ਅਗਨੀਵੀਰ ਅਤੇ ਹੋਰ ਸ਼੍ਰੇਣੀਆਂ ਵਜੋਂ ਫੌਜ ਦੀ ਭਰਤੀ ਲਈ ਆਨਲਾਈਨ ਆਮ ਦਾਖਲਾ ਪ੍ਰੀਖਿਆ (ਸੀ.ਈ.ਈ.) ਸੰਪਨ ਹੋਇਆ: ਕਰਨਲ ਸੌਰਭ
ਪਾਸ ਉਮੀਦਵਾਰਾਂ ਨੂੰ ਜੂਨ 2023 ਤੋਂ ਬਾਅਦ ਭਰਤੀ ਰੈਲੀਆਂ ਲਈ ਬੁਲਾਇਆ ਜਾਵੇਗਾ
ਅਗਨੀਵੀਰ ਅਤੇ ਹੋਰ ਸ਼੍ਰੇਣੀਆਂ ਵਜੋਂ ਫੌਜ ਦੀ ਭਰਤੀ ਲਈ ਆਨਲਾਈਨ ਆਮ ਦਾਖਲਾ ਪ੍ਰੀਖਿਆ (ਸੀ.ਈ.ਈ.) ਸੰਪਨ ਹੋਇਆ: ਕਰਨਲ ਸੌਰਭ
ਪਾਸ ਉਮੀਦਵਾਰਾਂ ਨੂੰ ਜੂਨ 2023 ਤੋਂ ਬਾਅਦ ਭਰਤੀ ਰੈਲੀਆਂ ਲਈ ਬੁਲਾਇਆ ਜਾਵੇਗਾ
ਫਿਰੋਜ਼ਪੁਰ, 26 ਅਪ੍ਰੈਲ 2023 :
ਭਾਰਤੀ ਫੌਜ ਨੇ ਅਗਨੀਵੀਰਾਂ, ਜੂਨੀਅਰ ਕਮਿਸ਼ਨਡ ਅਫਸਰਾਂ ਅਤੇ ਹੋਰ ਸ਼੍ਰੇਣੀਆਂ ਦੀ ਭਰਤੀ ਲਈ ਪਹਿਲੇ ਕਦਮ ਵਜੋਂ ਕੰਪਿਊਟਰ ਅਧਾਰਤ ਆਨਲਾਈਨ ਆਮ ਦਾਖਲਾ ਪ੍ਰੀਖਿਆ(ਸੀ.ਈ.ਈ.) ਦੀ ਸ਼ੁਰੂਆਤ ਦੇ ਨਾਲ ਪ੍ਰਕਿਰਿਆ ਨੂੰ ਬਦਲ ਦਿੱਤਾ ਹੈ। ਯੋਗ ਰਜਿਸਟਰਡ ਉਮੀਦਵਾਰਾਂ ਲਈ ਆਨਲਾਈਨ ਸੀ.ਈ.ਈ. ਪੂਰੇ ਭਾਰਤ ਦੇ 176 ਸਥਾਨਾਂ ਵਿਚ 375 ਪ੍ਰੀਖਿਆ ਕੇਂਦਰਾਂ ‘ਤੇ ਸ਼ੁਰੂ ਹੋਇਆ ਸੀ ਅਤੇ 26 ਅਪ੍ਰੈਲ 2023 ਤੱਕ ਜਾਰੀ ਰਿਹਾ। ਇਹ ਜਾਣਕਾਰੀ ਡਾਇਰੈਕਟਰ ਭਰਤੀ ਕਰਨਲ ਸੌਰਭ ਚਰਨ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਆਨਲਾਈਨ ਪ੍ਰੀਖਿਆ ਸਿੱਖਿਆ ਮੰਤਰਾਲੇ ਦੇ ਅਧੀਨ ਮਿੰਨੀ ਰਤਨ ਕੰਪਨੀ, ਐਜੂਕੇਸ਼ਨ ਕੰਸਲਟੈਂਸੀ ਸਰਵਿਸਿਜ਼ ਇੰਡੀਆ ਲਿਮਿਟਡ ਦੀ ਸਹਾਇਤਾ ਨਾਲ ਕਰਵਾਈ ਗਈ। ਸ੍ਰੀ ਸੌਰਭ ਚਰਨ ਨੇ ਕਿਹਾ ਕਿ ਦੇਸ਼ ਵਿੱਚ ਨੌਜਵਾਨਾਂ ਦੇ ਤਕਨੀਕੀ ਗਿਆਨ ਵਿੱਚ ਕਾਫ਼ੀ ਸੁਧਾਰ ਹੋਇਆ ਹੈ ਅਤੇ ਵਧੀ ਹੋਈ ਨੈਟਵਰਕ ਕਨੈਕਟੀਵਿਟੀ ਅਤੇ ਸਮਾਰਟ ਫ਼ੋਨਾਂ ਦੇ ਪ੍ਰਸਾਰ ਨਾਲ ਨੌਜਵਾਨ ਹੁਣ ਸਰੀਰਕ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਲਈ ਲੰਬੀ ਦੂਰੀ ਦੀ ਯਾਤਰਾ ਕਰਨ ਦੀ ਬਜਾਏ ਆਨਲਾਈਨ ਪ੍ਰੀਖਿਆ ਦੇ ਸੱਕਦੇ ਹਨ। ਬਦਲੀ ਹੋਈ ਕਾਰਜਪ੍ਰਣਾਲੀ ਚੋਣ ਦੇ ਦੌਰਾਨ ਬੋਧਾਤਮਕ ਪਹਿਲੂ ‘ਤੇ ਫੋਕਸ ਨੂੰ ਯਕੀਨੀ ਬਣਾਏਗੀ ਅਤੇ ਦੁਰਵਿਵਹਾਰ/ਸ਼ੋਸ਼ਣ ਦੀਆਂ ਸੰਭਾਵਨਾਵਾਂ ਨੂੰ ਰੋਕ ਦੇਵੇਗੀ। ਇਸ ਨਵੀਂ ਕਾਰਜਪ੍ਰਣਾਲੀ ਦੀ ਦੇਸ਼ ਭਰ ਵਿੱਚ ਵਿਆਪਕ ਪਹੁੰਚ ਹੋਵੇਗੀ ਅਤੇ ਭਰਤੀ ਰੈਲੀਆਂ ਦੌਰਾਨ ਵੱਡੀ ਭੀੜ ਘਟੇਗੀ ਤੇ ਰੈਲੀਆਂ ਨੂੰ ਵਧੇਰੇ ਪ੍ਰਬੰਧਨਯੋਗ ਅਤੇ ਆਸਾਨ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇਗਾ।
ਉਨ੍ਹਾਂ ਦੱਸਿਆ ਕਿ ਨਵੀਂ ਭਰਤੀ ਪ੍ਰਕਿਰਿਆ ਤਿੰਨ ਪੜਾਵਾਂ ਵਿੱਚ ਕੀਤੀ ਜਾਵੇਗੀ। ਪਹਿਲੇ ਪੜਾਅ ਵਿੱਚ ਸਾਰੇ ਉਮੀਦਵਾਰ ਜਿਨ੍ਹਾਂ ਨੇ www.joinindianarmy.nic.in ‘ਤੇ ਰਜਿਸਟਰ ਕੀਤਾ ਹੈ ਅਤੇ ਆਨਲਾਈਨ ਅਪਲਾਈ ਕੀਤਾ ਹੈ, ਉਹ ਆਨਲਾਈਨ ਕਾਮਨ ਐਂਟਰੈਂਸ ਪ੍ਰੀਖਿਆ ਵਿੱਚੋਂ ਲੰਘਣਗੇ। ਦੂਜੇ ਪੜਾਅ ਵਿੱਚ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਜੂਨ 2023 ਤੋਂ ਬਾਅਦ ਪੜਾਅਵਾਰ ਭਰਤੀ ਰੈਲੀਆਂ ਲਈ ਬੁਲਾਇਆ ਜਾਵੇਗਾ, ਜੋ ਕਿ ਸਬੰਧਿਤ ਫੌਜ ਭਰਤੀ ਦਫਤਰਾਂ ਦੁਆਰਾ ਨਿਰਧਾਰਿਤ ਸਥਾਨਾਂ ‘ਤੇ ਹੋਵੇਗਾ। ਇੱਥੇ ਉਮੀਦਵਾਰ ਸਰੀਰਕ ਫਿਟਨੈਸ ਟੈਸਟ ਅਤੇ ਸਰੀਰਕ ਮਾਪ ਟੈਸਟ ਵਿੱਚੋਂ ਲੰਘਣਗੇ। ਤੀਜੇ ਤੇ ਆਖਰੀ ਪੜਾਅ ਵਿਚ ਚੁਣੇ ਗਏ ਉਮੀਦਵਾਰਾਂ ਦਾ ਮੈਡੀਕਲ ਟੈਸਟ ਹੋਵੇਗਾ। ਇਸ ਤੋਂ ਬਾਅਦ ਸਫਲ ਉਮੀਦਵਾਰਾਂ ਦੀ ਅੰਤਿਮ ਮੈਰਿਟ ਸੂਚੀ ਘੋਸ਼ਿਤ ਕੀਤੀ ਜਾਵੇਗੀ।
ਸ੍ਰੀ ਸੌਰਭ ਚਰਨ ਨੇ ਕਿਹਾ ਕਿ ਸੋਧੀ ਹੋਈ ਭਰਤੀ ਪ੍ਰਣਾਲੀ ਭਰਤੀ ਪ੍ਰਕਿਰਿਆ ਨੂੰ ਵਧੇਰੇ ਸੁਚਾਰੂ ਤੇ ਪਾਰਦਰਸ਼ੀ ਬਣਾਵੇਗੀ ਜੋ ਕਿ ਦੇਸ਼ ਵਿੱਚ ਉਪਲਬਧ ਨਵੀਨਤਮ ਆਈ.ਟੀ. ਬੁਨਿਆਦੀ ਢਾਂਚੇ ਦਾ ਵਧੀਆ ਢੰਗ ਨਾਲ ਉਪਯੋਗ ਕਰਨ ਲਈ ਤਿਆਰ ਕੀਤੀ ਗਈ ਹੈ।