ਅਮਰਜੰਸੀ ਦੇ 42 ਵਰ੍ਹੇ ਬਾਅਦ ਨਹੀ ਭਰੇ ' ਜਿੰਦਾ ਸ਼ਹੀਦਾਂ' ਦੇ ਜ਼ਖ਼ਮ
ਫਾਜ਼ਿਲਕਾ, 25 ਜੂਨ (ਵਿਨੀਤ ਅਰੋੜਾ) : ਹਿੰਦੁਸਤਾਨ ਦੀ ਨੋਜਵਾਨ ਪੀੜ੍ਹੀ, ਅੱਜ ਦੇ ਆਜ਼ਾਦੀ ਦੇ ਮਹੋਲ ਵਿਚ ਖੁਲਕੇ ਆਪਣੇ ਵਿਚਾਰ ਰਖਦੀ ਹੈ। ਸਰਕਾਰ ਦੀ ਅਲੋਚਨਾ ਵੀ ਕਰਦੀ ਹੈ, ਪਰ ਸੋਚੋ ਜੇਕਰ ਨੋਜਵਾਨ ਨੂੰ ਫੇਸਬੁਕ ਦੀ ਹਰ ਪੋਸਟ ਪਹਿਲਾਂ ਸਰਕਾਰ ਨੂੰ ਭੇਜਣੀ ਪਵੇ ਅਤੇ ਸਰਕਾਰ ਜੋ ਚਾਹੇ ਉਹੀ ਫੇਸਬੁਕ ਤੇ ਵਿਖੇ ਤਾਂ ਕੀ ਹੋਵੇਗਾ। ਜੇਕਰ ਟਵੀਟਰ, ਵਟਸਅਪ ਦੇ ਮੈਸੇਜ ਤੇ ਲੱਗ ਜਾਵੇ ਸੈਂਸਰ। ਟੀਵੀ ਤੇ ਉਹੀ ਵਿਖੇ- ਅਖ਼ਬਾਰ ਵਿਚ ਉਹੀ ਛਪੇ ਜੋ ਸਕਰਾਰ ਚਾਹੇ- ਮਤਲਬ ਲੱਗ ਜਾਵੇ ਬੋਲਣ-ਲਿਖਣ- ਸੁਣਨ ਦੀ ਆਜ਼ਾਦੀ ਤੇ ਸੈਂਸਰ ਤਾਂ ਕੀ ਹੋਵੇਗਾ? ਅੱਜ ਦੀ ਪੀੜ੍ਹੀ ਕਲਪਨਾ ਵੀ ਨਹੀਂ ਕਰ ਸਕਦੀ, ਪਰ ਜਿਨ੍ਹਾਂ ਲੋਕਾਂ ਨੇ 42 ਸਾਲ ਪਹਿਲਾਂ ਅਮਰਜੰਸੀ ਦਾ ਦੌਰ ਵੇਖਿਆ ਹੈ, ਉਹ ਜਾਨਦੇ ਹਨ ਤਦ ਕੀ ਹੋਵੇਗਾ? 42 ਸਾਲ ਪਹਿਲਾਂ ਇੰਦਰਾ ਗਾਂਧੀ ਸਰਕਾਰ ਨੇ ਅਮਰਜੰਸੀ ਲਗਾਈ ਸੀ ਤਾਂ ਜੁਲਮ ਦਾ ਅਜਿਹਾ ਦੋਰ ਚੱਲਿਆ ਸੀ। ਸਵਾਲ ਇਹ ਹੈ ਕਿ 42 ਸਾਲ ਪਹਿਲਾਂ ਦੇਸ਼ ਵਿਚ ਕੀ ਹੋਇਆ ਕਿ ਅਮਰਜੰਸੀ ਦੀ ਜ਼ਰੂਰਤ ਪੈ ਗਈ, ਉਹ ਅਮਰਜੰਸੀ ਜੋ ਆਜ਼ਾਦ ਭਾਰਤ ਦੇ ਇਤਿਹਾਸ ਦਾ ਸਭ ਤੋਂ ਕਾਲਾ ਅਧਿਆਏ ਹੈ ਕਿਉਂਕੀ 42 ਸਾਲ ਪਹਿਲਾਂ 25 ਜੂਨ 1975 ਨੂੰ ਉਸ ਸਮੇਂ ਦੀ ਇੰਦਰਾ ਗਾਂਧੀ ਸਰਕਾਰ ਵੱਲੋਂ ਲਗਾਈ ਗਈ ਅਮਰਜੰਸੀ ਵਿਚ ਲੋਕਾਂ ਤੇ ਕੀਤੇ ਗਏ ਅੱਤਿਆਚਾਰ ਦੀ ਗਾਥਾ ਸੁਣਕੇ ਰੋਮ ਰੋਮ ਕੰਬ ਉਠਦਾ ਹੈ। ਇਸ ਅਮਰਜੰਸੀ ਦਾ ਵਿਰੋਧ ਕਰਨ ਵਾਲੇ ਦੇਸ਼ ਭਗਤਾਂ ਨਾਲ ਅੱਤਵਾਦੀਆਂ ਵਰਗਾ ਵਿਵਹਾਰ ਕੀਤਾ ਗਿਆ। ਇਸ ਅਮਰਜੰਸੀ ਦਾ ਫਾਜ਼ਿਲਕਾ ਤੋਂ ਵੀ ਪੰਜ ਨੋਜਵਾਨਾਂ ਵੱਲੋਂ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ਤੇ ਸਰਕਾਰ ਵੱਲੋਂ ਕਈ ਅੱਤਿਆਚਾਰ ਕੀਤੇ ਗਏ।
ਫਾਜ਼ਿਲਕਾ ਦੇ ਪੰਜ ' ਜਿੰਦਾ ਸ਼ਹੀਦ'
1975 'ਚ ਅਮਰਜੰਸ਼ੀ ਦੇ ਸਮੇਂ ਇੰਦਰਾ ਸਰਕਾਰ ਦਾ ਵਿਰੋਧ ਕਰਨ ਵਾਲੇ ਪ੍ਰੇਮ ਫੁੱਟੇਲਾ, ਜਨਕ ਝਾਂਬ, ਮਹੇਸ਼ ਗੁਪਤਾ, ਰਾਜ ਕੁਮਾਰ ਜੈਨ ਅਤੇ ਸੁਭਾਸ਼ ਫੁੱਟੇਲਾ ਨੂੰ ਫਾਜ਼ਿਲਕਾ ਦੇ ' ਜਿੰਦਾ ਸ਼ੀਦਾਂ' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਚਾਹੇ ਇਨ੍ਹਾਂ ਸਾਰਿਆਂ ਦੀ ਉਮਰ 60 ਸਾਲ ਤੋਂ ਵੱਧ ਹੋ ਚੁੱਕੀ ਹੈ ਅਤੇ ਸਿਰ ਦੇ ਵਾਲ ਸਫ਼ੇਦ ਵੀ ਹੋ ਚੁੱਕੇ ਹਨ, ਪਰ ਉਸ ਸਮੇਂ ਇਨ੍ਹਾਂ ਪੰਜਾਂ ਦੀ ਉਮਰ 17 ਤੋਂ 21 ਸਾਲ ਦੇ ਵਿਚਕਾਰ ਸੀ ਅਤੇ ਸਾਰੇ ਜਨਸੰਘ ਦੇ ਸਰਗਰਮ ਵਰਕਰ ਸਨ।
ਫਾਜ਼ਿਲਕਾ 'ਚ ਕੀਤਾ ਸਤਿਆਗ੍ਰਹਿ
ਅਮਰਜੰਸੀ ਦੇ ਦੌਰਾਨ ਸੰਘਰਸ਼ ਨੂੰ ਕੁਚਲਨ ਲਈ ਉਸ ਸਮੇਂ ਦੀ ਪ੍ਰਧਾਨਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਦਮਨਕਾਰੀ ਨੀਤੀ ਅਪਣਾਈ ਸੀ। ਉਸ ਸਮੇਂ ਕਿਸੇ ਤਰ੍ਹਾਂ ਦੀ ਰੈਲੀ ਅਤੇ ਮਾਰਚ ਕਰਨ 'ਤੇ ਪਾਬੰਦੀ ਸੀ, ਪਰ ਉਕਤ ਪੰਜਾਂ ਨੌਜਵਾਨਾਂ ਨੇ ਡੱਟਕੇ ਵਿਰੋਧ ਕੀਤਾ ਸੀ ਅਤੇ ਅਮਰਜੰਸੀ ਚ 14 ਨਵੰਬਰ 1975 ਨੂੰ ਫਾਜ਼ਿਲਕਾ 'ਚ ਸਤਿਆਗ੍ਰਹਿ ਕਰਨ ਦਾ ਫੈਸਲਾ ਕੀਤਾ। ਜਦਕਿ ਫਾਜ਼ਿਲਕਾ ਪ੍ਰਸ਼ਾਸਨ ਨੇ ਚੇਤਾਵਨੀ ਦੇ ਰਖੀ ਸੀ। ਸਥਾਨਕ ਗਾਂਧੀ ਚੌਕ ਤੋਂ ਨਿਕਲੇ 5 ਨੌਜਵਾਨਾਂ ਨੇ ਇੰਦਰਾ ਸਰਕਾਰ ਮੁਰਦਾਬਾਦ, ਕਾਂਗਰਸ ਸਰਕਾਰ ਮੁਰਦਾਬਾਦ, ਅਮਰਜੰਸੀ ਖ਼ਤਮ ਕਰੋ, ਤਾਨਾਸ਼ਾਹੀ ਖ਼ਤਮ ਕਰੋ ਦੇ ਨਾਅਰੇ ਸਾਰੇ ਸ਼ਹਿਰ 'ਚ ਲਗਾਏ ਇਸ ਦੌਰਾਨ ਪ੍ਰਤਾਪ ਬਾਗ ਦੇ ਕੋਲ ਪੰਜਾਬ ਪੁਲਸ ਨੇ ਘੇਰਾ ਪਾਕੇ ਡਾਂਗਾ ਵਰਸਾਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਫੜ੍ਹ ਕੇ ਪੁਲਿਸ ਸਟੇਸ਼ਨ ਲੈ ਗਈ।
ਦਹਾਕਿਆਂ ਬਾਅਦ ਵੀ ਜ਼ਖ਼ਮ ਹਰੇ
ਇਨ੍ਹਾਂ ਪੰਜਾਂ ਦੇਸ਼ ਭਗਤਾਂ ਨੂੰ ਅਮਰਜੰਸੀ ਦੌਰਾਨ ਸਖ਼ਤ ਯਾਤਨਾਵਾਂ ਦਿੱਤੀਆਂ ਗਈਆਂ, ਪਰ ਫਿਰ ਵੀ ਇਨ੍ਹਾਂ ਲੋਕਾਂ ਨੇ ਹੋਂਸਲਾ ਨਹੀਂ ਛੱਡਿਆ। ਅਮਰਜੰਸੀ ਦੇ ਅੱਤਿਆਚਾਰਾਂ ਸਬੰਧੀ ਇਨ੍ਹਾਂ ਦੇਸ਼ ਭਗਤਾਂ ਨੇ ਦੱਸਿਆ ਕਿ ਇੰਦਰਾ ਸਰਕਾਰ ਨੇ ਹੋਂਸਲਾ ਡਗਮਗਾਉਣ ਅਤੇ ਵਿਰੋਧ ਨੂੰ ਖ਼ਤਮ ਕਰਨ ਲਈ ਉਨ੍ਹਾਂ ਨੂੰ ਕਾਲ ਕੋਠੜੀ ਵਿਚ ਬੰਦ ਕਰ ਦਿੱਤਾ। ਉੱਥੇ ਉਨ੍ਹਾਂ ਨੂੰ ਬਰਫ਼ ਤੇ ਲਿਟਾਇਆ ਜਾਂਦਾ ਸੀ। ਮਿਰਚਾਂ ਵਾਲੀ ਬੋਰੀ 'ਚ ਬੰਦ ਕੀਤਾ ਜਾਂਦਾ ਸੀ। ਹੇਠਾਂ ਤੋਂ ਪਜ਼ਾਮੇ ਬੰਦ ਕਰਕੇ ਵਿਚ ਚੂਹੇ ਛੱਡੇ ਜਾਦੇ ਸਨ। ਇਸ ਤੋਂ ਇਲਾਵਾ ਕੁਰਸੀ ਦੰਡ ਅਤੇ ਕਰੰਟ ਵਰਗੀਆਂ ਕਈ ਯਾਤਨਾਵਾਂ ਦਿੱਗੀਆਂ ਗਈਆਂ। ਜਿਨ੍ਹਾਂ ਨੂੰ ਸੋਚ ਕੇ ਵੀ ਰੂਹ ਕੰਬ ਉਠਦੀ ਹੈ। ਉਨ੍ਹਾਂ ਨੂੰ ਨੰਗਾ ਕਰਕੇ ਪੜ੍ਹਤਾੜਤ ਕੀਤਾ ਜਾਂਦਾ ਸੀ। ਪ੍ਰੇਮ ਫੁੁਟੇਲਾ ਦੱਸਦੇ ਹਨ ਕਿ ਦਾਕਿਆਂ ਪਹਿਲਾਂ ਦਿੱਤੀਆਂ ਗਈਆਂ ਯਾਤਨਾਵਾਂ ਦਾ ਅੱਜ ਵੀ ਦਰਦ ਮਹਿਸੂਸ ਹੁੰਦਾ ਹੈ ਅਤੇ ਕਈ ਵਾਰ ਸਰੀਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਉਹ ਰਾਤ ਰਾਤ ਭਰ ਸੋ ਨਹੀਂ ਪਾਉਂਦੇ।
ਜੇਲਾਂ 'ਚ ਰਖੀ ਭੁੱਖ ਹੜ੍ਹਤਾਲ
ਇਨ੍ਹਾ ਪੰਜ ਦੇਸ਼ ਪ੍ਰੇਮੀਆਂ ਨੇ ਵੀ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਦੀ ਤਰ੍ਹਾਂ ਭੁੱਖ ਹੜ੍ਹਤਾਲ ਰੱਖੀ ਸੀ। ਬਸ ਫਰਕ ਇਨ੍ਹਾਂ ਸੀ ਕਿ ਉਨ੍ਹਾਂ ਮਹਾਨ ਸ਼ਹੀਦਾਂ ਨੇ ਬ੍ਰਿਟਿਸ਼ ਸਰਕਾਰ ਦੇ ਖਿਲਾਫ਼ ਅਜਿਹਾ ਕਦਮ ਚੁੱਕਿਆ ਸੀ ਅਤੇ ਇਨ੍ਹਾਂ ਪੰਜਾਂ ਨੂੰ ਆਪਣੇ ਹੀ ਦੇਸ਼ ਦੀ ਸਰਕਾਰ ਦੇ ਖਿਲਾਫ਼ ਭੁੱਖ ਹੜ੍ਹਤਾਲ ਰੱਖਣ ਲਈ ਮਜ਼ਬੂਰ ਹੋਣਾ ਪਿਆ। ਇਨ੍ਹਾਂ ਪੰਜਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਿਨੀਂ ਜ਼ੇਲ੍ਹ ਵਿਚ ਅਫ਼ਵਾਹ ਫੈਲ ਗਈ ਕਿ ਸਰਕਾਰ ਤੋਂ ਮਾਫ਼ੀ ਨਾ ਮੰਗਣ ਵਾਲਿਆਂ ਦੇ ਖਾਣੇ ਵਿਚ ਚੁਪ ਚਪੀਤੇ ਕੋਈ ਜਹਰੀਲੀ ਚੀਜ਼ ਮਿਲਾ ਮਾਰ ਦਿੱਤਾ ਜਾਵੇਗਾ। ਅਜਿਹੇ ਵਿਚ ਇਨ੍ਹਾਂ ਦੇਸ਼ ਭਗਤਾਂ ਨੇ ਆਪਣੇ ਸਾਥੀਆਂ ਨਾਲ ਭੁੱਖ ਹੜ੍ਹਤਾਲ ਰੱਖਦੇ ਹੋਏ ਕਿਹਾ ਕਿ ਉਹ ਬੁਜਦਿਲੀ ਵਾਲੀ ਮੌਤ ਨਹੀਂ ਸਗੋਂ ਇੱਕ ਦੇਸ਼ ਭਗਤ ਦੀ ਤਰ੍ਹਾਂ ਮਰਨਾ ਪਸੰਦ ਕਰਨਗੇ।
ਜਜਬਾ ਹੁਣ ਵੀ ਜਵਾਨਾਂ ਵਰਗਾ
ਇਨ੍ਹਾਂ ਪੰਜ ਦੇਸ਼ ਭਗਤਾਂ ਵਿਚ ਹਾਲੇ ਵੀ ਜਜਬਾ ਜਵਾਨਾਂ ਵਰਗਾ ਹੈ ਅਤੇ ਹਾਲੇ ਵੀ ਦੇਸ਼ ਤੇ ਮਰ ਮਿੱਟਣ ਦੀ ਇੱਛਾ ਰਖਦੇ ਹਨ। ਮਹੇਸ਼ ਗੁਪਤਾ ਅਤੇ ਸੁਭਾਸ਼ ਫੁਟੇਲਾ ਕਹਿੰੰਦੇ ਹਨ ਕਿ ਅਮਰਜੰਸੀ ਦੌਰਾਨ ਸਰਕਾਰ ਦੇ ਵਿਰੋਧ ਲਈ ਉਨ੍ਹਾਂ ਤੋਂ ਜੋ ਹੋ ਸਕਿਆ ਉਹ ਕੀਤਾ। ਜਨਕ ਝਾਂਬ ਅਤੇ ਪ੍ਰੇਮ ਫੁੱਟੇਲਾ ਦਾ ਕਹਿਣਾ ਹੈ ਕਿ ਦੇਸ਼ ਤੋਂ ਵੱਧ ਕੋਈ ਨਹੀਂ ਹੈ। ਰਾਸ਼ਟਰ ਦੇ ਵਿਰੋਧ ਵਿਚ ਕੰਮ ਕਰਨ ਵਾਲੀ ਚਾਹੇ ਉਹ ਸਰਕਾਰ ਹੋਵੇ ਜਾਂ ਫਿਰ ਕੋਈ ਸੰਸਥਾ ਜਾਂ ਕੋਈ ਵੀ ਵਿਅਕਤੀ ਹੋਵੋ, ਦਾ ਹਰ ਇੱਕ ਨੂੰ ਵਿਰੋਧ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੇ ਅਮਰਜੰਸੀ ਵਿਚ ਜੋ ਕੀਤਾ, ਉਸ ਤੇ ਉਨ੍ਹਾਂ ਨੂੰ ਮਾਣ ਹੈ। ਰਾਜ ਕੁਮਾਰ ਜੈਨ ਦਾ ਕਹਿਣਾ ਹੈ ਕਿ ਉਹ ਖੁਦ ਨੂੰ ਖੁਸ਼ਕਿਸਮਤ ਵਾਲੇ ਮਨਦੇ ਹਨ ਜਿਨ੍ਹਾਂ ਨੂੰ ਦੇਸ਼ ਦੇ ਪ੍ਰਤੀ ਪ੍ਰੇਮ ਅਤੇ ਸਨੇਹ ਵਿਖਾਉਣ ਦਾ ਮੌਕਾ ਮਿਲਿਆ।
ਸ਼ਹੀਦਾਂ ਦੇ ਸੁਪਨੇ ਹਾਲੇ ਵੀ ਅਧੂਰੇ
ਇਨ੍ਹਾਂ ਪੰਜਾਂ ਦੇਸ਼ ਪ੍ਰੇਮੀਆਂ ਦਾ ਕਹਿਣਾ ਹੈ ਕਿ ਦੇਸ਼ ਨੂੰ ਆਜ਼ਾਦ ਹੋਏ ਸਾਢੇ 6 ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਅਮਰਜੰਸੀ ਖ਼ਤਮ ਹੋਏ ਵੀ 42 ਸਾਲ ਦਾ ਸਮਾਂ ਹੋ ਚੁੱਕਿਆ ਹੈ, ਪਰ ਅਫਸੋਰ ਹੈ ਕਿ ਅਸੀਂ ਹਾਲੇ ਵੀ ਦੇਸ਼ ਦੇ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਸਕੇ ਹਾਂ। ਸ਼ਹੀਦਾਂ ਨੇ ਜਿਸ ਸੋਚ ਨਾਲ ਆਪਣੀ ਸ਼ਹਾਦਤ ਦਿੰਦੇ ਹੋਏ ਦੇਸ਼ ਨੂੰ ਆਜ਼ਾਦ ਕਰਵਾਇਆ, ਉਸ ਸੋਚ ਨੂੰ ਹਾਲੇ ਵੀ ਲਾਗੂ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਕਿਹਾ ਕਿ ਦੇਸ਼ ਨੇ ਸਾਨੂੰ ਬਹੁਤ ਕੁਝ ਦਿੱਤਾ, ਪਰ ਅੱਜ ਦੀ ਨੋਜਵਾਨ ਪੀੜ੍ਹੀ ਨੂੰ ਵੀ ਆਪਣਾ ਨੈਤਿਕ ਅਤੇ ਰਾਸ਼ਟਰ ਦੇ ਪ੍ਰਤੀ ਫਰਜ਼ ਨਿਭਾਉਂਦੇ ਹੋਏ ਰਾਸ਼ਟਰ ਦੀ ਮਜ਼ਬੂਤੀ ਅਤੇ ਦੇਸ਼ ਦੀ ਤਰੱਕੀ ਲਈ ਕੰਮ ਕਰਨਾ ਚਾਹੀਦਾ ਹੈ।
ਨਹੀਂ ਚਾਹੀਦਾ ਸਰਕਾਰ ਤੋਂ ਕੋਈ ਤਮਗਾ
ਇਨ੍ਹਾਂ ਦੇਸ਼ ਭਗਤਾਂ ਦੇ ਪ੍ਰਤੀ ਚਾਹੇ ਸਰਕਾਰ ਅਤੇ ਪ੍ਰਸ਼ਾਸਨ ਨੇ ਆਪਣਾ ਕੋਈ ਫਰਜ਼ ਨਹੀਂ ਨਿਭਾਇਆ। ਇਸ ਨਾਲ ਇਨ੍ਹਾਂ ਪੰਜਾਂ ਵਿਚ ਸਰਕਾਰ ਅਤੇ ਪ੍ਰਸ਼ਾਸਨ ਦੇ ਪ੍ਰਤੀ ਰੋਸ ਵੀ ਹੈ, ਪਰ ਇਨ੍ਹਾਂ ਦੇਸ਼ ਭਗਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰ ਤੋਂ ਕੋਈ ਤਮਗਾ ਨਹੀਂ ਚਾਹੀਦਾ। ਜੇਕਰ ਸਰਕਾਰ ਨੂੰ 42 ਵਰ੍ਹਿਆਂ ਵਿਚ ਵੀ ਉਨ੍ਹਾਂ ਦੀ ਯਾਦ ਨਹੀਂ ਆਈ ਤਾਂ ਬਾਕੀ ਜਿੰਦਗੀ ਵੀ ਖੁਦ ਜੀ ਲੈਣਗੇ। ਇਨ੍ਹਾਂ ਦੇਸ਼ ਭਗਤਾਂ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਤੋਂ ਨਾ ਤਾਂ ਕਦੇ ਸੰਜਿਦਗੀ ਅਤੇ ਹਮਦਰਦੀ ਦੀ ਉਮੀਦ ਕੀਤੀ ਸੀ ਅਤੇ ਨਾ ਹੀ ਹੁਣ ਕਰਦੇ ਹਨ।
01
ਫੋਟੋ ਕੈਪਸ਼ਨ: ਫਾਜ਼ਿਲਕਾ ਵਾਸੀ ਪ੍ਰੇਮ ਫੁੱਟੇਲਾ, ਜਨਕ ਰਾਜ ਝਾਂਬ, ਰਾਜ ਕੁਮਾਰ ਜੈਨ, ਮਹੇਸ਼ ਗੁਪਤਾ, ਸੁਭਾਸ਼ ਫੁੱਟੇਲਾ ਜਿਨ੍ਹਾਂ ਨੇ ਦੇਸ਼ 'ਚ ਸਰਕਾਰ ਵੱਲੋਂ ਮਾਨਵ ਅਧਿਕਾਰਾਂ ਦੇ ਹੋ ਰਹੇ ਹਨਨ ਦੇ ਖਿਲਾਫ਼ ਆਵਾਜ਼ ਚੁੱਕਣ ਦਾ ਫੈਸਲਾ ਲਿਆ ਸੀ।
——————————–
ਅਮਰਜੰਸੀ ਦੌਰਾਨ ਯਾਤਨਾਵਾਂ ਭੋਗਣ ਵਾਲੇ ਵਰਕਰਾਂ ਨੇ ਮਨਾਇਆ ਕਾਲਾ ਦਿਵਸ
ਫਾਜ਼ਿਲਕਾ, 25 ਜੂਨ (ਵਿਨੀਤ ਅਰੋੜਾ): 25 ਜੂਨ 1975 ਨੂੰ ਦੇਸ਼ ਭਰ ਵਿਚ ਲੱਗੀ ਅਮਰਜੰਸੀ ਦੇ ਦੌਰਾਨ ਲੋਕਤੰਤਰ ਨੂੰ ਫਿਰ ਤੋਂ ਆਜ਼ਾਦ ਕਰਵਾਉਣ ਵਲੇ ਵਰਕਰਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਯਾਤਨਾਵਾਂ ਦੇਣ ਵਾਲੀ ਇੰਦਰਾ ਗਾਂਧੀ ਸਰਕਾਰ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਯਾਤਨਾ ਭੋਗਣ ਵਾਲੇ ਵਰਕਰਾਂ ਨੇ ਅੱਜ ਫਾਜ਼ਿਲਕਾ ਦੇ ਅਰੋੜਵੰਸ਼ ਭਵਨ ਵਿਚ ਪ੍ਰਦੇਸ਼ ਪੱਧਰੀ ਪ੍ਰੋਗਰਾਮ ਦਾ ਅਯੋਜਨ ਕਰਕੇ ਕਾਲਾ ਦਿਵਸ ਮਨਾਇਆ।
ਇਸ ਮੌਕੇ ਲੋਕਤੰਤਰ ਸੈਨਾਨੀ ਸੰਘ ਪੰਜਾਬ ਦੇ ਸੂਬਾਈ ਪ੍ਰਧਾਨ ਓਮ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਉਸ ਸਮੇਂ ਸਵ. ਇੰਦਰਾ ਗਾਂਧੀ ਦੀ ਸਰਕਾਰ ਨੇ ਵਰਕਰਾਂ ਤੇ ਇਨਾਂ ਜੁਲਮ ਕੀਤਾ ਜਿਨ੍ਹਾਂ ਅੰਗੇਜ਼ਾਂ ਨੇ ਵੀ ਨਹੀਂ ਕੀਤਾ। ਉਨ੍ਹਾਂ ਦਿਨਾਂ ਦੇ ਜੁਲਮਾਂ ਨੂੰ ਯਾਦ ਕਰਦੇ ਹੋਏ ਹੁਣ ਵੀ ਸਾਰਿਆਂ ਦੇ ਰੋਂਗਟੇ ਖੜ੍ਹੇ ਹੋ ਜਾਂਦੇ ਹਨ। ਨਗਰ ਕੌਂਸਲ ਦ ਸਾਬਕਾ ਪ੍ਰਧਾਨ ਬਜਰੰਗ ਲਾਲ ਗੁਪਤਾ ਨੇ ਦੱਸਿਆ ਕਿ ਅਖਿਲ ਭਾਤੀ ਦਾ ਇਹ ਲੋਕਤੰਤਰ ਸੰਘ ਫਿਰ ਤੋਂ ਦੇਸ਼ ਵਿਚ ਲੋਕਤੰਤਰ ਮੁੰਕਤ ਕਰਵਾਉਣ ਅਤੇ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਦੇ ਲਈ ਅੱਗੇ ਆਵੇ। ਅਸ਼ੋਕ ਵਾਟਸ ਨੇ ਅਮਰਜੰਸੀ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਵਿਦਿਆਰਥੀ ਜੀਵਨ ਵਿਚ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਫਿਰੋਜ਼ਪੁਰ ਦੀ ਜੇਲ ਵਿਚ ਹੀ ਮੈਟਿੰਕ ਦੀ ਪੜ੍ਹਾਈ ਕੀਤੀ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਰੱਖਿਆ ਕਰਦੇ ਹੋਏ ਗ੍ਰਿਫ਼ਤਾਰ ਵਰਕਰਾਂ ਨੂੰ ਦੇਸ਼ ਭਰ ਵਿਚ ਮਾਨ ਸਨਮਾਨ ਲਈ 20 ਤੋਂ 25 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਂਦੀ ਹੈ। ਜਦਕਿ ਪੰਜਾਬ ਵਿਚ ਬਹੁਤ ਘੱਟ ਹੈ। ਇਸ ਦੇ ਲਈ ਮੋਦੀ ਸਰਕਾਰ ਸਾਰਿਆਂ ਨੂੰ ਇੱਕ ਸਮਾਨ ਪੈਨਸ਼ਨ ਜਾਰੀ ਕਰੇ। ਸੰਘ ਦੇ ਸੂਬਾਈ ਜਨਰਲ ਸਕੱਤਰ ਰਾਜ ਕੁਮਾਰ ਜੈਨ ਨੇ ਦੱਸਿਆ ਕਿ ਉਸ ਸਮੇਂ ਉਨ੍ਹਾਂ ਨੂੰ ਜਿਨੀਆਂ ਸਖ਼ਤ ਯਾਤਨਾਵਾਂ ਦਿਤੀਆਂ ਗਈਆਂ ਉਹ ਹੁਣ ਤੱਕ ਵੀ ਸਹਿਣ ਨਹੀਂ ਹੋ ਪਾ ਰਹੀਆਂ।
ਇਸ ਮੌਕੇ ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਮਹਿੰਦਰ ਪ੍ਰਤਾਪ ਧੀਂਗੜਾ, ਡਾ. ਰਕੇਸ਼ ਵਰਮਾ, ਓਂਕਾਰ ਸ਼ਰਮਾ, ਹੰਸ ਰਾਜ ਤਿੰਨ੍ਹਾ, ਜਨਕ ਰਾਜ ਝਾਂਬ, ਲੀਲਾਧਰ ਸ਼ਰਮਾ, ਚੋਧਰੀ ਪ੍ਰਕਾਸ਼ ਚੰਦ ਮਲੇਠੀਆ, ਪੰਬਾੀ ਸੂਬਾ ਦੇ ਵਰਕਰ ਚਰਨ ਸਿੰਘ, ਭਾਪਾ ਕੌਂਸਲਰ ਦੇਵ ਰਾਜ ਮੋਂਗਾ, ਸੰਘ ਦੇ ਹਰਿਆਣਾ ਪ੍ਰਦੇਸ਼ ਪ੍ਰਧਾਨ ਬਲਵੰਤ ਸਿੰਘ ਨੇ ਵੀ ਆਪਣੇ ਵਿਚਾਰ ਰਖੇ।
ਇਸ ਮੌਕੇ ਜਲਾਲਾਬਾਦ, ਅਬੋਹਰ, ਫਿਰੋਜ਼ਪੁਰ ਅਤੇ ਹੋਰਨਾਂ ਥਾਵਾਂ ਤੋਂ ਆਏ ਲੋਕਤੰਤਰ ਸੈਨਾਨੀ ਸੰਘ ਦੇ ਵਰਕਰਾਂ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਦਾ ਚਿੱਤਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਅੰਤ ਵਿਚ ਵਿਛੜੇ ਵਰਕਰਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਰੱਖਕੇ ਪ੍ਰਥਣਾ ਕੀਤੀ ਗਈ। ਜਿਨ੍ਹਾਂ ਨੇ ਅਮਰਜੰਸੀ ਦੇ ਦੌਰਾਨ ਜੇਲਾਂ ਵਿਚ ਯਾਤਨਾਵਾਂ ਸਹੀਆਂ।