Ferozepur News

ਅਧਿਅਾਪਕ ਦਿਵਸ ਤੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਅਧਿਅਾਪਕ ਪੁਰਸਕਾਰ ਨਾਲ ਸਨਮਾਨਿਤ ਸ਼੍ਰੀਮਤੀ ਭੁਪਿੰਦਰ ਕੌਰ ਦਾ ਪਿੰਡ ਪੁੱਜਣ ਤੇ ੲਿਲਾਕਾ ਵਾਸੀਅਾਂ ਵੱਲੋਂ ਭਰਵਾ ਸਵਾਗਤ

ਫਿਰੋਜ਼ਪੁਰ 6 ਸਤੰਬਰ (    ) ਸਰਕਾਰੀ ਪ੍ਰਾਇਮਰੀ ਸਕੂਲ ਕਾਮਲ ਵਾਲਾ ਵਿਖੇ ਬਤੌਰ ਹੈੱਡ ਟੀਚਰ ਤਾਇਨਾਤ ਸ਼੍ਰੀਮਤੀ ਭੁਪਿੰਦਰ ਕੌਰ ਨੂੰ ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਦੇ ਮੌਕੇ ਤੇ ਸ਼ਲਾਘਾਯੋਗ ਕੰਮ ਕਰਨ ਦੇ ਬਦਲੇ ਰਾਜ ਪੱਧਰੀ ਵਿਸ਼ੇਸ਼ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਅੱਜ ਪਿੰਡ ਵਾਸੀਆਂ ਵੱਲੋਂ ਸਕੂਲ ਦੇ ਮੁਖੀ ਨੂੰ ਇਹ ਐਵਾਰਡ ਮਿਲਣ ਕਰਕੇ ਗਰਮਜ਼ੋਸ਼ੀ ਨਾਲ ਸਵਾਗਤ ਕੀਤਾ ਗਿਆ। ਜਿਕਰਯੋਗ ਹੈ ਕਿ ਭੁਪਿੰਦਰ ਕੌਰ ਸਾਲ 2004 ਤੋਂ 2016 ਤੱਕ ਸਰਕਾਰੀ ਪ੍ਰਾਇਮਰੀ ਸਕੂਲ ਨਾੜੇ ਵਿੱਚ ਸੇਵਾਵਾਂ ਦਿੱਤੀਆਂ  ਇਸ ਸਕੂਲ ਵਿੱਚ ਉਹਨਾਂ ਦੇ ਨਤੀਜੇ ਹਮੇਸ਼ਾ 100% ਰਹੇ ਅਤੇ ਮਾਰਚ 2016 ਵਿੱਚ ਇਸ ਸਕੂਲ ਨੇ ਪ੍ਰਵੇਸ਼ ਪ੍ਰੋਜੈਕਟ ਦੇ ਦੇ ਤਹਿਤ ਸਕੂਲ ਦੇ 100% ਨਤੀਜੇ ਨਾਲ ਪੂਰੇ ਪੰਜਾਬ ਵਿੱਚੋਂ ਪਹਿਲਾ ਰੈਂਕ ਪ੍ਰਾਪਤ ਕੀਤਾ। ਅਗਸਤ 2016 ਵਿੱਚ ਬਤੌਰ ਹੈੱਡ ਟੀਚਰ ਤਰੱਕੀ ਹੋਣ ਤੋਂ ਬਾਅਦ ਸਰਕਾਰੀ ਪ੍ਰਾਇਮਰੀ ਸਕੂਲ ਕਾਮਲਵਾਲਾ ਦੀ ਕਮਾਂਡ ਸੰਭਾਲੀ ਅਤੇ ਸਕੂਲ ਦਾ ਕਾਇਆ ਕਲਪ ਕਰਨ ਦੇ ਲਈ ਦਿਨ-ਰਾਤ ਇੱਕ ਕਰ ਦਿੱਤਾ। ਸਕੂਲ ਬਿਲਡਿੰਗ ਦੀ ਦਿੱਖ ਸੰਵਾਰੀ ਅਤੇ ਪਾਰਕ ਬਣਵਾਈ। ਵੱਖ-ਵੱਖ ਸੰਸਥਾਵਾਂ ਤੋਂ ਦਾਨ ਲੈ ਕੇ ਸਕੂਲ ਦੇ ਮੁੱਢਲੇ ਢਾਂਚੇ ਦਾ ਵਿਕਾਸ ਕੀਤਾ ਅਤੇ ਬੱਚਿਆਂ ਨੂੰ ਮਲਟੀਮੀਡੀਆ ਦੀ ਵਰਤੋਂ ਨਾਲ ਰੁਚੀਦਾਇਕ ਢੰਗ ਨਾਲ ਸਿੱਖਿਆ ਦੇਣ ਲਈ ਐੱਲ.ਈ.ਡੀ.ਲਗਵਾ ਕੇ ਸਕੂਲ ਨੂੰ ਸਮਾਰਟ ਸਕੂਲ ਬਣਾਇਆ। ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਅੰਗਰੇਜ਼ੀ ਮਾਧਿਅਮ ਸ਼ੁਰੂ ਕੀਤਾ ਗਿਆ। ਬੱਚਿਆਂ ਦੇ ਸਿੱਖਣ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਅਧਿਆਪਿਕਾ ਵੱਲੋਂ ਸਕੂਲ ਸਮੇਂ ਤੋਂ ਬਾਅਦ ਸਪੈਸ਼ਲ ਕੋਚਿੰਗ ਦਿੱਤੀ ਗਈ ਜਿਸ ਦੀ ਬਦੌਲਤ ਸਕੂਲ ਨੇ ਮਾਰਚ 2018 ਵਿੱਚ 80 ਤੋਂ ਵੱਧ ਗਿਣਤੀ ਵਾਲੇ ਸਕੂਲਾਂ ਵਿੱਚੋਂ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਤਹਿਤ 95.22% ਨਤੀਜਾ ਦਿੰਦਿਆਂ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਸਹਿ-ਵਿਦਿਅਕ ਗਤੀਵਿਧੀਆਂ ਤਹਿਤ ਪੰਜਵੀਂ ਜਮਾਤ ਦੇ ਵਿਦਿਆਰਥੀ ਸੁਖਦੇਵ ਸਿੰਘ ਨੇ ਪ੍ਰਾਇਮਰੀ ਪੱਧਰ ਦੀਆਂ ਰਾਜ ਪੱਧਰੀ ਖੇਡਾਂ ਜੋ ਪਟਿਆਲਾ ਵਿਖੇ ਹੋਈਆਂ ਵਿੱਚੋਂ ਸਿਲਵਰ ਮੈਡਲ ਪ੍ਰਾਪਤ ਕੀਤਾ। ਅਨਮੋਲਪ੍ਰੀਤ ਸਿੰਘ ਨੇ ਨੈਤਿਕ ਸਿੱਖਿਆ ਤਹਿਤ ਹੋਈ ਪ੍ਰੀਖਿਆ ਵਿੱਚੋਂ ਫਿਰੋਜ਼ਪੁਰ-ਮੋਗਾ ਜ਼ੋਨ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਸਕੂਲ ਦੇ 4 ਵਿਦਿਆਰਥੀਆਂ ਨੇ ਕੱਬ-ਬੁਲਬੁਲ ਵਿੱਚ ਨੈਸ਼ਨਲ ਗੋਲਡਨ ਐਵਾਰਡ ਪ੍ਰਾਪਤ ਕੀਤਾ। ਇੱਕ ਵਿਦਿਆਰਥਣ ਦੀ ਪੂਰੇ ਉੱਤਰੀ ਭਾਰਤ ਵਿਚੋਂ ਚੋਣ ਵਰਲਡ ਐਸੋਸੀਏਸ਼ਨ ਆਫ ਗਰਲ ਗਾਈਡਜ਼ ਐਂਡ ਗਰਲ ਸਕਾਊਟਸ ਵੱਲੋਂ ਥਿਕਿੰਗ ਡੇ ਲਈ ਕੀਤੀ ਗਈ। ਸਕੂਲ ਵਿੱਚ ਪਿਛਲੇ ਦੋ ਸਾਲਾਂ ਤੋਂ ਗਰਮੀ ਦੀਆਂ ਛੁੱਟੀਆਂ ਦੌਰਾਨ ਸਮਰ-ਕੈਂਪ ਲਗਾਏ ਜਾਂਦੇ ਹਨ। ਉਕਤ ਵਿੱਦਿਅਕ ਤੇ ਸਹਿ-ਵਿੱਦਿਅਕ ਗਤੀਵਿਧੀਆਂ ਦੇ ਨਤੀਜੇ ਵਜੋਂ ਸਕੂਲ ਵਿੱਚ 2016 ਦੇ ਮੁਕਾਬਲੇ 2018 ਤੱਕ ਵਿਦਿਆਰਥੀਆਂ ਦੀ 47% ਗਿਣਤੀ ਵਿੱਚ ਵਾਧਾ ਹੋਇਆ। ਇਹ ਸਕੂਲ ਦੋ ਵਾਰ ਸਟੇਟ ਪੱਧਰ ਤੇ ਪੰਜਾਬ ਦੇ 400 ਸੋਹਣੇ ਸਕੂਲਾਂ ਦੀ ਹੋਈ ਵਰਕਸ਼ਾਪ ਵਿੱਚ ਵੀ ਭਾਗ ਲੈ ਚੁੱਕਾ ਹੈ। ਇਸ ਸਕੂਲ ਨੂੰ ਸਾਲ 2017-18 ਲਈ ਜ਼ਿਲ਼੍ਹਾ ਪੱਧਰੀ ਸਵੱਛ ਵਿਦਿਆਲਿਆ ਪੁਰਸਕਾਰ ਵੀ ਪ੍ਰਾਪਤ ਹੋ ਚੁੱਕਾ ਹੈ। ਉਕਤ ਪ੍ਰਾਪਤੀਆਂ ਲਈ ਪਹਿਲਾਂ ਵੀ ਸਮੇਂ-ਸਮੇਂ ਤੇ ਸਕੂਲ ਮੁਖੀ ਭੁਪਿੰਦਰ ਕੌਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਮੌਕੇ ਅਧਿਆਪਿਕਾ ਦੀ ਹੌਂਸਲਾ ਅਫਜਾਈ ਕਰਨ ਦੇ ਲਈ ਨੇਕ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.), ਸ਼੍ਰੀ ਪਰਦੀਪ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.), ਸੁਖਵਿੰਦਰ ਸਿੰਘ ਉੱਪ-ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.) ਫਿਰੋਜ਼ਪੁਰ, ਸ਼੍ਰੀ ਕੋਮਲ ਸ਼ਰਮਾ ਪ੍ਰਿੰਸੀਪਲ ਸਸਸਸ ਮੱਲਾਂਵਾਲਾ ਖਾਸ ਨੇ ਸਕੂਲ ਪਹੁੰਚ ਕੇ ਸਮੂਹ ਸਟਾਫ ਅਤੇ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਸਕੂਲ ਵਿੱਚ ਹੋ ਰਹੀਆਂ ਗਤੀਵਿਧੀਆਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਸ਼੍ਰੀ ਮਹਿੰਦਰ ਸ਼ੈਲੀ ਕੋਆਰਡੀਨੇਟਰ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ, ਸੁਭਾਸ਼ ਕੁਮਾਰ ਅਤੇ ਪਾਰਸ ਖੁੱਲਰ ਸਹਾਇਕ-ਕੋਆਰਡੀਨੇਟਰ, ਪ੍ਰਵੀਨ ਕੁਮਾਰ ਬੀ.ਐੱਮ.ਟੀ., ਪਿੰਡ ਦੇ ਸਰਪੰਚ ਪਰਮਜੀਤ ਸਿੰਘ, ਸ਼ੇਰੇ ਪੰਜਾਬ ਯੂਥ ਕਲੱਬ ਦੇ ਮੈਂਬਰ, ਐੱਸ.ਐੱਮ.ਸੀ. ਮੈਂਬਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ  ਕਾਮਲ ਵਾਲਾ ਦਾ ਸਮੂਹ ਸਟਾਫ  ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।

Related Articles

Back to top button