ਅਜ਼ਾਦੀ ਘੁਲਾਟੀਏ ਜਵਾਹਰ ਲਾਲ ਸ਼ਰਮਾ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ
ਅਜ਼ਾਦੀ ਘੁਲਾਟੀਏ ਜਵਾਹਰ ਲਾਲ ਸ਼ਰਮਾ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ
ਫਿਰੋਜ਼ਪੁਰ, 30 ਅਕਤੂਬਰ 2023.
ਇੱਥੋਂ ਨੇੜਲੇ ਪਿੰਡ ਕਮੱਗਰ ਦੇ ਵਸਨੀਕ ਅਜ਼ਾਦੀ ਘੁਲਾਟੀਏ ਸ੍ਰੀ ਜਵਾਹਰ ਲਾਲ ਸ਼ਰਮਾ (92) ਸਵਰਗਵਾਸ ਹੋ ਗਏ ਹਨ। ਜਿਨ੍ਹਾਂ ਦਾ ਆਪਣੇ ਜੱਦੀ ਪਿੰਡ ਕਮੱਗਰ ਵਿਖੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਫੁੱਲ ਮਲਾਵਾਂ ਭੇਂਟ ਕਰਨ ਅਤੇ ਪੰਜਾਬ ਪੁਲਿਸ ਦੀ ਟੁਕੜੀ ਦੁਆਰਾ ਸਲਾਮੀ ਦਿੱਤੇ ਜਾਣ ਤੋਂ ਬਾਅਦ ਅੰਤਿਮ ਸਸਕਾਰ ਕੀਤਾ ਗਿਆ। ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜ਼ਨੀਸ ਦਹੀਯਾ, ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਅਤੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਉਨ੍ਹਾਂ ਦੀ ਬੇਟੀ ਸੀਮਾ ਸ਼ਰਮਾ ਨੇ ਦੱਸਿਆ ਕਿ ਅਜ਼ਾਦੀ ਘੁਲਾਟੀਏ ਜਵਾਹਰ ਲਾਲ ਸ਼ਰਮਾ ਦਾ ਜਨਮ 1931 ਨੂੰ ਮਹਾਰਾਸ਼ਟਰ ਵਿੱਚ ਹੋਇਆ ਸੀ ਤੇ ਉਹ 92 ਸਾਲਾਂ ਦੇ ਸਨ। ਉਨ੍ਹਾਂ ਕਿਹਾ ਕਿ ਜਦੋਂ ਭਾਰਤ ਦੇਸ਼ ਅੰਦਰ 1942 ‘ਚ ਭਾਰਤ ਦੇਸ਼ ਦੀ ਅਜ਼ਾਦੀ ਦੇ ਲਈ ਭਾਰਤ ਛੱਡੋ ਅੰਦੋਲਨ ਚੱਲ ਰਿਹਾ ਸੀ ਤਾਂ ਮਰਹੂਮ ਜਵਾਹਰ ਲਾਲ ਸ਼ਰਮਾ ਨੇ ਆਪਣੇ ਮਾਮਾ ਜੀ ਨਾਲ ਇਸ ਅੰਦੋਲਨ ‘ਚ ਹਿੱਸਾ ਲਿਆ ਅਤੇ ਜੇਲ੍ਹ ਕੱਟੀ ਸੀ। ਉਨ੍ਹਾਂ ਦੀਆਂ 6 ਲੜਕੀਆਂ ਤੇ 1 ਲੜਕਾ ਹੈ ਤੇ ਸਾਰੇ ਵਿਆਹੇ ਹੋਏ ਹਨ। ਆਜ਼ਾਦੀ ਘੁਲਾਟੀਏ ਜਵਾਹਰ ਲਾਲ ਸ਼ਰਮਾ ਦਾ ਪਿੰਡ ਕਮੱਗਰ ਵਿਖੇ ਸਰਕਾਰੀ ਸਨਮਾਨਾਂ ਦੇ ਨਾਲ ਸਸਕਾਰ ਕੀਤਾ ਗਿਆ। ਇਸ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ।
ਸਿਵਲ ਪ੍ਰਸ਼ਾਸ਼ਨ ਵੱਲੋਂ ਸਹਾਇਕ ਕਮਿਸ਼ਨਰ ਸ੍ਰੀ ਸੂਰਜ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਇਨ੍ਹਾਂ ਅਜ਼ਾਦੀ ਘੁਲਾਟੀਆਂ ਦੀ ਬਦੌਲਤ ਹੀ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਅਤੇ ਉਨ੍ਹਾਂ ਦੇ ਸੰਘਰਸ਼ ਮਈ ਜੀਵਨ ਅਤੇ ਆਜ਼ਾਦੀ ਦੇ ਸੰਘਰਾਮ ਵਿੱਚ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜ਼ਨੀਸ ਦਹੀਯਾ ਦੇ ਪਿਤਾ ਸ੍ਰੀ ਉਦੈ ਦਹੀਯਾ ਵੱਲੋਂ ਵੀ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਤਹਿਸੀਲਦਾਰ ਸ੍ਰੀ ਪ੍ਰਦੀਪ ਕੁਮਾਰ, ਡੀ.ਐਸ.ਪੀ. ਭੁਪਿੰਦਰ ਗਿੱਲ ਤੋਂ ਇਲਾਵਾ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।