ਅਣਪਛਾਤੇ ਲੁਟੇਰੇ 1 ਲੱਖ 90 ਹਜ਼ਾਰ ਦੀ ਨਕਦੀ ਖੋਹ ਕੇ ਫਰਾਰ
ਗੁਰੂਹਰਸਹਾਏ, 21 ਸਤੰਬਰ (ਪਰਮਪਾਲ ਗੁਲਾਟੀ)- ਸਥਾਨਕ ਸ਼ਹਿਰ ਦੇ ਨਜਦੀਕ ਪਿੰਡ ਮੋਹਨ ਕੇ ਉਤਾੜ ਵਿਖੇ ਗੋਲੂ ਕਾ ਰੋਡ ਤੋਂ ਕਾਰ ਸਵਾਰ 5 ਅਣਪਛਾਤੇ ਲੁਟੇਰੇ ਬੱਸ ਮਾਲਕ ਤੋਂ 1 ਲੱਖ 90 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਬੱਸ ਮਾਲਕ ਤਿਲਕ ਰਾਜ ਕਾਲੜਾ ਦੇ ਸਪੁੱਤਰ ਪ੍ਰਿੰਸ ਕੁਮਾਰ ਸਵੇਰੇ ਕਰੀਬ 11 ਵਜੇ ਐਚ.ਡੀ.ਐਫ.ਸੀ ਬੈਂਕ ਵਿਚੋਂ ਚੈਕੱ ਰਾਹੀਂ 2 ਲੱਖ ਰੁਪਏ ਦੀ ਨਕਦੀ ਕਢਵਾ ਕੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਵਾਪਸ ਗੋਲੂ ਕਾ ਮੋੜ ਨੂੰ ਜਾ ਰਿਹਾ ਸੀ ਤਾਂ ਜਦੋਂ ਉਹ ਪਿੰਡ ਮੋਹਨ ਕੇ ਉਤਾੜ ਦੇ ਨਜ਼ਦੀਕ ਨਹਿਰ ਕੋਲ ਪੁੱਜਾ ਤਾਂ ਉਸਦਾ ਪਿੱਛਾ ਕਰ ਰਹੇ ਸਵਿਫਟ ਕਾਰ ਸਵਾਰ 5 ਅਣਪਛਾਤੇ ਨਕਾਬਪੋਸ਼ ਲੁਟੇਰਿਆਂ ਨੇ ਪ੍ਰਿੰਸ ਦੇ ਮੋਟਰਸਾਈਕਲ ਦੇ ਅੱਗੇ ਆਪਣੀ ਕਾਰ ਲਗਾ ਕੇ ਰੋਕ ਲਿਆ ਅਤੇ ਉਸਨੂੰ ਫੜ ਕੇ ਆਪਣੀ ਕਾਰ ਵਿੱਚ ਸੁੱਟ ਲਿਆ। ਲੁਟੇਰੇ ਪ੍ਰਿੰਸ ਕੁਮਾਰ ਨੂੰ ਨਹਿਰ ਦੇ ਨਾਲ ਲਿੰਕ ਰੋਡ 'ਤੇ ਲੈ ਗਏ ਅਤੇ ਉਸ ਨਾਲ ਮਾਰਕੁੱਟ ਕਰਨ ਉਪਰੰਤ ਉਸਨੂੰ ਨਸ਼ੀਲੀ ਦਵਾਈ ਰੁਮਾਲ ਨਾਲ ਸੁੰਘਾ ਕੇ ਬੇਹੋਸ਼ ਕਰ ਦਿੱਤਾ। ਲੁਟੇਰਿਆਂ ਨੇ ਪਿੰ੍ਰਸ ਦੀ ਜੇਬ ਵਿਚ ਮੋਜੂਦ 2 ਹਜ਼ਾਰ ਦੇ ਨੋਟਾਂ ਵਾਲੀ 1 ਲੱਖ 90 ਹਜ਼ਾਰ ਰੁਪਏ ਦੀ ਨਕਦੀ ਕੱਢ ਲਈ ਅਤੇ ਪ੍ਰਿੰਸ ਉਥੇ ਲਿੰਕ ਰੋਡ ਤੇ ਸੁੱਟ ਦਿੱਤਾ, ਜਦਕਿ ਬੈਂਕ ਵਲੋਂ ਮਿਲੀ 10-10 ਦੇ ਨੋਟਾਂ ਵਾਲੀ 10 ਹਜ਼ਾਰ ਦੀ ਰੁਪਏ ਦੀ ਰਾਸ਼ੀ ਜੋ ਕਿ ਮੋਟਰਸਾਈਕਲ ਦੇ ਹੈਂਡਲ ਨਾਲ ਲਿਫਾਫੇ ਵਿਚ ਸੀ, ਚੋਰਾਂ ਦੇ ਹੱਥ ਲੱਗਣੋਂ ਬੱਚ ਗਈ। ਘਟਨਾ ਦੇ ਕਰੀਬ 1 ਘੰਟੇ ਬਾਅਦ ਜਦੋਂ ਪ੍ਰਿੰਸ ਨੂੰ ਹੋਸ਼ ਆਈ ਤਾਂ ਉਸਨੇ ਆਪਣੇ ਪਿਤਾ ਤਿਲਕ ਰਾਜ ਨੂੰ ਪੂਰੀ ਘਟਨਾ ਫੋਨ ਤੇ ਦੱਸੀ ਅਤੇ ਇਸ ਤੋਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਪੂਰੀ ਘਟਨਾ ਦਾ ਜਾਇਜਾ ਲੈਂਦੇ ਹੋਏ ਆਪਣੀ ਕਾਰਵਾਈ ਬਰੀਕੀ ਨਾਲ ਸ਼ੁਰੂ ਕਰ ਦਿੱਤੀ ਹੈ।