉਹਨਾਂ ਕਿਹਾ ਕਿ ਅੱਜ ਪੰਜਾਬ ਅੰਦਰ ਚਿੱਟੇ ਨਸ਼ੇ ਨੇ ਨੌਜਵਾਨਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ, ਕਿਸਾਨੀ ਖ਼ਤਮ ਹੋ ਰਹੀ ਹੈ ਅਤੇ ਕਿਸਾਨ ਆਤਮ ਹੱਤਿਆ ਕਰ ਰਹੇ ਹਨ। ਐਸ.ਵਾਈ.ਐਲ ਦੇ ਮੁੱਦੇ ‘ਤੇ ਉਹਨਾਂ ਕਿਹਾ ਕਿ ਇਹ ਕਾਂਗਰਸ ਅਤੇ ਅਕਾਲੀ ਦਲ ਦੀ ਸਾਂਝੀ ਦੇਣ ਹੈ ਪਰ ਆਮ ਆਦਮੀ ਪਾਰਟੀ ਪੰਜਾਬ ਦੇ ਪਾਣੀਆਂ ਨੂੰ ਬਾਹਰ ਨਹੀਂ ਜਾਣ ਦੇਵੇਗੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਨੌਜਵਾਨਾਂ ਲਈ 25 ਲੱਖ ਨੌਕਰੀਆਂ, ਕਿਸਾਨਾਂ-ਮਜ਼ਦੂਰਾਂ, ਵਪਾਰੀਆਂ ਲਈ ਨਵੀਂਆਂ ਸਕੀਮਾਂ ਸ਼ਾਮਲ ਕੀਤੀਆਂ ਹਨ ਜਿਨ•ਾਂ ਨੂੰ ਇਨ-ਬਿਨ ਲਾਗੂ ਕੀਤਾ ਜਾਵੇਗਾ। ਸੁਖਬੀਰ ਬਾਦਲ ਨੂੰ ਗੱਪੀ ਕਰਾਰ ਦਿੰਦਿਆ ਭਗਵੰਤ ਮਾਨ ਨੇ ਐਲਾਣ ਕੀਤਾ ਕਿ ਜਲਾਲਾਬਾਦ ਤੋਂ ਇਲਾਵਾ ਜਿੱਥੋਂ ਸੁਖਬੀਰ ਬਾਦਲ ਚੋਣ ਲੜੇਗਾ ਉਥੋਂ ਵੀ ਚੋਣ ਲੜ•ਾਂਗਾ। ਇਸ ਮੌਕੇ ਉਹਨਾਂ ਨੇ ਕਾਂਗਰਸ ਨੂੰ ਵੀ ਕਰੜੇ ਹੱਥੀ ਲੈਂਦਿਆਂ ਪਾਰਟੀ ਨੂੰ ਵੈਂਟੀਲੇਟਰ ‘ਤੇ ਦੱਸਿਆ।
ਇਸ ਮੌਕੇ ਆਮ ਆਦਮੀ ਪਾਰਟੀ ਉਮੀਦਵਾਰ ਡਾ. ਮਲਕੀਤ ਥਿੰਦ ਨੇ ਵੀ ਸੰਬੋਧਨ ਕਰਦਿਆ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਅੱਗੇ ਰੱਖੀਆ ਅਤੇ ਚੋਣਾਂ ਵਿਚ ਸਾਰੀਆਂ ਬਿਰਾਦਰੀਆਂ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਗੁਰਮੀਤ ਸਿੰਘ ਬਰਾੜ, ਕਾਕਾ ਬਰਾੜ ਉਮੀਦਵਾਰ ਮੁਕਤਸਰ, ਸਿਮਰਜੀਤ ਸਿੰਘ ਸਿੱਧੂ ਉਮੀਦਵਾਰ ਫਾਜਿਲਕਾ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਅਨੂ ਬਰਾੜ, ਤਿਲਕ ਰਾਜ ਗੋਲੂ ਕਾ, ਗੁਰਮੀਤ ਸਿੰਘ ਸੋਢੀ, ਮੰਗਤ ਮਹਿਤਾ, ਰਣਜੀਤ ਸਿੰਘ, ਸਾਜਨ ਸੰਧੂ, ਮਨਜੀਤ ਸਿੰਘ, ਪਵਨ ਗੋਲੂਕਾ, ਸ਼ੇਖਰ ਕੰਬੋਜ਼, ਰਾਹੁਲ ਪਿੰਡੀ, ਸਾਧੂ ਸਿੰਘ ਕੋਹਰ ਸਿੰਘ ਵਾਲਾ, ਗੁਰਜੀਤ ਭੁੱਲਰ, ਨਿਰਮਲ ਸਿੱਧੂ, ਕਲਵਿੰਦਰ ਕੰਵਲ ਕਲਾਕਾਰ ਫਰੀਦਕੋਟ ਸਮੇਤ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ। ਇਸ ਉਪਰੰਤ ਵੱਖ-ਵੱਖ ਪਾਰਟੀਆਂ ਤੋਂ ਕਈ ਲੋਕਾਂ ਨੇ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕੀਤੀ।