ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਾਰੇ ਛੇ ਬਲਾਕਾਂ ਵਿੱਚ 10 ਹਜ਼ਾਰ ਸੋਲਰ ਲਾਈਟਾਂ ਲਗਵਾਈਆਂ ਗਈਆਂ, ਹੁਣ ਪਿੰਡਾਂ ਦੇ ਚੁਰੱਸਤੇ ਰਾਤ ਸਮੇਂ ਰੌਸ਼ਨੀ ਨਾਲ ਜਗਮਗਾਏ
ਫ਼ਿਰੋਜ਼ਪੁਰ 17 ਅਗਸਤ 2020 ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਆਰੰਭ ਕਰਕੇ ਜ਼ਿਲ੍ਹੇ ਦੇ ਬਲਾਕ ਫਿਰੋਜ਼ਪੁਰ, ਘੱਲਖੁਰਦ, ਗੁਰੂਹਰਸਹਾਏ, ਜੀਰਾ, ਮਖੂ ਅਤੇ ਮਮਦੋਟ ਵਿੱਚ 10 ਹਜ਼ਾਰ ਸੋਲਰ ਲਾਈਟਾਂ ਲਗਵਾਈਆਂ ਗਈਆਂ ਹਨ। ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ. ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਨ੍ਹਾਂ ਲਾਈਟਾਂ ਦੇ ਲੱਗਣ ਨਾਲ ਹੁਣ ਜ਼ਿਲ੍ਹੇ ਦੀ ਹਰ ਬਲਾਕ ਦੇ ਪਿੰਡ ਦੇ ਚੁਰੱਸਤੇ ਰਾਤ ਸਮੇਂ ਰੌਸ਼ਨੀ ਨਾਲ ਜਗਮਗਾਉਂਦੇ ਹਨ ਤੇ ਪਿੰਡਾਂ ਵਿੱਚ ਰੌਸ਼ਨੀ ਹੋਣ ਕਰਕੇ ਹੁਣ ਚੋਰ ਜਿਹੀਆਂ ਘਟਨਾਵਾਂ ਦਾ ਖਤਰਾ ਟਲਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਲਾਈਟਾਂ ਦਾ ਕੋਈ ਬਿੱਲ ਨਹੀਂ ਪੈਂਦਾ ਹੈ ਅਤੇ ਇਹ ਲਾਈਟਾਂ ਸੋਲਰ ਨਾਲ ਚਲਦੀਆ ਹਨ ਕਿਉਂਕਿ ਇਹ ਸਾਰਾ ਦਿਨ ਸੂਰਜ ਦੀ ਰੌਸ਼ਨੀ ਨਾਲ ਚਾਰਜ ਹੋ ਜਾਂਦੀਆਂ ਹਨ ਤੇ ਰਾਤ ਸਮੇਂ ਰੌਸ਼ਨੀ ਨਾਲ ਜਗਮਗਾਉਂਦੀਆਂ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਸ੍ਰ. ਹਰਜਿੰਦਰ ਸਿੰਘ ਨੇ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਬਲਾਕ ਫਿਰੋਜ਼ਪੁਰ ਵਿੱਚ 1500, ਜ਼ੀਰਾ ਵਿੱਚ 3500, ਮਖੂ 2500, ਮਮਦੋਟ 500, ਘੱਲਖੁਰਦ 1000 ਅਤੇ ਗੁਰੂਹਰਸਹਾਏ 1000 ਸੋਲਰ ਲਾਈਟਾਂ ਲਗਵਾਈਆਂ ਗਈਆ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆ ਵੱਖ-ਵੱਖ ਬਲਾਕਾਂ ਵਿੱਚ ਲਗਵਾਈਆਂ ਗਈਆਂ ਇਹ 10 ਹਜ਼ਾਰ ਸੋਲਰ ਲਾਈਟਾਂ ਤੇ 14 ਕਰੋੜ ਰੁਪਏ ਦਾ ਖਰਚਾ ਆਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਅਤੇ ਰਾਤ ਸਮੇਂ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਸੋਲਰ ਲਾਈਟਾਂ ਲਗਵਾਈਆਂ ਗਈਆ ਹਨ। ਉਨ੍ਹਾਂ ਦੱਸਿਆ ਕਿ ਰਾਤ ਸਮੇਂ ਹਨੇਰਾ ਹੋਣ ਕਰਕੇ ਜਿੱਥੇ ਲੋਕਾਂ ਨੁੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਉੱਥੇ ਹਨੇਰੇ ਵਿੱਚ ਚੋਰੀ ਜਿਹੀਆ ਘਟਨਾਵਾਂ ਵੀ ਵਾਪਰਦੀਆਂ ਸਨ। ਹੁਣ ਇਹ ਸੋਲਰ ਲਾਈਟਾਂ ਲਗਣ ਨਾਲ ਜਿੱਥੇ ਪਿੰਡਾਂ ਦੇ ਚੁਰੱਸਤਿਆਂ ਵਿੱਚ ਰਾਤ ਸਮੇਂ ਰੌਸ਼ਨੀ ਹੁੰਦੀ ਹੈ ਉੱਥੇ ਚੋਰੀ ਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਈ ਹੈ।