ਲਾਕਡਾਊਨ ਅਤੇ ਕਰਫਿਊ ਦੇ ਵਿੱਚ ਸ਼ਹਿਰ ਦੀਆਂ 70 ਤੋਂ ਵੱਧ ਸਮਾਜ ਸੇਵੀ ਸੰਸਥਾਵਾਂ ਨੇ ਲੱਖਾਂ ਲੋਕਾਂ ਨੂੰ ਖਿਲਾਇਆ ਲੰਗਰ
ਰੋਜ਼ਾਨਾ 28 ਹਜ਼ਾਰ ਲੋਕਾਂ ਨੂੰ ਖੁਆਇਆ ਲੰਗਰ, ਰਾਸ਼ਨ ਵੀ ਪਹੁੰਚਾਇਆ
ਫਿਰੋਜ਼ਪੁਰ, 5 ਜੁਲਾਈ 2020 ਕਰਫਿਊ ਅਤੇ ਲਾਕਡਾਊਨ ਦੇ ਵਿਚਕਾਰ ਸ਼ਹਿਰ ਦੀਆਂ 70 ਤੋਂ ਵੱਧ ਸਮਾਜ ਸੇਵੀ ਸੰਸਥਾਵਾਂ ਨੇ ਲੱਖਾਂ ਲੋਕਾਂ ਨੂੰ ਲੰਗਰ ਅਤੇ ਰਾਸ਼ਨ ਦੀ ਸੇਵਾ ਪਹੁੰਚਾਈ ਹੈ। ਇਹ ਜਾਣਕਾਰੀ ਸਥਾਨਕ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਸ੍ਰੀ ਅਸ਼ੋਕ ਬਹਿਲ ਨੇ ਦਿੱਤੀ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਸੰਕਟ ਦੇ ਵਿਚਕਾਰ, ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਲੋਕਾਂ ਦੀ ਸਹਾਇਤਾ ਲਈ ਆਪਣੀ ਹਾਂ-ਪੱਖੀ ਭੂਮਿਕਾ ਨਿਭਾਈ ਹੈ। ਉਸਨੇ ਦੱਸਿਆ ਕਿ ਇਨ੍ਹਾਂ ਸੰਸਥਾਵਾਂ ਨੇ ਲੱਖਾਂ ਲੋਕਾਂ ਤੱਕ ਲੰਗਰ ਪਹੁੰਚਾਇਆ। ਰੋਜ਼ਾਨਾ 30 ਤੋਂ 40 ਹਜ਼ਾਰ ਲੋਕਾਂ ਤੱਕ ਲੰਗਰ ਪਹੁੰਚਾਇਆ ਗਿਆ ਅਤੇ ਸ਼ਹਿਰ ਵਿਚ ਕਈ ਕਮਿਊਨਿਟੀ ਰਸੋਈਆਂ ਵੀ ਸਥਾਪਿਤ ਕੀਤੀਆਂ ਗਈਆ ਸਨ। ਇਸੇ ਤਰ੍ਹਾਂ ਕਈ ਸੰਸਥਾਵਾਂ ਵੱਲੋਂ ਲੋੜਵੰਦ ਲੋਕਾਂ ਤੱਕ ਰਾਸ਼ਨ ਵੀ ਪਹੁੰਚਾਇਆ ਗਿਆ।
ਉਨ੍ਹਾਂ ਦੱਸਿਆ ਕਿ ਸੰਸਥਾ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਕਰਫਿਊ ਦੌਰਾਨ ਦੋ ਮਹੀਨਿਆਂ ਵਿੱਚ 10 ਲੱਖ ਲੋਕਾਂ ਨੂੰ ਲੰਗਰ ਵਰਤਾਇਆ ਗਿਆ ਹੈ। ਡੇਰੇ ਦੇ ਪੰਜ ਸਤਸੰਗ ਘਰਾਂ ਵਿਚ 500 ਸੇਵਕਾਂ ਵੱਲੋਂ ਰੋਜ਼ਾਨਾ ਲੰਗਰ ਵੰਡਣ ਦਾ ਕੰਮ ਕੀਤਾ ਗਿਆ। ਇਕੱਲੇ ਸ਼ਹਿਰ ਵਿਚ ਹੀ 4 ਲੱਖ ਲੋਕਾਂ ਨੂੰ ਲੰਗਰ ਵੰਡਿਆ ਗਿਆ।
ਉਨ੍ਹਾਂ ਕਿਹਾ ਕਿ ਸੰਸਥਾ ਨਾ ਸਿਰਫ ਫਿਰੋਜ਼ਪੁਰ ਸ਼ਹਿਰ ਬਲਕਿ ਸਮੂਹ ਜ਼ਿਲੇ ਦੇ ਵੱਖ-ਵੱਖ ਸਤਸੰਗ ਘਰਾਂ ਜਿਵੇਂ ਜ਼ੀਰਾ, ਮਖੂ, ਗੁਰੂਹਰਸਹਾਏ, ਤਲਵੰਡੀ ਭਾਈ, ਮੱਲਾਂਵਾਲਾ, ਲਖਮੀਰਪੁਰਾ ਅਤੇ ਬੇਟੂ ਪੁਰਾਣਾ ਤੋਂ ਲੰਗਰ ਦੀ ਜੋ ਨਿਰੰਤਰ ਸੇਵਾ ਕੀਤੀ ਗਈ ਹੈ, ਉਸ ਤੋਂ ਜਿੱਥੇ ਪ੍ਰਸ਼ਾਸਨ ਨੂੰ ਸਹਿਯੋਗ ਮਿਲਿਆ ਹੈ, ਉੱਥੇ ਹੀ ਜ਼ਰੂਰਤਮੰਦ ਲੋਕਾਂ ਨੂੰ ਸਾਫ ਸੁਥਰਾ ਅਤੇ ਪੇਟਭਰ ਲੰਗਰ ਵੀ ਮਿਲਦਾ ਰਿਹਾ ਹੈ।