Mela Dhian Rania Da on September 14, Poster released today by DC Chander Gaind
ਮੇਲਾ ਧੀਆਂ ਰਾਣੀਆਂ ਦਾ 14 ਨੂੰ, ਡਿਪਟੀ ਕਮਿਸ਼ਨਰ ਚੰਦਰ ਗੈਂਦ ਕੀਤਾ ਪੋਸਟਰ ਰਿਲੀਜ਼
– ਗਿੱਧਿਆਂ ਦੀ ਰਾਣੀ ਦੇ ਮਹਾਂ ਮੁਕਾਬਲੇ 'ਚ ਜੇਤੂ ਹੋਣਗੇ ਸੋਨੇ ਦੇ ਗਹਿਣਿਆਂ ਨਾਲ ਸਨਮਾਨਿਤ
ਫ਼ਿਰੋਜ਼ਪੁਰ, 11 ਸਤੰਬਰ2019
ਧੀ-ਪੁੱਤਰ ਇਕ ਸਮਾਨ ਹੋਣ ਦਾ ਸੰਦੇਸ਼ ਦੇਣ ਅਤੇ ਧੀਆਂ ਨੂੰ ਪੜ੍ਹਾ-ਲਿਖਾ ਕੇ ਬਣਦਾ ਮਾਣ ਸਨਮਾਨ ਦੇਣ ਦਾ ਸੱਦਾ ਦਿੰਦੇ ਹੋਏ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਨੂੰ ਸਮਰਪਿਤ ਨਿਰੋਲ ਪੰਜਾਬੀ ਵਿਰਸੇ ਅਤੇ ਸੱਭਿਆਚਾਰ 'ਤੇ ਝਾਤ ਪਾਉਂਦਾ ਸਾਲਾਨਾ 8ਵਾਂ ਮੇਲਾ ਧੀਆਂ ਰਾਣੀਆਂ ਦਾ 2019 ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਨਦੀਪ ਸੰਧੂ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਉਕਤ ਮੇਲੇ ਦੀ ਰੂਪ-ਰੇਖਾ ਅਤੇ ਸਮਾਗਮਾਂ ਸਬੰਧੀ ਝਾਤ ਪਾਉਂਦਾ ਪੋਸਟਰ ਅੱਜ ਡਿਪਟੀ ਕਮਿਸ਼ਨਰ ਚੰਦਰ ਗੈਂਦ ਵਲੋਂ ਰਿਲੀਜ ਕੀਤਾ ਗਿਆ। ਉਨ੍ਹਾਂ ਨੇ ਧੀਆਂ-ਧਿਆਣੀਆਂ ਨੂੰ ਮੇਲੇ 'ਚ ਸ਼ਿਰਕਤ ਕਰਕੇ ਹੋਣ ਵਾਲੇ ਮੁਕਾਬਲਿਆਂ 'ਚ ਭਾਗ ਲੈਣ ਦਾ ਸੱਦਾ ਵੀ ਦਿੱਤਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਨਦੀਪ ਸੰਧੂ ਨੇ ਦੱਸਿਆ ਕਿ 14 ਸਤੰਬਰ ਦਿਨ ਸ਼ਨੀਵਾਰ ਨੂੰ ਡੀ.ਏ.ਵੀ. ਕਾਲਜ ਫਾਰ ਵੂਮੈਨ ਫ਼ਿਰੋਜ਼ਪੁਰ ਛਾਉਣੀ ਵਿਖੇ ਮੇਲਾ ਧੀਆਂ ਰਾਣੀਆਂ ਦਾ ਕਰਵਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਦੁਪਹਿਰ 12 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲਣ ਵਾਲੇ ਰੰਗਾਰੰਗ ਸਮਾਗਮ ਵਿਚ ਜਿੱਥੇ ਗਿੱਧਿਆਂ ਦੀ ਰਾਣੀ ਦਾ ਮਹਾਂ ਮੁਕਾਬਲਾ ਕਰਵਾਇਆ ਜਾਵੇਗਾ, ਉੱਥੇ ਮੇਲੇ ਵਿਚ ਚਰਖਾ ਕੱਤਣਾ, ਜਾਗੋ ਸਜਾਉਣਾ, ਮਹਿੰਗੀ ਲਗਾਉਣਾ, ਕਰੋਸ਼ੀਆ ਬੁਣਨਾ, ਫੁੱਲਕਾਰੀ ਕੱਢਣਾ, ਨਾਲੇ ਬੁਣਨਾ, ਗੁੱਡੀਆਂ-ਪਟੋਲੇ ਬਣਾਉਣ ਮੁਕਾਬਲੇ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਗਿੱਧਿਆਂ ਦੀ ਰਾਣੀ ਮੁਕਾਬਲੇ ਦੇ ਜੇਤੂ ਨੂੰ ਸੋਨੇ ਦਾ ਟਿੱਕਾ, ਉਪ ਜੇਤੂ ਨੂੰ ਸੋਨੇ ਦੇ ਕਾਂਟੇ ਅਤੇ ਤੀਜੇ ਸਥਾਨ ਵਾਲੇ ਨੂੰ ਸੋਨੇ ਦੀ ਤਵੀਤੜੀ ਨਾਲ ਸਨਮਾਨਿਤ ਕੀਤਾ ਜਾਵੇਗਾ, ਉਥੇ ਹੋਰ 6 ਭਾਗੀਦਾਰਾਂ ਨੂੰ ਸੋਨੇ ਦੇ ਕੋਕਿਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੇਲਣਾਂ ਜੋ ਸੱਭਿਆਚਾਰ ਦੇ ਰੰਗ 'ਚ ਰੰਗੀਆਂ ਹੋਣਗੀਆਂ, ਵਿਚੋਂ ਵੀ 5 ਮੇਲਣਾਂ ਨੂੰ ਸੋਨੇ ਦੇ ਕੋਕਿਆਂ ਦੇ ਵਿਸ਼ੇਸ਼ ਇਨਾਮ ਦਿੱਤੇ ਜਾਣਗੇ। ਉਨ੍ਹਾਂ ਕਿਹਾ ਨੇ ਦੱਸਿਆ ਕਿ ਮੇਲੇ ਵਿਚ ਲੱਗਣ ਵਾਲੇ ਖੁੱਲ੍ਹੇ ਅਖਾੜੇ ਸਮੇਂ ਲੋਕ ਗਾਇਕ ਬੁਲੰਦ ਆਵਾਜ਼ ਸੰਧੂ ਸੁਰਜੀਤ, ਇਮਾਨਪ੍ਰੀਤ, ਕੁਲਬੀਰ ਗੋਗੀ, ਲੋਕ ਗੀਤਾਂ ਦੀ ਆਵਾਜ਼ ਵੀਰਪਾਲ ਕੌਰ ਅਤੇ ਪਵਨਦੀਪ ਕੌਰ ਆਦਿ ਗਾਇਕਾਵਾਂ ਆਪਣੀ ਬੁਲੰਦ ਆਵਾਜ਼ ਰਾਹੀਂ ਮੇਲੀਆਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਦੱਸਿਆ ਕਿ ਮੇਲੇ ਵਿਚ ਉਘੀ ਪੰਜਾਬੀ ਲੋਕ ਗਾਇਕਾ ਸਰਬਜੀਤ ਮਾਂਗਟ ਦਾ 'ਸਚਿਆਰੀ ਧੀ ਪੰਜਾਬ ਦੀ' ਅਤੇ ਅੰਤਰਰਾਸ਼ਟਰੀ ਸੱਭਿਆਚਾਰਕ ਕੋਚ ਪਾਲ ਸਿੰਘ ਸਮਾਓਂ ਦਾ 'ਵਿਰਸੇ ਦਾ ਪੁੱਤਰ' ਐਵਾਰਡ ਨਾਲ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੇਲੇ ਵਿਚ ਐਂਟਰੀ ਮੁਫ਼ਤ ਹੈ ਅਤੇ ਕੋਈ ਵੀ 16 ਤੋਂ 35 ਸਾਲ ਦੀ ਉਮਰ ਵਾਲੀ ਹੁਨਰਮੰਦ ਲੜਕੀ ਭਾਗ ਲੈ ਸਕਦੀ ਹੈ।
ਇਸ ਮੌਕੇ ਸੁਸਾਇਟੀ ਆਗੂ ਵਰਿੰਦਰ ਸਿੰਘ ਵੈਰੜ, ਸੰਤੋਖ ਸਿੰਘ ਸੰਧੂ, ਸੋਹਣ ਸਿੰਘ ਸੋਢੀ, ਸੁਖਬੀਰ ਸਿੰਘ ਹੁੰਦਲ ਸਰਪੰਚ ਸ਼ੂਸ਼ਕ, ਸ਼ੈਰੀ ਸੰਧੂ ਵਸਤੀ ਭਾਗ ਸਿੰਘ, ਸੁਖਵਿੰਦਰ ਸਿੰਘ ਬੁਲੰਦੇਵਾਲੀ ਪ੍ਰਧਾਨ ਜ਼ਿਲ੍ਹਾ ਪੰਚਾਇਤ ਯੂਨੀਅਨ, ਡਾ: ਜੋਬਨ, ਬਖਸ਼ੀਸ਼ ਸਿੰਘ ਬਾਰੇ ਕੇ ਸਾਬਕਾ ਸਰਪੰਚ, ਹਰਦੇਵ ਸਿੰਘ ਸੰਧੂ ਮਹਿਮਾ, ਕੁਲਵੰਤ ਸਿੰਘ, ਈਸ਼ਵਰ ਸ਼ਰਮਾ, ਹਰਜੀਤ ਸਿੰਘ, ਮਨਦੀਪ ਜੌਨ, ਗੁਰਵਿੰਦਰ ਸਿੰਘ ਭੁੱਲਰ, ਭੁਪਿੰਦਰ ਸਿੰਘ ਜੋਸਨ ਪ੍ਰਧਾਨ ਟੀਚਰ ਕਲੱਬ ਆਦਿ ਪ੍ਰਬੰਧਕ ਹਾਜ਼ਰ ਸਨ।