ਆਈ.ਟੀ.ਡੀ.ਸੀ. ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ 20 ਲੱਖ ਰੁਪਏ ਦੀ ਕੀਮਤ ਨਾਲ ਤਿਆਰ ਸੰਪੂਰਨ ਏਸੀ, ਵੈਂਟੀਲੇਟਰ ਐਂਬੂਲੈਂਸ
ਆਈ.ਟੀ.ਡੀ.ਸੀ. ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ 20 ਲੱਖ ਰੁਪਏ ਦੀ ਕੀਮਤ ਨਾਲ ਤਿਆਰ ਸੰਪੂਰਨ ਏਸੀ, ਵੈਂਟੀਲੇਟਰ ਐਂਬੂਲੈਂਸ
ਨਵੀਂ ਐਂਬੂਲੈਂਸ ਦਾ ਸਿਵਲ ਸਰਜਨ ਦਫ਼ਤਰ ਵੱਲੋਂ ਜ਼ੀਰਾ ਦੇ ਸਬ-ਡਿਵੀਜ਼ਨ ਹਸਪਤਾਲ ਵਿੱਚ ਕੀਤਾ ਜਾਵੇਗਾ ਇਸਤੇਮਾਲ
ਫ਼ਿਰੋਜ਼ਪੁਰ 3 ਜੁਲਾਈ,2019:
ਸਰਹੱਦੀ ਜ਼ਿਲ੍ਹੇ ਵਿੱਚ ਸਿਹਤ ਸੁਵਿਧਾਵਾਂ ਦੀ ਪ੍ਰਗਤੀ ਨੂੰ ਅੱਗੇ ਲਿਆਉਂਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਨੇ ਬੁੱਧਵਾਰ ਨੂੰ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਨਵੀਂ ਐਂਬੂਲੈਂਸ ਨੂੰ ਆਈ.ਟੀ.ਡੀ.ਸੀ. ਤੋਂ ਪ੍ਰਾਪਤ ਕੀਤਾ ਹੈ। ਇੰਡੀਅਨ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਡਾਇਰੈਕਟਰ ਸ੍ਰੀ ਪਿਯੂਸ਼ ਤਿਵਾੜੀ ਨੇ ਨਵੀਂ ਐਂਬੂਲੈਂਸ ਦੀ ਚਾਬੀ ਡਿਪਟੀ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੂੰ ਸੌਂਪੀ, ਜਿਨ੍ਹਾਂ ਨੇ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੂੰ ਜਲਦ ਹੀ ਨਵੀਂ ਐਂਬੂਲੈਂਸ ਨੂੰ ਸੇਵਾ ਵਿਚ ਲਿਆਉਣ ਲਈ ਕਿਹਾ।
ਇਹ ਐਂਬੂਲੈਂਸ ਆਈ.ਟੀ.ਡੀ.ਸੀ. ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਗਈ ਹੈ, ਜਿਸ ਲਈ ਡਿਪਟੀ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਆਈ.ਟੀ.ਡੀ.ਸੀ. ਦੀ ਐਮ.ਡੀ. ਅਤੇ ਪੰਜਾਬ ਕਾਡਰ ਦੀ ਆਈ.ਏ.ਐਸ. ਅਫ਼ਸਰ ਸ੍ਰੀਮਤੀ ਰਵਨੀਤ ਕੌਰ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਹ ਐਂਬੂਲੈਂਸ ਪੂਰੀ ਤਰ੍ਹਾਂ ਨਾਲ ਏਅਰ ਕੰਡੀਸ਼ਨ ਹੈ, ਇਸ ਵਿੱਚ ਮੇਡੀਕੇਸ਼ਨ, ਸਕਸ਼ਨ ਅਤੇ ਵੈਂਟੀਲੇਟਰ ਦੀਆਂ ਸਾਰੀਆਂ ਸਹੂਲਤਾਂ ਉਪਲਬਧ ਹਨ।
ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਇਹ ਨਵੀਂ ਐਂਬੂਲੈਂਸ ਨੂੰ ਜ਼ੀਰਾ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਦੀ ਸੇਵਾ ਲਈ ਤੱਤਪਰ ਰਹੇਗੀ। ਉਨ੍ਹਾਂ ਕਿਹਾ ਕਿ ਇਹ ਆਧੁਨਿਕ ਐਂਬੂਲੈਂਸ ਜ਼ਿਲ੍ਹੇ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗੀ ਕਿਉਂਕਿ ਇਸ ਵਿੱਚ ਵੈਂਟੀਲੇਟਰ ਹੋਣ ਦੀ ਵਜ੍ਹਾ ਨਾਲ ਨਾਜ਼ੁਕ ਸਥਿਤੀ ਵਿੱਚ ਵੀ ਕਿਸੇ ਮਰੀਜ਼ ਨੂੰ ਦੂਸਰੇ ਜ਼ਿਲ੍ਹੇ ਵਿੱਚ ਸ਼ਿਫ਼ਟ ਕੀਤਾ ਜਾ ਸਕਦਾ ਹੈ। ਐਂਬੂਲੈਂਸ ਨੂੰ ਚਲਾਉਣ ਲਈ ਤਜਰਬੇਕਾਰ ਸਟਾਫ਼ ਦੀ ਤੈਨਾਤੀ ਕੀਤੀ ਜਾਵੇਗੀ, ਜੋ ਕਿ 24 ਘੰਟੇ ਡਿਊਟੀ 'ਤੇ ਰਹਿਣਗੇ।
ਇਸ ਮੌਕੇ ਸਹਾਇਕ ਕਮਿਸ਼ਨਰ ਸ. ਰਣਜੀਤ ਸਿੰਘ, ਸਕੱਤਰ ਰੱੈਡ ਕਰਾਸ ਸੁਸਾਇਟੀ ਸ੍ਰੀ ਅਸ਼ੋਕ ਬਹਿਲ, ਹੋਮ ਫ਼ਾਰ ਬਲਾਇੰਡ ਦੇ ਸਹਾਇਕ ਸਕੱਤਰ ਸ੍ਰੀ ਹਰੀਸ਼ ਮੋਂਗਾ, ਐਨ.ਜੀ.ਓ. ਮੈਂਬਰ ਏ.ਸੀ. ਚਾਵਲਾ, ਸੀਨੀਅਰ ਸਿਟੀਜ਼ਨ ਫੋਰਮ ਦੇ ਪ੍ਰਧਾਨ ਸ੍ਰੀ ਐੱਸ.ਪੀ.ਸਿੰਘ, ਐੱਸ.ਡਬਲਿਊ.ਐੱਸ ਦੇ ਪ੍ਰਧਾਨ ਸ੍ਰੀ ਦੀਵਾਨ ਚੰਦ ਸੁਖੀਜਾ ਹਾਜ਼ਰ ਸਨ।