KMSC meets SSP, urges to arrest accused who attacked on farmer leader at village Lohuke Kalan
ਕਿਸਾਨ ਮਜ਼ਦੂਰ ਜਥੇਬੰਦੀ ਦੇ ਆਗੂਆਂ ਨੇ S.S.P. ਫਿਰੋਜ਼ਪੁਰ ਨੂੰ ਮਿਲ ਕੇ ਪਿੰਡ ਲੋਹੁਕੇ ਕਲਾਂ ਦੇ ਕਿਸਾਨ ਆਗੂ ਤੇ ਕੀਤੇ ਹਮਲੇ ਵਿੱਚ ਨਾਮਜ਼ਦ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਕੀਤੀ ਮੰਗ।
ਫਿਰੋਜ਼ਪੁਰ, 6.7.2021: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਕਿਸਾਨਾਂ ਦੇ ਵਫ਼ਦ ਨੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ S.S.P. ਫਿਰੋਜ਼ਪੁਰ ਭਗੀਰਥ ਸਿੰਘ ਮੀਣਾ ਨਾਲ ਮੀਟਿੰਗ ਕੀਤੀ ਤੇ ਪੁਲਿਸ ਨਾਲ ਸਬੰਧਤ ਲੰਮੇ ਸਮੇਂ ਤੋਂ ਲਟਕਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣ ਲਈ ਕਿਹਾ ਤੇ 24 ਮਈ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਵੰਤ ਸਿੰਘ ਲੋਹਕਾ ਤੇ ਉਸ ਦੇ ਘਰ ਵਿੱਚ ਦਾਖ਼ਲ ਹੋ ਕੇ ਦੋਸ਼ੀ ਕੁਲਵੰਤ ਸਿੰਘ ਸੇਰੋਂ, ਅਰਵਿੰਦਰ ਸਿੰਘ ਗਿੰਨੀ,ਪਰਮਜੀਤ ਸਿੰਘ ਸਭਰਾ ਅਤੇ ਵਰਿੰਦਰ ਕੌਰ ਸੇਰੋਂ ਨੇ ਸਿੱਧੀਆਂ ਗੋਲੀਆਂ ਮਾਰੀਆਂ ਅਤੇ ਔਰਤਾਂ ਸਮੇਤ ਪਰਿਵਾਰ ਦੀ ਕੁੱਟਮਾਰ ਕੀਤੀ ਜਿਸ ਦਾ ਮੁਕੱਦਮਾ ਨੰਬਰ 0050/21 ਥਾਣਾ ਸਦਰ ਜ਼ੀਰਾ ਵਿੱਚ ਦਰਜ ਹੈ, ਪਰ ਉਕਤ ਦੋਸ਼ੀ ਸ਼ਰ੍ਹੇਆਮ ਰਾਜਨੀਤਕ ਲੀਡਰਾਂ ਨਾਲ ਬਾਹਰ ਘੁੰਮ ਰਹੇ ਹਨ ਤੇ ਸੁਖਵੰਤ ਸਿੰਘ ਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।
ਪਰ ਪੁਲਿਸ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਵੀ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਤੋ ਤਸਵੀਰ ਸਾਫ਼ ਹੈ ਕਿ ਪੁਲਿਸ ਸੱਤਾ ਧਿਰ ਦੇ ਲੀਡਰਾਂ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਅਤੇ ਮੁਦਈ ਨੂੰ ਇਨਸਾਫ਼ ਦੇਣ ਲਈ ਟਾਲ ਮਟੋਲ ਕਰ ਰਹੀ ਹੈ।
ਕਿਸਾਨ ਆਗੂਆਂ ਨੇ S.S.P. ਫਿਰੋਜ਼ਪੁਰ ਨੂੰ ਸਾਫ ਲਫਜ਼ਾਂ ਵਿਚ ਕਿਹਾ ਕਿ ਜੇਕਰ ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਕੀਤੀ ਜਾਂਦੀ ਤਾਂ ਜਥੇਬੰਦੀ ਆਪਣੀ ਮੀਟਿੰਗ ਕਰਕੇ ਸਖ਼ਤ ਐਕਸ਼ਨ ਲਵੇਗੀ। ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਇਸ ਤੋਂ ਇਲਾਵਾ ਪਿਛਲੇ ਲੰਮੇ ਸਮੇਂ ਤੋਂ ਲਟਕਦੇ ਮਸਲੇ ਤੇ ਦਰਖਾਸਤਾਂ ਜੋ ਪਹਿਲਾਂ ਮੰਗ ਪੱਤਰ ਰਾਹੀਂ ਜ਼ਿਲ੍ਹਾ ਸੀਨੀਅਰ ਸੁਪਰਡੈਂਟ ਪੁਲਿਸ ਫ਼ਿਰੋਜ਼ਪੁਰ ਨੂੰ ਦਿੱਤੀਆਂ ਹਨ ਦਾ ਤੁਰੰਤ ਨਿਪਟਾਰਾ ਕਰਕੇ ਦਰਖਾਸਤਕਾਰੀਆ ਨੂੰ ਇਨਸਾਫ਼ ਦਿੱਤਾ ਜਾਵੇ।
ਇਸ ਮੌਕੇ ਰਣਬੀਰ ਸਿੰਘ ਰਾਣਾ, ਰਣਜੀਤ ਸਿੰਘ ਖੱਚਰ ਵਾਲਾ, ਗੁਰਮੇਲ ਸਿੰਘ ਫੱਤੇਵਾਲਾ, ਬਲਜਿੰਦਰ ਸਿੰਘ ਤਲਵੰਡੀ,ਮੰਗਲ ਸਿੰਘ ਗੁੰਦਣਢੰਡੀ, ਖਿਲਾਰਾ ਸਿੰਘ ਆਸਲ, ਗੁਰਬਖਸ਼ ਸਿੰਘ ਪੰਜਗਰਾਈਂ, ਮਲਕੀਤ ਸਿੰਘ ਆਦਿ ਆਗੂ ਹਾਜ਼ਰ ਸਨ।