ਕੈਬਨਿਟ ਵਿੱਚ 6 ਐਸਸੀ ਮੰਤਰੀਆਂ ਦੇ ਨਾਲ, ਏਜੀ ਦਫ਼ਤਰ ਵਿੱਚ ਪਹਿਲੀ ਵਾਰ ਰਾਖਵਾਂਕਰਨ ਅਤੇ ਐਸਸੀ ਸਕਾਲਰਸ਼ਿਪ ਦੀ ਮੁਸ਼ਕਲ ਰਹਿਤ ਵੰਡ; ‘ਆਪ’ ਸਰਕਾਰ ਬਾਬਾ ਸਾਹਿਬ ਦੇ ਸੁਪਨੇ ਨੂੰ ਸਾਕਾਰ ਕਰ ਰਹੀ ਹੈ
ਕੈਬਨਿਟ ਵਿੱਚ 6 ਐਸਸੀ ਮੰਤਰੀਆਂ ਦੇ ਨਾਲ, ਏਜੀ ਦਫ਼ਤਰ ਵਿੱਚ ਪਹਿਲੀ ਵਾਰ ਰਾਖਵਾਂਕਰਨ ਅਤੇ ਐਸਸੀ ਸਕਾਲਰਸ਼ਿਪ ਦੀ ਮੁਸ਼ਕਲ ਰਹਿਤ ਵੰਡ; ‘ਆਪ’ ਸਰਕਾਰ ਬਾਬਾ ਸਾਹਿਬ ਦੇ ਸੁਪਨੇ ਨੂੰ ਸਾਕਾਰ ਕਰ ਰਹੀ ਹੈ
– ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਮੌਕੇ ਵਿਧਾਇਕਾਂ ਤੇ ਡਿਪਟੀ ਕਮਿਸ਼ਨਰ ਨੇ ਕੀਤੀ ਸ਼ਰਧਾਂਜਲੀ ਭੇਟ
– ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਜ਼ਿਲ੍ਹਾ ਪੱਧਰੀ ਸਮਾਗਮ
ਫ਼ਿਰੋਜ਼ਪੁਰ, 14 ਅਪ੍ਰੈਲ, 2025: ਕੈਬਨਿਟ ਵਿੱਚ 6 ਐਸਸੀ ਮੰਤਰੀਆਂ ਦੇ ਨਾਲ, ਏਜੀ ਦਫ਼ਤਰ ਵਿੱਚ ਪਹਿਲੀ ਵਾਰ ਰਾਖਵਾਂਕਰਨ ਅਤੇ ਐਸਸੀ ਸਕਾਲਰਸ਼ਿਪ ਦੀ ਮੁਸ਼ਕਲ ਰਹਿਤ ਵੰਡ ਨਾਲ ‘ਆਪ’ ਸਰਕਾਰ ਬਾਬਾ ਸਾਹਿਬ ਦੇ ਸੁਪਨੇ ਨੂੰ ਸਾਕਾਰ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ਼੍ਰੀ ਰਜਨੀਸ਼ ਦਹੀਯਾ, ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਵਿਧਾਇਕ ਗੁਰੂਹਰਸਾਏ ਸ. ਫੌਜਾ ਸਿੰਘ ਸਰਾਰੀ ਅਤੇ ਵਿਧਾਇਕ ਜੀਰਾ ਸ਼੍ਰੀ ਨਰੇਸ਼ ਕਟਾਰੀਆ ਨੇ ਪੰਜਾਬ ਸਰਕਾਰ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 134ਵੇਂ ਜਨਮ ਦਿਵਸ ਮੌਕੇ ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਡਾ. ਭੀਮ ਰਾਓ ਅੰਬੇਡਕਰ ਜੀ ਦੀ ਫੋਟੋ ਤੇ ਫ਼ੁੱਲ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਉਪਰੰਤ ਕੀਤਾ। ਇਸ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਅਤੇ ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ ਨੇ ਵੀ ਸ਼ਰਧਾ ਤੇ ਸਤਿਕਾਰ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਵਿਧਾਇਕ ਸ੍ਰੀ ਰਜਨੀਸ਼ ਦਹੀਯਾ ਨੇ ਕਿਹਾ ਕਿ ਅੱਜ ਅਸੀਂ ਭਾਰਤੀ ਸੰਵਿਧਾਨ ਦੇ ਨਿਰਮਾਤਾ, ਮਹਾਨ ਸਮਾਜ ਸੁਧਾਰਕ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਮਨਾ ਰਹੇ ਹਾਂ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਇੱਕ ਅਜਿਹੇ ਮਹਾਨ ਵਿਅਕਤੀ ਸਨ ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਸਮਾਜਿਕ ਬਰਾਬਰੀ, ਨਿਆਂ ਅਤੇ ਮਨੁੱਖੀ ਅਧਿਕਾਰਾਂ ਦੀ ਸਥਾਪਨਾ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਕੇਵਲ ਦਲਿਤਾਂ ਤੇ ਪਛੜੇ ਵਰਗਾਂ ਦੇ ਮਸੀਹਾ ਹੀ ਨਹੀਂ ਸਗੋਂ ਹਰੇਕ ਵਰਗ ਦੇ ਮਸੀਹਾ ਹਨ, ਜਿਨ੍ਹਾਂ ਨੇ ਭਾਰਤੀ ਸਮਾਜ ਵਿੱਚ ਫੈਲੀਆਂ ਜਾਤੀਵਾਦੀ ਕੁਰੀਤੀਆਂ ਅਤੇ ਭੇਦਭਾਵ ਵਿਰੁੱਧ ਸਖ਼ਤ ਸੰਘਰਸ਼ ਕੀਤਾ ਅਤੇ ਹਾਸ਼ੀਏ ‘ਤੇ ਧੱਕੇ ਗਏ ਲੋਕਾਂ ਨੂੰ ਸਨਮਾਨ ਅਤੇ ਅਧਿਕਾਰ ਦਿਵਾਉਣ ਲਈ ਅਣਥੱਕ ਯਤਨ ਕੀਤੇ ਅਤੇ ਸੰਵਿਧਾਨ ਰਾਹੀਂ ਹਰੇਕ ਨੂੰ ਬਰਾਬਰਤਾ ਦਾ ਅਧਿਕਾਰ ਦਿਵਾਇਆ। ਉਨ੍ਹਾਂ ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜਰ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਉਹ ਇਕ ਵਾਰ ਬਾਬਾ ਸਾਹਿਬ ਦੇ ਜੀਵਨ ਬਾਰੇ ਜ਼ਰੂਰ ਪੜ੍ਹਣ ਅਤੇ ਉਨ੍ਹਾਂ ਦੇ ਵਿਖਾਏ ਮਾਰਗ ’ਤੇ ਚਲਣ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੇ ਜੀਵਨ ਤੋਂ ਸਾਨੂੰ ਪੜ੍ਹਣ, ਜੁੜਨ ਅਤੇ ਸੰਘਰਸ਼ ਕਰਨ ਦੀ ਪ੍ਰੇਰਨਾ ਮਿਲਦੀ ਹੈ।
ਇਸ ਮੌਕੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਜੀ ਦੁਆਰਾ ਰਚਿਤ ਭਾਰਤੀ ਸੰਵਿਧਾਨ ਸਾਡੇ ਦੇਸ਼ ਦੀ ਰੂਹ ਹੈ, ਜੋ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਅਧਿਕਾਰ ਅਤੇ ਮੌਕੇ ਪ੍ਰਦਾਨ ਕਰਦਾ ਹੈ। ਉਨ੍ਹਾਂ ਦੇ ਦੂਰਅੰਦੇਸ਼ੀ ਵਿਚਾਰ ਅਤੇ ਸਮਾਜਿਕ ਨਿਆਂ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅੱਜ ਵੀ ਸਾਨੂੰ ਪ੍ਰੇਰਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਜੀ ਨੇ ਸਮਾਜਿਕ ਨਿਆਂ, ਬਰਾਬਰੀ ਅਤੇ ਪਿਛੜੇ ਵਰਗਾਂ ਲਈ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕਰ ਦਿੱਤੀ। ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਜੀ ਦੇ ਆਦਰਸ਼ਾਂ ਅਤੇ ਸਿੱਖਿਆਵਾਂ ‘ਤੇ ਚੱਲ ਕੇ ਹੀ ਇਕ ਬਰਾਬਰਤਾ ਵਾਲੇ ਸ਼ਕਤੀਸ਼ਾਲੀ ਦੇਸ਼ ਦਾ ਨਿਰਮਾਣ ਸੰਭਵ ਹੋ ਸਕਦਾ ਹੈ।
ਇਸ ਮੌਕੇ ਵਿਧਾਇਕ ਸ. ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜੀਵਨ ਹਰੇਕ ਵਰਗ ਲਈ ਪ੍ਰੇਰਨਾ ਸਰੋਤ ਹੈ। ਡਾ. ਅੰਬੇਡਕਰ ਜੀ ਦਾ ਜੀਵਨ ਦੁਨੀਆਂ ਭਰ ਵਿੱਚ ਸਮਾਨਤਾ, ਸਮਾਜਿਕ ਨਿਆਂ ਅਤੇ ਮਾਨਵ ਅਧਿਕਾਰਾਂ ਲਈ ਸੰਘਰਸ਼ ਕਰਨ ਬਾਰੇ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਭਾਰਤ ਵਿੱਚ ਸਮਾਜਿਕ ਨਿਆਂ ਅਤੇ ਹਾਸ਼ੀਏ ਉੱਤੇ ਧੱਕੇ ਭਾਈਚਾਰਿਆਂ ਦੇ ਸਸ਼ਕਤੀਕਰਨ ਲਈ ਸਮਰਪਿਤ ਕਰ ਦਿੱਤਾ। ਅੱਜ ਦੇ ਇਸ ਵਿਸ਼ੇਸ਼ ਦਿਨ ਅਸੀਂ ਸਾਰੇ ਮਿਲ ਕੇ ਬਾਬਾ ਸਾਹਿਬ ਦੇ ਸੁਪਨਿਆਂ ਦਾ ਭਾਰਤ ਨਿਰਮਾਣ ਕਰਨ ਲਈ ਅਹਿਦ ਕਰੀਏ ਅਤੇ ਇੱਕ ਅਜਿਹੇ ਸਮਾਜ ਦੀ ਸਿਰਜਣਾ ਲਈ ਕੰਮ ਕਰੀਏ ਜਿੱਥੇ ਕਿਸੇ ਨਾਲ ਵੀ ਜਾਤ, ਰੰਗ, ਨਸਲ, ਜਾਂ ਲਿੰਗ ਦੇ ਆਧਾਰ ‘ਤੇ ਕੋਈ ਭੇਦਭਾਵ ਨਾ ਹੋਵੇ।
ਵਿਧਾਇਕ ਸ਼੍ਰੀ ਨਰੇਸ਼ ਕਟਾਰੀਆ ਨੇ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਸਮਾਜ ਵਿੱਚ ਅਜਿਹੀ ਕਿਸੇ ਵੀ ਸੋਚ’ ਦੀ ਨਿੰਦਾ ਕੀਤੀ ਹੈ ਜੋ ਸਮਾਜ ਨੂੰ ਜਾਤ, ਰੰਗ, ਨਸਲ ਆਰਥਿਕ ਸਥਿਤੀ ਦੇ ਆਧਾਰ ਉਤੇ ਵੰਡਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਸਾਰੇ ਭਾਰਤੀਆਂ ਦਾ ਵੀ ਫਰਜ਼ ਬਣਦਾ ਹੈ ਕਿ ਬਾਬਾ ਸਾਹਿਬ ਦੇ ਜੀਵਨ ਤੋਂ ਸੇਧ ਲੈ ਕੇ ਅਜਿਹੀ ਮਾਨਸਿਕਤਾ ਨੂੰ ਨਕਾਰ ਕੇ ਆਪਸੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਵਧਾਵਾ ਦੇਈਏ ਅਤੇ ਬਾਬਾ ਸਾਹਿਬ ਦੀ ਵਿਚਾਰਧਾਰ ਨਾਲ ਜੁੜ ਕੇ ਇਕ ਬਰਾਬਰਤਾ ਵਾਲੇ ਮਜ਼ਬੂਤ ਰਾਸ਼ਟਰ ਦਾ ਨਿਰਮਾਣ ਕਰੀਏ।
ਸਮੂਹ ਵਿਧਾਇਕਾਂ ਨੇ ਲੋਕਾਂ ਨੂੰ ਵਧਾਈ ਦਿੰਦਿਆਂ ਇਸ ਵਿਸ਼ੇਸ਼ ਦਿਨ ਨੂੰ ਸਮਰਪਿਤ ਭਾਵਨਾ ਨਾਲ ਮਨਾਉਣ ਅਤੇ ਡਾ. ਭੀਮ ਰਾਓ ਅੰਬੇਡਕਰ ਜੀ ਦੇ ਦਰਸਾਏ ਰਸਤੇ ‘ਤੇ ਤੁਰਦੇ ਹੋਏ ਭੇਦਭਾਵ, ਜਾਤ ਪਾਤ, ਊਚ ਨੀਚ ਦੀ ਭਾਵਨਾ ਤੋਂ ਰਹਿਤ ਇੱਕ ਬਰਾਬਰਤਾ, ਆਪਸੀ ਭਾਈਚਾਰਕ ਸਾਂਝ ਵਾਲੇ ਮਜ਼ਬੂਤ ਰਾਸ਼ਟਰ ਦੇ ਨਿਰਮਾਣ ਲਈ ਇਕਜੁਟ ਹੋ ਕੇ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਸਮਾਜਿਕ ਨਿਆਂ, ਅਧਿਕਾਰਿਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੀਆਂ ਭਲਾਈ ਸਕੀਮਾਂ ਦਾ ਕਿਤਾਬਚਾ ਵੀ ਜਾਰੀ ਕੀਤਾ ਗਿਆ, ਜਿਸ ਵਿੱਚ ਉਕਤ ਭਲਾਈ ਸਕੀਮਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵੀ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਮੌਕੇ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਜੀ ਦੀ ਸੋਚ ਅਤੇ ਜੀਵਨ ਹਮੇਸ਼ਾ ਸਾਡਾ ਮਾਰਗ ਦਰਸ਼ਨ ਕਰਦੇ ਰਹਿਣਗੇ।
ਇਸ ਤੋਂ ਪਹਿਲਾਂ ਡਾ. ਰਾਮੇਸ਼ਵਰ ਸਿੰਘ ਕਟਹਿੜਾ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜੀਵਨ, ਸੰਘਰਸ਼, ਉਪਲੱਬਧੀਆਂ ਅਤੇ ਸਮਾਜ ਸੁਧਾਰ ਦੇ ਕੰਮਾਂ ਬਾਰੇ ਹਾਜ਼ਰੀਨ ਨੂੰ ਬਹੁਤ ਹੀ ਵਧੀਆ ਤੇ ਵਿਸਥਾਰਪੂਰਵਕ ਢੰਗ ਨਾਲ ਜਾਣਕਾਰੀ ਦਿੱਤੀ।
ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਸੁੰਦਰ ਗੀਤ ਗਾਇਨ ਅਤੇ ਹੋਰ ਪੇਸ਼ਕਾਰੀਆਂ ਪ੍ਰਸਤੁਤ ਕੀਤੀਆਂ ਗਈਆਂ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਅਤੇ ਮਿਲੇ ਆਰਥਿਕ ਲਾਭ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਇਸ ਮੌਕੇ ਐਸਡੀਐਮ ਫ਼ਿਰੋਜ਼ਪੁਰ ਦਿਵਿਆ ਪੀ., ਸਹਾਇਕ ਕਮਿਸ਼ਨਰ ਸਿਮਰਨਜੀਤ ਸਿੰਘ, ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਸ. ਚੰਦ ਸਿੰਘ ਗਿੱਲ, ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਗੁਰਮੀਤ ਸਿੰਘ ਬਰਾੜ, ਚੇਅਰਮੈਨ ਮਾਰਕੀਟ ਕਮੇਟੀ ਫ਼ਿਰੋਜ਼ਪੁਰ ਸ਼ਹਿਰ ਬਲਰਾਜ ਸਿੰਘ ਕਟੋਰਾ, ਚੇਅਰਮੈਨ ਮਾਰਕੀਟ ਕਮੇਟੀ ਫ਼ਿਰੋਜ਼ਪੁਰ ਛਾਉਣੀ ਬੇਅੰਤ ਸਿੰਘ ਹਕੂਮਤ ਵਾਲਾ, ਚੇਅਰਮੈਨ ਮਾਰਕੀਟ ਕਮੇਟੀ ਗੁਰੂਹਰਸਹਾਏ ਸੁਸ਼ੀਲ ਬੱਟੀ, ਚੇਅਰਮੈਨ ਮਾਰਕੀਟ ਕਮੇਟੀ ਮੱਲਾਂਵਾਲਾ ਸੁਖਦੇਵ ਸਿੰਘ ਫੌਜੀ, ਚੇਅਰਮੈਨ ਮਾਰਕੀਟ ਕਮੇਟੀ ਜ਼ੀਰਾ ਇਕਬਾਲ ਸਿੰਘ ਢਿੱਲੋਂ, ਚੇਅਰਮੈਨ ਮਾਰਕੀਟ ਕਮੇਟੀ ਮਮਦੋਟ ਬਲਰਾਜ ਸਿੰਘ ਸੰਧੂ, ਚੇਅਰਮੈਨ ਮਾਰਕੀਟ ਕਮੇਟੀ ਮੱਖੂ ਕੈਪਟਨ ਨਛੱਤਰ ਸਿੰਘ ਨੇ ਵੀ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਨਮਨ ਕੀਤਾ।
*****