ਆਜ਼ਾਦੀ ਦਿਵਸ ਮੌਕੇ ਪ੍ਰਦੂਸ਼ਣ ਤੋਂ ਆਜ਼ਾਦੀ ਲੈਣ ਦਾ ਪ੍ਰਣ ਕਰੀਏ – ਪ੍ਰਦੂਸ਼ਣ ਤੋਂ ਆਜ਼ਾਦੀ ਪ੍ਰਾਪਤ ਕਰਨਾ ਸਮੇਂ ਦੀ ਵੱਡੀ ਜ਼ਰੂਰਤ
ਪ੍ਰਦੂਸ਼ਣ ਤੋਂ ਆਜ਼ਾਦੀ ਪ੍ਰਾਪਤ ਕਰਨਾ ਸਮੇਂ ਦੀ ਵੱਡੀ ਜ਼ਰੂਰਤ।
ਆਜ਼ਾਦੀ ਦਿਵਸ ਮੌਕੇ ਪ੍ਰਦੂਸ਼ਣ ਤੋਂ ਆਜ਼ਾਦੀ ਲੈਣ ਦਾ ਪ੍ਰਣ ਕਰੀਏ ।
ਅੰਗਰੇਜ਼ਾਂ ਦੀ 200 ਸਾਲ ਤੋਂ ਵੱਧ ਦੀ ਗੁਲਾਮੀ ਤੋਂ ਨਿਜਾਤ ਪਾਉਣ ਲਈ ਸਾਡੇ ਦੇਸ਼ ਦੇ ਮਹਾਨ ਸੁਤੰਤਰਤਾ ਸੈਨਾਨੀਆਂ ਨੇ ਆਪਣੀਆਂ ਕੀਮਤੀ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ। ਉਨ੍ਹਾਂ ਦਾ ਇੱਕੋ ਇੱਕ ਉਦੇਸ਼ ਸੀ ਕਿ ਦੇਸ਼ ਵਾਸੀ ਆਜ਼ਾਦੀ ਦੀ ਖੁੱਲ੍ਹੀ ਹਵਾ ਵਿੱਚ, ਖੁੱਲ੍ਹ ਕੇ ਸਾਹ ਲੈ ਸਕਣ। ਉਨ੍ਹਾਂ ਲੋਕਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਸਾਨੂੰ ਰਾਜਨੀਤਕ ਆਜ਼ਾਦੀ ਤਾਂ ਜ਼ਰੂਰ ਮਿਲ ਗਈ ਲੇਕਿਨ ਅਜ਼ਾਦੀ ਦੇ 73 ਸਾਲ ਬਾਅਦ ਵੀ ਮਨੁੱਖ ਨੂੰ ਜਿਉਂਦੇ ਰਹਿਣ ਲਈ ਬੁਨਿਆਦੀ ਜ਼ਰੂਰਤਾਂ ਹਵਾ ,ਪਾਣੀ ਅਤੇ ਉਪਜਾਊ ਧਰਤੀ, ਤਿੰਨਾਂ ਨੂੰ ਹੀ ਪ੍ਰਦੂਸ਼ਣ ਨੇ ਜਕੜ ਲਿਆ ਹੈ। ਅੱਜ ਪੂਰੇ ਭਾਰਤ ਵਰਸ਼ ਦਾ ਹਰ ਨਾਗਰਿਕ ਸਾਹ ਲੈਣ ਲਈ ਸ਼ੁੱਧ ਹਵਾ ,ਪੀਣ ਲਈ ਸ਼ੁੱਧ ਪਾਣੀ ਅਤੇ ਪੇਟ ਭਰਨ ਲਈ ਕੀਟਨਾਸ਼ਕ ਅਤੇ ਰਸਾਇਣਕ ਖਾਦਾਂ ਤੋਂ ਮੁਕਤ ਧਰਤੀ ਦੀ ਉਪਜ ਭੋਜਨ ਲਈ, ਉਸੇ ਤਰ੍ਹਾਂ ਹੀ ਚਿੰਤਤ ਨਜ਼ਰ ਆ ਰਿਹਾ ਹੈ ।ਜਿਸ ਤਰ੍ਹਾਂ ਅੱਜ ਤੋਂ 73 ਸਾਲ ਪਹਿਲਾਂ ਸਾਡੇ ਸੁਤੰਤਰਤਾ ਸੈਨਾਨੀ ਆਜ਼ਾਦੀ ਲੈਣ ਲਈ ਚਿੰਤਤ ਅਤੇ ਸੰਘਰਸ਼ਸ਼ੀਲ ਸਨ ।
ਪ੍ਰਦੂਸ਼ਣ ਦੀ ਗੁਲਾਮੀ ਮਨੁੱਖ ਦੀ ਆਪਣੀ ਸਹੇੜੀ ਗੁਲਾਮੀ ਹੈ ।ਕਿਉਂਕਿ ਕੁਦਰਤ ਨੇ ਮਨੁੱਖੀ ਜੀਵਨ ਇਸ ਧਰਤੀ ਤੇ ਪੈਦਾ ਕਰਨ ਤੋਂ ਪਹਿਲਾਂ ਸ਼ੁੱਧ ਹਵਾ ,ਨਿਰਮਲ ਜਲ, ਸ਼ੀਤਲ ਚਾਂਦਨੀ ਅਤੇ ਸੁਨਹਿਰੀ ਕਿਰਨਾਂ ਮਨੁੱਖ ਦੀ ਜ਼ਿੰਦਗੀ ਨੂੰ, ਸੁਚਾਰੂ ਰੂਪ ਵਿੱਚ ਚਲਾਉਣ ਲਈ ਪੈਦਾ ਕੀਤੀਆਂ ਸਨ ।ਪ੍ਰੰਤੂ ਮਨੁੱਖ ਨੇ ਜਿਉਂ ਜਿਉ ਤਰੱਕੀ ਕੀਤੀ ਵਿਲਾਸਤਾ ਭਰਪੂਰ ਜੀਵਨ ਬਤੀਤ ਕਰਨ ਦਾ ਆਦੀ ਹੋ ਗਿਆ ।ਕੁਦਰਤ ਦੇ ਦਿੱਤੇ ਅਨਮੋਲ ਤੋਹਫਿਆਂ ਨੂੰ ਦੈਂਤ ਦੀ ਤਰ੍ਹਾਂ ਲੁੱਟਣ ਲੱਗਿਆ ਅਤੇ ਵਾਤਾਵਰਨ ਨੂੰ ਪੂਰੀ ਤਰ੍ਹਾਂ ਪ੍ਰਦੂਸ਼ਿਤ ਕਰ ਲਿਆ । ਵਿਗਿਆਨਕ ਸੋਚ ਵਾਲੇ ਮਹਾਨ ਗੁਰੂ ਨਾਨਕ ਦੇਵ ਜੀ ਨੇ ਵਾਤਾਵਰਨ ਨੂੰ ਮਹੱਤਤਾ ਦਿੰਦੇ ਹੋਏ ,ਆਪਣੀ ਬਾਣੀ ਵਿੱਚ ਪਵਨ ਅਰਥਾਤ ਹਵਾ ਨੂੰ ਗੁਰੂ ਦਾ ਦਰਜਾ ਦਿੱਤਾ ਹੈ, ਪਾਣੀ ਨੂੰ ਪਿਤਾ ਅਰਥਾਤ ਸਭ ਜੀਵਾਂ ਦਾ ਜਨਮਦਾਤਾ ਅਤੇ ਧਰਤੀ ਨੂੰ ਸਭ ਦੀ ਵੱਡੀ ਮਾਂ ਦੱਸਿਆ ਹੈ ।
ਪ੍ਰੰਤੂ ਅੱਜ ਦੇ ਤਰੱਕੀ ਵਾਲੇ ਸੋਚਣ ਵਾਲੇ ਮਨੁੱਖ ਨੇ ਆਪਣੀ ਉਣੀ ਸੋਚ ਸਦਕਾ ,ਹਵਾ ਨੂੰ ਇਸ ਕਦਰ ਪ੍ਰਦੂਸ਼ਿਤ ਕਰ ਦਿੱਤਾ ਹੈ ਕਿ ਅੱਜ ਮਨੁੱਖ ਦਾ ਆਪਣਾ ਤਾਂ ਕਿ ਜੀਵ ਜੰਤੂਆਂ ਦਾ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ ।ਹਵਾ ਵਿਚ ਜ਼ਹਿਰੀਲੀਆਂ ਗੈਸਾਂ ਦੀ ਵਧਦੀ ਮਾਤਰਾ ਕਾਰਨ ਨਜ਼ਲਾ, ਜ਼ੁਕਾਮ, ਖਾਂਸੀ ,ਸਾਹ, ਦਮਾ ਅਤੇ ਅੱਖਾਂ ਦੇ ਅਨੇਕਾਂ ਗੰਭੀਰ ਰੋਗਾਂ ਤੋਂ ਲੋਕ ਪੀੜਤ ਹੋ ਰਹੇ ਹਨ। ਹਵਾ ਪ੍ਰਦੂਸ਼ਣ ਦੇ ਕਾਰਨ ਮਨੁੱਖੀ ਅਰੋਗਤਾ ਨੂੰ ਬਹੁਤ ਵੱਡਾ ਧੱਕਾ ਲੱਗਿਆ ਹੈ ।
ਜਲ ਤੋਂ ਬਿਨਾਂ ਜਲਵਾਯੂ ਦੀ ਗੱਲ ਹੀ ਸੰਭਵ ਨਹੀਂ ਹੈ ।ਪਾਣੀ ਕੁਦਰਤ ਵੱਲੋਂ ਦਿੱਤਾ ਇੱਕ ਅਨਮੋਲ ਤੋਹਫਾ ਅਤੇ ਅਜਿਹਾ ਵਰਦਾਨ ਹੈ, ਜਿਸ ਤੋਂ ਬਿਨਾਂ ਜੀਵ ਅਤੇ ਬਨਸਪਤੀ ਦਾ ਜ਼ਿੰਦਾ ਰਹਿਣਾ ਅਸੰਭਵ ਹੈ । ਪਾਣੀ ਸਾਡੇ ਜੀਵਨ ਦੀ ਮੁੱਢਲੀ ਜ਼ਰੂਰਤ ਹੈ ।ਪ੍ਰੰਤੂ ਸਾਡੇ ਜਲ ਸਰੋਤਾਂ ਨੂੰ ਦੂਹਰੀ ਮਾਰ ਪੈ ਰਹੀ ਹੈ ,ਪਹਿਲਾਂ ਧਰਤੀ ਹੇਠਲਾ ਜਲ ਸਤਰ ਲਗਾਤਾਰ ਤੇਜ਼ੀ ਨਾਲ ਨੀਵਾਂ ਜਾਣਾ ਅਤੇ ਦੂਸਰਾ ਮੌਜੂਦਾ ਪਾਣੀ ਵਿੱਚ ਵਧਦਾ ਪ੍ਰਦੂਸ਼ਣ ।ਵੱਧਦਾ ਉਦਯੋਗੀਕਰਨ ,ਗ਼ੈਰ ਯੋਜਨਾਬੱਧ ਸ਼ਹਿਰੀਕਰਨ ਅਤੇ ਵੱਧਦੀ ਆਬਾਦੀ ਜਲ ਸਰੋਤਾਂ ਨੂੰ ਪ੍ਰਦੂਸ਼ਿਤ ਕਰਨ ਵਿੱਚ ਬਹੁਤ ਵੱਡਾ ਹਿੱਸਾ ਪਾ ਰਹੀ ਹੈ ।ਪ੍ਰਦੂਸ਼ਿਤ ਪਾਣੀ ਦੇ ਕਾਰਨ ਕੈਂਸਰ, ਅਲਸਰ ,ਪੀਲੀਆ ,ਹੱਡੀਆਂ ਦੇ ਰੋਗ ,ਦੰਦਾਂ ਦੇ ਅਤੇ ਪੇਟ ਦੇ ਰੋਗ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ ।ਪੀਣ ਯੋਗ ਪਾਣੀ ਅੱਜ ਬਹੁਤ ਵੱਡਾ ਵਪਾਰ ਬਣ ਚੁੱਕਿਆ ਹੈ ਅੱਜ ਠੋਸ ਜਲ ਪ੍ਰਬੰਧਨ ਨੀਤੀ ਦੀ ਸਖਤ ਜ਼ਰੂਰਤ ਹੈ। ਜੇ ਹਰ ਭਾਰਤ ਵਾਸੀ ਰੋਜ਼ਾਨਾ 01 ਲੀਟਰ ਪਾਣੀ ਦੀ ਬੱਚਤ ਕਰਨ ਦਾ ਪ੍ਰਣ ਕਰ ਲਏ ਤਾਂ ਰੋਜ਼ਾਨਾ 130 ਕਰੋਡ਼ ਲੀਟਰ ਪਾਣੀ ਬਚਾਅ ਕੇ ਬਹੁਤ ਵੱਡਾ ਯੋਗਦਾਨ ਪਾ ਸਕਦੇ ਹਾਂ।
ਧਰਤੀ ਜਿਸ ਨੂੰ ਵੱਡੀ ਮਾਂ ਦਾ ਦਰਜਾ ਦਿੰਦੇ ਹਾਂ ।ਪ੍ਰੰਤੂ ਇਨਸਾਨੀ ਲਾਲਚ ਦੇ ਕਾਰਨ ਅਤੇ ਕੀੜੇਮਾਰ ਰਸਾਇਣ , ਨਦੀਨਨਾਸ਼ਕ, ਰਸਾਇਣ ਖਾਦਾਂ ਦੀ ਵੱਧਦੀ ਵਰਤੋਂ ਤੋਂ ਇਲਾਵਾ ਉਦਯੋਗਾਂ ਤੋਂ ਨਿਕਲੇ ਫ਼ਾਲਤੂ ਪਦਾਰਥਾਂ ਅਤੇ ਰੇਡੀਓ ਐਕਟਿਵ ਪਦਾਰਥਾਂ ਕਾਰਨ ਅੱਜ ਧਰਤੀ ਜ਼ਹਿਰੀਲੀਆਂ ਫਸਲਾਂ ਪੈਦਾ ਕਰ ਰਹੀ ਹੈ । ਜਿਸ ਕਾਰਨ ਸਾਡੀ ਖ਼ੁਰਾਕ ਲੜੀ ਅਤੇ ਸਰੀਰਕ ਤੰਦਰੁਸਤੀ ਨੂੰ ਵੱਡੀ ਢਾਹ ਲੱਗੀ ਹੈ।
ਦਰੱਖਤਾਂ ਅਤੇ ਜੰਗਲਾਂ ਤੋਂ ਬਗੈਰ ਰੋਗ ਮੁਕਤ ਜੀਵਨ ਸੰਭਵ ਹੀ ਨਹੀਂ ਹੈ । ਪ੍ਰੰਤੂ ਮਨੁੱਖੀ ਲਾਲਸਾਵਾਂ ਅਤੇ ਵਿਸ਼ਵ ਵਿੱਚ ਹਰ ਸਾਲ ਤੇਜ਼ੀ ਨਾਲ ਵੱਧ ਰਹੀ 10 ਕਰੋੜ ਦੀ ਜਨ ਸੰਖਿਆ ਦਾ ਪੇਟ ਭਰਨ ਅਤੇ ਰਹਿਣ ਦਾ ਪ੍ਰਬੰਧ ਕਰਨ ਲਈ ਦਰੱਖਤਾਂ ਦੀ ਕਟਾਈ ਲਗਾਤਾਰ ਬੇਰਹਿਮੀ ਨਾਲ ਹੋ ਰਹੀ ਹੈ। ਹਰ ਸਾਲ ਅੰਦਾਜ਼ਨ 2.5 ਕਰੋਡ਼ ਹੈਕਟੇਅਰ ਦੀ ਦਰ ਨਾਲ ਜੰਗਲ ਨਸ਼ਟ ਹੋ ਰਹੇ ਹਨ। ਹੁਣ ਤਾਂ ਵਿਸ਼ਵ ਦੇ ਫੇਫੜੇ ਕਹੇ ਜਾਂਦੇ, ਵਿਸ਼ਵ ਪ੍ਰਸਿੱਧ ਐਮਾਜ਼ਾਨ ਦੇ ਜੰਗਲਾਂ ਤੇ ਵੀ ਬੁਰੀ ਨਜ਼ਰ ਪੈ ਰਹੀ ਹੈ। ਕੁਦਰਤ ਦਾ ਸੰਤੁਲਨ ਬਣਾਈ ਰੱਖਣ ਲਈ ਮੈਦਾਨੀ ਇਲਾਕੇ ਵਿੱਚ 33 ਤੋ 35 ਪ੍ਰਤੀਸ਼ਤ ਅਤੇ ਪਹਾੜੀ ਇਲਾਕੇ ‘ਚ 60 ਪ੍ਰਤੀਸ਼ਤ ਜੰਗਲ ਹੋਣਾ ਬੇਹੱਦ ਜ਼ਰੂਰੀ ਹੈ । ਪ੍ਰੰਤੂ ਭਾਰਤ ਵਿੱਚ ਇਹ ਔਸਤਨ 14 ਪ੍ਰਤੀਸ਼ਤ ਹੀ ਬਚਿਆ ਹੈ ।ਪੰਜਾਬ ਦੀ ਹਾਲਤ ਤਾਂ ਹੋਰ ਵੀ ਚਿੰਤਾਜਨਕ ਹੈ ,ਜਿੱਥੇ ਭੂਗੋਲਿਕ ਖੇਤਰ ਦਾ ਸਿਰਫ਼ 06 ਪ੍ਰਤੀਸ਼ਤ ਤੋਂ ਵੀ ਘੱਟ ਜੰਗਲ ਅਧੀਨ ਇਲਾਕਾ ਬੱਚਿਆਂ ਹੈ। ਅੱਜ ਜੰਗਲ ਅਤੇ ਦਰੱਖਤਾਂ ਨੂੰ ਬਚਾਉਣ ਲਈ ਰਾਜਸਥਾਨ ਦੇ ਖੇਜੜਲੀ ਪਿੰਡ ਵਿੱਚ 1730 ਵਿੱਚ ਹੋਏ ਚਿਪਕੋ ਅੰਦੋਲਨ ਵਰਗੀ ਭਾਵਨਾ ਪੈਦਾ ਕਰੀਏ ਅਤੇ ਸਾਹ ਲੈਣ ਲਈ ਸ਼ੁੱਧ ਹਵਾ ਪ੍ਰਾਪਤ ਕਰਨ ਲਈ ਯਤਨਸ਼ੀਲ ਹੋਈਏ।
ਮੋਟਰ ਵਾਹਨਾਂ ਨੇ ਜਿੱਥੇ ਮਨੁੱਖੀ ਜੀਵਨ ਨੂੰ ਤੇਜ਼ ਬਣਾਇਆ ਅਤੇ ਅਨੇਕਾਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ’ ਉੱਥੇ ਇਨ੍ਹਾਂ ਦੀ ਬੇਲੋੜੀ ਵਰਤੋਂ ਦੇ ਕਾਰਨ ਹੋਣ ਵਾਲੇ ਪ੍ਰਦੂਸ਼ਣ ਨੇ ਵਾਤਾਵਰਨ ਨੂੰ ਪਲੀਤ ਕਰਕੇ ਰੱਖ ਦਿੱਤਾ ਹੈ । ਜਿਸ ਕਾਰਨ ਅਨੇਕਾਂ ਸਿਹਤ ਸਮੱਸਿਆਵਾਂ ਪੈਦਾ ਹੋ ਗਈਆਂ ਹਨ ।ਵੱਧਦੇ ਸ਼ਹਿਰੀਕਰਨ ਦੇ ਕਾਰਨ ਫਾਲਤੂ ਕੂੜਾ ਕਰਕਟ, ਗੰਦਗੀ ਦੇ ਢੇਰ ,ਪਲਾਸਟਿਕ ਪਦਾਰਥ ਅਤੇ ਵਿਸ਼ੇਸ਼ ਤੌਰ ਤੇ ਪੋਲੀਥੀਨ ਬੈਗ ਜੋ ਜਲਦ ਨਸ਼ਟ ਨਹੀਂ ਹੁੰਦੇ ,ਵਾਤਾਵਰਨ ਪ੍ਰਦੂਸ਼ਿਤ ਕਰਨ ਅਤੇ ਸੀਵਰੇਜ ਜਾਮ ਹੋਣ ਦਾ ਸਭ ਤੋਂ ਵੱਡਾ ਕਾਰਨ ਹਨ ।ਏਅਰ ਕੰਡੀਸ਼ਨ ਦੇ ਚੱਲਣ ਨਾਲ ਨਿਕਲਦੀ ਕਲੋਰੋਫਲੋਰੋਕਾਰਬਨ ਗੈਸ ਨੇ ਓਜ਼ੋਨ ਪਰਤ ਨੂੰ ਬਹੁਤ ਵੱਡਾ ਨੁਕਸਾਨ ਪੁਚਾਇਆ ਹੈ । ਓਜ਼ੋਨ ਪਰਤ ਦੇ ਪਤਲਾ ਹੋਣ ਕਾਰਨ ਵੀ ਮਨੁੱਖੀ ਅਰੋਗਤਾ ਨੂੰ ਝਟਕਾ ਲੱਗ ਰਿਹਾ ਹੈ ।
ਖ਼ੁਸ਼ੀ ਦੇ ਮੌਕੇ ਉੱਚੀ ਆਵਾਜ਼ ਵਿੱਚ ਵਜਦੇ ਡੀਜੇ ਸਿਸਟਮ ,ਧਾਰਮਿਕ ਸਥਾਨਾਂ ਤੇ ਲੱਗੇ ਵੱਡੇ ਸਪੀਕਰ ,ਘਰਾਂ ਵਿੱਚ ਉੱਚੀ ਆਵਾਜ਼ ਵਿਚ ਚੱਲਦੇ ਟੈਲੀਵਿਜ਼ਨ ,ਮਿਊਜ਼ਿਕ ਸਿਸਟਮ, ਬੱਸਾਂ ਗੱਡੀਆਂ ਵਿੱਚ ਲੱਗਦੇ ਉਚੀ ਅਵਾਜ਼ ਦੇ ਗੀਤ ਅਤੇ ਮੋਟਰ ਵਹੀਕਲ ਤੇ ਲੱਗੇ ਪ੍ਰੈਸ਼ਰ ਹਾਰਨ ਦੇ ਕਾਰਨ ਵੱਧ ਦਾ ਆਵਾਜ਼ ਪ੍ਰਦੂਸ਼ਣ ਅਨੇਕਾਂ ਸਰੀਰਕ ਅਤੇ ਮਾਨਸਿਕ ਰੋਗ ਉਤਪੰਨ ਕਰ ਰਿਹਾ ਹੈ। ਜਿਨ੍ਹਾਂ ਵਿੱਚ ਸਿਰਦਰਦ ,ਤਣਾਅ ,ਸੁਣਨ ਸ਼ਕਤੀ ਦੀ ਵਿਗੜਨਾ ,ਨੀਂਦ ਨਾ ਆਉਣ ਦੀ ਬਿਮਾਰੀ ਆਦਿ ਮੁੱਖ ਹਨ।
ਅੱਜ ਸਾਡੇ ਵਾਤਾਵਰਨ ਸਬੰਧੀ ਖਤਰੇ ਦੀ ਘੰਟੀ ਵੱਜ ਚੁੱਕੀ ਹੈ । ਪ੍ਰੰਤੂ ਅਜੇ ਵੀ ਸਮਾਂ ਹੈ ,ਕਿ ਅਸੀਂ ਇਸ ਨੂੰ ਸੰਭਾਲੀਏ ਅਤੇ ਸਮਾਂ ਗਵਾਏ ਬਗੈਰ ਵਾਤਾਵਰਨ ਦੀ ਰੱਖਿਆ ਕਰਨ ਅਤੇ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਵਿੱਚ ਆਪਣਾ ਯੋਗਦਾਨ ਪਾਈਏ । ਜੇ ਪ੍ਰਦੂਸ਼ਣ ਵਧਣ ਦੀ ਰਫਤਾਰ ਨੂੰ ਨਾ ਰੋਕਿਆ ਗਿਆ ,ਤਾਂ ਆਉਣ ਵਾਲੀਆਂ ਪੀੜ੍ਹੀਆਂ ਗੰਭੀਰ ਨਤੀਜੇ ਭੁਗਤਣਗੀਆਂ ।
ਭਾਰਤ ਦੀ ਧਰਤੀ ਤੇ ਨੀਰ, ਨਦੀ ਅਤੇ ਨਾਰੀ ਦਾ ਸਨਮਾਨ ਕਰਕੇ ਨਾਰਾਇਣ ਬਣਨ ਦੀ ਗੱਲ ਕਹੀ ਜਾਂਦੀ ਹੈ । ਇੱਥੇ ਵੱਖ ਵੱਖ ਧਰਮਾਂ ਵਿੱਚ ਕੁਦਰਤ ਅਤੇ ਵਾਤਾਵਰਨ ਪ੍ਰੇਮ ਦੀ ਗੱਲ ਕੀਤੀ ਜਾਦੀ ਹੈ। ਲੋਕ ਵੱਖ ਵੱਖ ਨਾਮ ਤੇ ਭਗਵਾਨ ਦੀ ਪੂਜਾ ਅਤੇ ਸਤਿਕਾਰ ਕਰਦੇ ਹਨ ।ਪ੍ਰੰਤੂ ਮੌਜੂਦਾ ਸਮੇਂ ਵਿੱਚ ਭਗਵਾਨ ਤੋਂ ਅਰਥ ਭ = ਭੂਮੀ , ਗ = ਗਗਨ, ਵ= ਵਾਯੂ , ਅ= ਅਗਨੀ ਅਤੇ ਨ=ਨੀਰ ਸਮਝ ਕੇ ਜੇ ਅਸੀਂ ਇਨ੍ਹਾਂ ਪੰਜਾਂ ਪ੍ਰਤੀ ਦਿਲੋਂ ਸਤਿਕਾਰ ਕਰੀਏ ਤਾਂ ਸਾਡੇ ਲਈ ਬੇਹੱਦ ਲਾਭਕਾਰੀ ਸਿੱਧ ਹੋ ਸਕਦਾ ਹੈ । ਮੌਜੂਦਾ ਦੌਰ ਵਿੱਚ ਵਾਤਾਵਰਨ ਸੰਭਾਲ ਪ੍ਰਤੀ ਸੰਜੀਦਗੀ ਨਾਲ ਵੋਟਾਂ ਦੀ ਦਲਗਤ ਰਾਜਨੀਤੀ ਤੋਂ ਉੱਪਰ ਉੱਠ ਕੇ ਇਮਾਨਦਾਰੀ ਨਾਲ ਇੱਕ ਅਜਿਹੇ ਕਾਨੂੰਨ ਦੀ ਜ਼ਰੂਰਤ ਹੈ । ਜਿਸ ਨੂੰ ਭਾਈ ਭਤੀਜਾਵਾਦ ਤੋਂ ਉਪਰ ਉੱਠ ਕੇ ਲਾਗੂ ਕੀਤਾ ਜਾ ਸਕੇ । ਕਿਉਂਕਿ ਵਾਤਾਵਰਨ ਸੰਭਾਲ ਪ੍ਰਤੀ ਬਣੇ ਪਹਿਲੇ ਕਾਨੂੰਨ ਮਨਚਾਹੇ ਨਤੀਜੇ ਦੇਣ ਵਿੱਚ ਸਫਲ ਨਹੀਂ ਹੋ ਰਹੇ। ਸਰਕਾਰ ਦੇ ਨਾਲ ਨਾਲ ਲੋਕਾਂ ਨੂੰ ਵੀ ਗੰਭੀਰ ਹੋਣਾ ਪਵੇਗਾ।
ਮੌਜੂਦਾ ਦੌਰ ਵਿੱਚ ਵਾਤਾਵਰਨ ਪ੍ਰਤੀ ਚੇਤਨਤਾ ਪੈਦਾ ਕਰਨ ਲਈ ਠੋਸ ਸਿੱਖਿਆ ਦਾ ਪ੍ਰਸਾਰ ਕਰਨ ਦੀ ਜ਼ਰੂਰਤ ਹੈ । ਨੌਜਵਾਨ ਪੀੜ੍ਹੀ ਨੂੰ ਸੋਸ਼ਣ ਦੀ ਤਕਨੀਕ ਸਿਖਾਉਣ ਦੀ ਬਜਾਏ ਪੋਸ਼ਣ ਦੀ ਤਕਨੀਕ ਸਿਖਾਉਣੀ ਪਵੇਗੀ । ਸਮੇਂ ਦੀ ਜ਼ਰੂਰਤ ਅਨੁਸਾਰ ਸਿੱਖਿਆ ਦੇ ਪਾਠਕ੍ਰਮ ਵਿੱਚ ਵਾਤਾਵਰਨ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਵੇ ‘ਤਾਂ ਸਾਰਥਿਕ ਨਤੀਜੇ ਪ੍ਰਾਪਤ ਹੋ ਸਕਦੇ ਹਨ ।
ਬਰਸਾਤ ਦੇ ਮੌਸਮ ਵਿੱਚ ਬੂਟੇ ਲਗਾਉਣ ਦੀਆਂ ਚੱਲਦੀਆਂ ਅਨੇਕਾਂ ਮੁਹਿੰਮਾਂ ਦੀ ਪਬਲਿਸਿਟੀ ਅਤੇ ਮੀਡੀਆ ਕਵਰੇਜ ਤੇ ਜਿੰਨਾ ਜ਼ੋਰ ਲਗਾਇਆ ਜਾ ਰਿਹਾ ਹੈ । ਜੇ ਉਹੀ ਊਰਜਾ ਬੂਟਿਆਂ ਦੀ ਸੰਭਾਲ ਤੇ ਲਗਾਈ ਜਾਵੇ ਤਾਂ ਲਾਭਕਾਰੀ ਨਤੀਜੇ ਮਿਲ ਸਕਦੇ ਹਨ । ਪਲਾਸਟਿਕ ਬੈਗ ਤੇ ਮੁਕੰਮਲ ਪਾਬੰਦੀ ਲੱਗਣੀ ਚਾਹੀਦੀ ਹੈ । ਦਰੱਖਤਾਂ ਦੀ ਬੇਵਜ੍ਹਾ ਕਟਾਈ ਅਤੇ ਪਾਣੀ ਦੀ ਬੇਲੋੜੀ ਵਰਤੋਂ ਤੁਰੰਤ ਰੁਕਣੀ ਚਾਹੀਦੀ ਹੈ । ਉਦਯੋਗਾਂ ਵਿੱਚੋਂ ਨਿਕਲਦੇ ਜ਼ਹਿਰੀਲੇ ਧੂੰਏਂ ਅਤੇ ਪਾਣੀ ਸਬੰਧੀ ਠੋਸ ਨੀਤੀ ਦੀ ਲੋੜ ਹੈ ਕਿਸਾਨ ਵਰਗ ਵੱਲੋਂ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਲਗਾਈ ਜਾਂਦੀ ਅੱਗ ਦਾ ਹੱਲ ਸੰਜੀਦਗੀ ਨਾਲ ਕਰਨ ਦੀ ਸਖਤ ਜਰੂਰਤ ਹੈ। ਕੁਦਰਤ ਦਾ ਸੰਤੁਲਨ ਬਣਾਈ ਰੱਖਣ ਲਈ ਪੰਜ ਪ ਅਰਥਾਤ ਪਸ਼ੂ ,ਪੰਛੀ, ਪਵਨ, ਪਾਣੀ ਅਤੇ ਪ੍ਰਿਥਵੀ ਦਾ ਸਤਿਕਾਰ ਅਤੇ ਸੰਭਾਲ ਬੇਹੱਦ ਜ਼ਰੂਰੀ ਹੈ ।
ਅਜੋਕੀ ਸਥਿਤੀ ਵਿੱਚ ਵੀ ਵਾਤਾਵਰਨ ਸੰਭਾਲ ਲਈ ਅਜਿਹੀ ਹੀ ਮੁਹਿੰਮ ਅਤੇ ਸੰਘਰਸ਼ ਦੀ ਜ਼ਰੂਰਤ ਹੈ। ਜੋ ਸਾਡੇ ਦੇਸ਼ ਦੀ ਆਜ਼ਾਦੀ ਦੇ ਪਰਵਾਨਿਆਂ ਨੇ ਸੰਘਰਸ਼ ਕਰਕੇ ਰਾਜਨੀਤਕ ਆਜ਼ਾਦੀ ਹਾਸਲ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਸੀ। ਜੇ ਅਸੀਂ ਅਜੇ ਵੀ ਨਾ ਸੰਭਲੇ ਤਾਂ ,ਵਾਤਾਵਰਨ ਪ੍ਰਦੂਸ਼ਣ ਹੋਰ ਗੰਭੀਰ ਰੂਪ ਧਾਰਨ ਕਰ ਲਵੇਗਾ ।
ਡਾ. ਸਤਿੰਦਰ ਸਿੰਘ ( ਪੀ ਈ ਐੱਸ )
ਸਟੇਟ ਅਤੇ ਨੈਸ਼ਨਲ ਅਵਾਰਡੀ ।
ਪ੍ਰਧਾਨ ਅਤੇ ਸੰਸਥਾਪਕ
ਐਗਰੀਡ ਫਾਉਂਡੇਸ਼ਨ (ਰਜਿ.) ਪੰਜਾਬ ( ਵਾਤਾਵਰਣ ਅਤੇ ਸਿਖਿਆ ਦੇ ਵਿਕਾਸ ਲਈ ਯਤਨਸ਼ੀਲ ਸਮਾਜ ਸੇਵੀ ਸੰਸਥਾ)
ਧਵਨ ਕਲੋਨੀ ,ਫਿਰੋਜ਼ਪੁਰ ਸ਼ਹਿਰ
9815427554