ਰੱਖੜੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ 2 ਅਗਸਤ ਨੂੰ ਜ਼ਿਲ੍ਹੇ’ ਚ ਮਿਠਾਈਆਂ ਦੀਆਂ ਦੁਕਾਨਾਂ ਖੁੱਲ੍ਹਣਗੀਆਂ : ਡਿਪਟੀ ਕਮਿਸ਼ਨਰ
ਫਿਰੋਜ਼ਪੁਰ, 31 ਜੁਲਾਈ
ਡਿਪਟੀ ਕਮਿਸ਼ਨਰ ਸ. ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਰੱਖੜੀ ਦੇ ਤਿਉਹਾਰ ਕਰਕੇ 2 ਅਗਸਤ 2020 ਨੂੰ ਜ਼ਿਲ੍ਹੇ ਵਿੱਚ ਹਲਵਾਈਆਂ ਦੀਆਂ ਦੁਕਾਨਾਂ ਐਤਵਾਰ ਨੂੰ ਲਾਕਡਾਊਨ ਦੇ ਬਾਵਜੂਦ ਖੋਲ੍ਹਣ ਦੀ ਆਗਿਆ ਦਿੱਤੀ ਜਾਂਦੀ ਹੈ। ਇਹ ਇਜਾਜ਼ਤ ਰੱਖੜੀ ਦੇ ਤਿਉਹਾਰ ਨੂੰ ਧਿਆਨ ਵਿੱਚ ਰੱਖਦਿਆਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਰੱਖੜੀ ਦੇ ਤਿਉਹਾਰ ਮੌਕੇ ਕਰੋਨਾ ਵਾਇਰਸ ਸਬੰਧੀ ਸਾਵਧਾਨੀਆਂ ਦੀ ਜ਼ਰੂਰ ਪਾਲਨਾ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਵਾਇਰਸ ਸੰਬੰਧੀ ਜ਼ਿਲ੍ਹੇ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਇਸ ਲੜਾਈ ਵਿਚ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਮਾਸਕ ਪਹਿਨਣ, ਵਾਰ ਵਾਰ ਹੱਥ ਧੋਣ, ਸਮਾਜਕ ਦੂਰੀ ਬਣਾ ਕੇ ਰੱਖਣ ਅਤੇ ਲੋੜ ਪੈਣ ਤੇ ਹੀ ਘਰੋਂ ਬਾਹਰ ਨਿਕਲਣ ਤਾਂ ਜੋ ਇਹ ਨਿਯਮ ਅਪਣਾ ਕੇ ਕੋਰੋਨਾ ਵਾਇਰਸ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਨੇ ਸਮੂਹ ਹਲਵਾਈਆਂ ਅਤੇ ਮਿਠਆਈ ਵਿਕਰੇਤਾਵਾਂ ਨੂੰ ਕਿਹਾ ਕਿ ਉਹ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਦੀ ਪਾਲਨਾ ਕਰਦੇ ਹੋਏ ਆਪਣੀਆਂ ਦੁਕਾਨਾਂ ਖੋਲਣ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਮਾਸਕ ਜ਼ਰੂਰ ਪਹਿਨੇ, ਹੱਥ ਧੋਵੇ ਅਤੇ ਸਮਾਜਿਕ ਦੂਰੀ ਬਣਾਈ ਰੱਖੇ। ਉਨ੍ਹਾਂ ਕਿਹਾ ਕਿ ਸਮੂਹਕ ਯਤਨਾਂ ਸਦਕਾ ਹੀ ਕਰੋਨਾ ਵਾਇਰਸ ਨੂੰ ਕਾਬੂ ਕੀਤਾ ਜਾ ਸਕਦਾ ਹੈ।