ਪੰਜ ਮਹੀਨਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਝੋਕ ਹਰੀ ਹਰ ਦੀ ਬਦਲੀ ਦਿੱਖ, ਦਾਖ਼ਲੇ ਵਿੱਚ ਰਿਕਾਰਡ ਤੋੜ ਵਾਧਾ
ਸਰਕਾਰੀ ਸਕੂਲ ਦੀ ਬਦਲੀ ਨੁਹਾਰ ਦੇ ਹਰ ਪਾਸੇ ਹੋ ਰਹੇ ਨੇ ਚਰਚੇ
ਫ਼ਿਰੋਜ਼ਪੁਰ 22 ਅਗਸਤ ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਸਕੱਤਰ ਸਕੂਲ ਸਿੱਖਿਆ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਅਗਵਾਈ ਹੇਠ, ਸਮਾਜ ਸੇਵੀ ਸੰਸਥਾਵਾਂ ਅਤੇ ਐੱਨ.ਆਰ .ਆਈ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ, ਇਸੇ ਤਰ੍ਹਾਂ ਦੀ ਇੱਕ ਉਦਾਹਰਨ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਝੋਕ ਹਰੀ ਹਰ, ਬਲਾਕ ਫਿਰੋਜ਼ਪੁਰ-1 ਦੀ ਹੈ |ਇਸ ਸਕੂਲ ਦੀ ਬਦਲੀ ਨੁਹਾਰ ਦੇ ਚਰਚੇ ਇਲਾਕੇ ਭਰ ਵਿੱਚ ਹਨ | ਲਗਭਗ 5 ਮਹੀਨੇ ਪਹਿਲਾਂ ਇਸ ਸਕੂਲ ਵਿੱਚ ਸ਼੍ਰੀਮਤੀ ਪੂਜਾ ਅਰੋੜਾ ਨੇ ਬਤੌਰ ਸੈਂਟਰ ਹੈੱਡ ਟੀਚਰ ਵਜੋਂ ਅਹੁਦਾ ਸੰਭਾਲਿਆ ਅਤੇ ਉਹਨਾਂ ਅਤੇ ਸਟਾਫ ਦੀ ਮਿਹਨਤ ਨਾਲ ਜੋ ਸਕੂਲ ਨੇ ਬਹੁਤ ਪ੍ਰਾਪਤੀਆਂ ਕੀਤੀਆਂ |ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵਿੱਚ ਰਿਕਾਰਡ ਤੋੜ 44% ਵਾਧਾ ਹੋਇਆ, ਸਕੂਲ ਵਿੱਚ ਪਹਿਲਾਂ ਗਿਣਤੀ 207 ਸੀ ਕਰੋਨਾ ਮਹਾਂਮਾਰੀ ਦੇ ਚਲਦਿਆਂ ਜਿਥੇ ਸਕੂਲ ਬੰਦ ਸਨ ਪਰ ਸਕੂਲ ਦੇ ਬਦਲੀ ਨੁਹਾਰ ਨੂੰ ਦੇਖਦਿਆਂ 298 ਨਵੇਂ ਬੱਚਿਆਂ ਨੇ ਦਾਖਲਾ ਲਿਆ ਜਿਸ ਦੇ ਚਲਦਿਆਂ ਸਕੂਲ ਸਿੱਖਿਆ ਵਿਭਾਗ ਵਲੋਂ ਸਰਟੀਫਿਕੇਟ ਜਾਰੀ ਕਰ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਦੇ ਨਾਲ ਜਿੱਥੇ ਬੱਚੇ ਪੜ੍ਹਾਈ ਵਿੱਚ ਨਾਮਣਾ ਖੱਟ ਰਹੇ ਹਨ ਓਥੇ ਬਾਕੀ ਗਤੀਵਿਧੀਆਂ ਵਿੱਚ ਵੀ ਚੰਗੀਆਂ ਪੁਜੀਸ਼ਨਾਂ ਹਾਸਲ ਕਰ ਚੁੱਕੇ ਹਨ ਜਿਸ ਵਿੱਚ ਵਿਦਿਆਰਥੀ ਸ਼ਿਵਾ ਨੇ ਸਿੱਖਿਆ ਵਿਭਾਗ ਪੰਜਾਬ ਵਲੋਂ ਕਰਵਾਈਆਂ ਰਾਜ ਪੱਧਰੀ ਖੇਡਾਂ ਵਿੱਚ ਭਾਗ ਲਿਆ, ਬੱਚੀ ਮੁਸਕਾਨ ਨੇ ਬਲਾਕ ਪੱਧਰੀ ਕਵਿਤਾ ਮੁਕਾਬਲਿਅਾਂ ਵਿੱਚੋਂ ਪਹਿਲਾ ਅਤੇ ਹੋਰ ਬੱਚਿਆਂ ਨੇ 8 ਪੁਜ਼ੀਸ਼ਨਾਂ ਹਾਸਲ ਕੀਤੀਆਂ |
ਸਿੱਖਿਆ ਵਿਭਾਗ ਪੰਜਾਬ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿੱਦਿਅਕ ਮੁਕਾਬਲਿਆਂ ਵਿੱਚ ਬੱਚੇ ਨੇ ਬਲਾਕ ਪੱਧਰ ਤੇ ਪਹਿਲਾ ਸਥਾਨ ਅਤੇ ਹਰ ਮੁਕਾਬਲੇ ਵਿੱਚ ਬੜੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ | ਸਟੇਟ ਪੱਧਰੀ ਮੇਲੇ ਜੱਟ ਐਕਸਪਰੋ ਵਿੱਚ ਵੀ ਬੱਚਿਆਂ ਭਾਗ ਲਿਆ ਅਤੇ ਵਧੀਆ ਪ੍ਰਦਰਸ਼ਨ ਕੀਤਾ| ਇਸ ਤੋਂ ਇਲਾਵਾ ਸਮਾਜਿਕ ਬੁਰਾਈਆਂ ਦੇ ਖਿਲਾਫ ਪਿੰਡ ਵਿੱਚ ਰੈਲੀਆਂ ਦਾ ਆਯੋਜਨ ਕੀਤਾ ਗਿਆ | ਪਿੰਡ ਦੇ ਸਰਪੰਚ ਸਰਦਾਰ ਮਲਕੀਤ ਸਿੰਘ, ਚੇਅਰਮੈਨ ਸਰਦਾਰ ਗੁਰਬਿੰਦਰ ਸਿੰਘ, ਸਰਦਾਰ ਮਲਕੀਤ ਸਿੰਘ ਉੱਪਲ, ਸਰਦਾਰ ਗੁਰਬੀਰ ਸਿੰਘ ਲਾਡੀ, ਸਰਦਾਰ ਝਰਮਲ ਸਿੰਘ, ਸਰਦਾਰ ਸੁਖਦੇਵ ਸਿੰਘ ਆਦਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਕੂਲ ਵਾਟਰ ਕੂਲਰ, ਖਿਡਾਰੀ ਬੱਚਿਆਂ ਲਈ ਟ੍ਰੈਕ ਸੂਟ, ਸਕੂਲ ਵਿੱਚ ਰੰਗ ਰੋਗਨ, ਟਾਟ, ਮੋਟਰ, ਬੱਚਿਆਂ ਲਈ ਸਟੇਸ਼ਨਰੀ ਅਤੇ ਬੈਂਚ ਆਦਿ ਦਾ ਵੱਡਾ ਹਿੱਸਾ ਪਾਇਆ | ਸਕੂਲ ਸਟਾਫ ਦੇ ਸਹਿਯੋਗ ਨਾਲ ਸਕੂਲ ਦੇ ਕਲਾਸ ਰੂਮ ਵਿੱਚ ਐੱਲ. ਈ. ਡੀਜ਼ ਦਾ ਪ੍ਰਬੰਧ ਕੀਤਾ | ਇਸ ਤੋਂ ਇਲਾਵਾ ਸਕੂਲ ਵਿੱਚ ਬੱਚਿਆਂ ਲਈ ਹੁਣ ਆਨਲਾਈਨ ਕਲਾਸਾਂ ਅਤੇ ਵੀਡੀਓ ਰਾਹੀਂ ਪੜ੍ਹਾਈ ਕਰਵਾਈ ਜਾ ਰਹੀ ਹੈ | ਸੈਂਟਰ ਹੈੱਡ ਟੀਚਰ ਸ਼੍ਰੀਮਤੀ ਪੂਜਾ ਅਰੋੜਾ ਦੇ ਸਕੂਲ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਜਿੱਥੇ ਇਲਾਕੇ ਵਿੱਚ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦੇ ਚਰਚੇ ਜ਼ੋਰਾਂ ਤੇ ਹਨ ਉੱਥੇ ਸਰਕਾਰੀ ਪ੍ਰਾਇਮਰੀ ਸਕੂਲ ਝੋਕ ਹਰੀ ਹਰ ਦੀ ਪੂਰੇ ਜ਼ਿਲ੍ਹੇ ਵਿੱਚ ਤਾਰੀਫ਼ ਹੋ ਰਹੀ ਹੈ |