ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਪੰਜਾਬ ਰਾਜ ਖੇਡਾਂ ਲੜਕੇ (ਅੰਡਰ-18) ਦਾ ਉਦਘਾਟਨ
ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਪੰਜਾਬ ਰਾਜ ਖੇਡਾਂ ਲੜਕੇ (ਅੰਡਰ-18) ਦਾ ਉਦਘਾਟਨ
ਫਿਰੋਜ਼ਪੁਰ ਵਿੱਚ 6 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਐਸਟੋਟਰਫ ਹਾਕੀ ਅੰਤਰਰਾਸ਼ਟਰੀ ਸਟੇਡੀਅਮ ਗ੍ਰਾੳਂਡ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ-ਕੈਬਨਿਟ ਮੰਤਰੀ
ਪੰਜਾਬ ਸਰਕਾਰ ਵੱਲੋਂ ਨੌਕਰੀਆਂ ਦਾ 3 ਪ੍ਰਤੀਸ਼ਤ ਹਿੱਸਾ ਸਪੋਰਟਸ ਕੋਟੇ ਲਈ ਰੱਖਿਆ ਗਿਆ ਰਾਖਵਾ
ਖਿਡਾਰੀਆਂ ਨੂੰ ਖੇਡਾਂ ਪ੍ਰਤੀ ਅਨੁਸ਼ਾਸਨ ਦੀ ਭਾਵਨਾ ਰੱਖਣ ਦੀ ਚੁਕਾਈ ਸਹੁੰ
ਫ਼ਿਰੋਜ਼ਪੁਰ 19 ਅਕਤੂਬਰ 2019 ( ) ਸ੍ਰੀ. ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜਾਬ ਰਾਜ ਖੇਡਾਂ ਲੜਕੇ (ਅੰਡਰ-18) ਸ਼ੁਰੂ ਹੋ ਗਈਆਂ ਹਨ ਜੋ ਕਿ 22 ਅਕਤੂਬਰ 2019 ਤੱਕ ਚੱਲਣਗੀਆਂ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਖੇਡਾਂ ਤੇ ਯੁਵਕ ਸੇਵਾਵਾਂ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਐਤਵਾਰ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਉਦਘਾਟਨੀ ਸਮਾਰੋਹ ਦੌਰਾਨ 4 ਹਜ਼ਾਰ ਬੱਚਿਆਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਉਪਰੰਤ ਉਨ੍ਹਾਂ ਵੱਲੋਂ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਅਨੁਸ਼ਾਸਨ ਦੀ ਭਾਵਨਾ ਰੱਖਣ ਦੀ ਸਹੁੰ ਵੀ ਚੁਕਾਈ ਗਈ।ਇਸ ਮੌਕੇ ਮਾਰਚ ਪਾਸਟ, ਮਸ਼ਾਲ ਦੀ ਰਸਮ ਅਤੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪੂਰੇ ਯਤਨ ਕਰ ਰਹੀ ਹੈ ਤਾਂ ਜੋ ਨੌਜਵਾਨ ਨਸ਼ਿਆਂ ਵਰਗੀ ਕੋਹੜ ਦੀ ਬਿਮਾਰੀ ਤੋਂ ਦੂਰ ਰਹਿਣ। ਉਨ੍ਹਾਂ ਦੱਸਿਆ ਕਿ ਹੁਣ ਜਿਹੜਾ ਵੀ ਖਿਡਾਰੀ ਗੋਲਡ ਮੈਡਲ ਜਿੱਤੇਗਾ ਉਸ ਨੂੰ ਸਰਕਾਰ ਵੱਲੋਂ 1 ਕਰੋੜ ਰੁਪਏ ਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ ਜਿਹੜਾ ਖਿਡਾਰੀ ਸਿਲਵਰ ਮੈਡਲ ਜਿੱਤੇਗਾ ਉਸ ਨੂੰ ਸਰਕਾਰ ਵੱਲੋਂ 75 ਲੱਖ ਰੁਪਏ ਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਇਸੇ ਤਰ੍ਹਾਂ ਬ੍ਰਾਊਨ ਮੈਡਲ (ਕਾਂਸੀ ਦਾ ਤਗਮਾ) ਜਿੱਤਣ ਵਾਲੇ ਖਿਡਾਰੀ ਨੂੰ 50 ਲੱਖ ਅਤੇ ਟ੍ਰੇਨਿੰਗ ਵੀ ਫਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੌਕਰੀਆਂ ਦਾ 3 ਪ੍ਰਤੀਸ਼ਤ ਹਿੱਸਾ ਸਪੋਰਟਸ ਕੋਟੇ ਲਈ ਰਾਖਵਾ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਯੂਨੀਵਰਸਿਟੀ ਬਣ ਰਹੀ ਹੈ ਜਿਸ ਵਿੱਚ ਖਿਡਾਰੀਆਂ ਲਈ ਕੋਚਿੰਗ ਆਦਿ ਸਾਰੀਆਂ ਸੁਵਿਧਾਵਾਂ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਸਟੇਡੀਅਮ ਦੇ ਪਿੱਛੇ ਵਾਲੀ ਥਾਂ ਤੇ 6 ਕਰੋੜ ਰੁਪਏ ਦੀ ਲਾਗਤ ਨਾਲ ਐਸਟੋਟਰਫ ਹਾਕੀ ਅੰਤਰਰਾਸ਼ਟਰੀ ਸਟੇਡੀਅਮ ਗ੍ਰਾੳਂਡ ਬਣ ਰਿਹਾ ਹੈ ਜਿਸ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਵਿੱਚ ਚੱਲ ਰਹੇ ਸਵੀਮਿੰਗ ਪੂਲ ਦਾ ਵੀ ਜਲਦੀ ਹੀ ਆਧੁਨੀਕੀਕਰਨ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸਾਨੂੰ ਆਪਣਾ ਟੀਚਾ ਹਾਸ਼ਲ ਕਰਨ ਲਈ ਸਖਤ ਮਿਹਨਤ ਕਰਨੀ ਚਾਹੀਦੀ ਹੈ ਚਾਹੇ ਉਹ ਖੇਡ ਦਾ ਮੈਦਾਨ ਹੀ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਬਾਕਸਿੰਗ, ਸੂਟਿੰਗ, ਰੈਸਲਿੰਗ, ਕ੍ਰਿਕਟ, ਐਥਲੈਟਿਕਸ, ਹੈਂਡਬਾਲ ਅਤੇ ਫੁੱਟਬਾਲ ਖੇਡਾਂ ਵਿੱਚ ਸਾਡੇ ਦੇਸ਼ ਦੇ ਖਿਡਾਰੀਆਂ ਨੇ ਕਾਫੀ ਵੱਡੀਆਂ ਮੱਲਾਂ ਮਾਰੀਆਂ ਹਨ ਤੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਤੰਦਰੁਸਤ ਪੰਜਾਬ ਦੇ ਤਹਿਤ ਕੈਪਟਨ ਅਮਰਿੰਦਰ ਸਿੰਘ ਨੇ ਇਹ ਮਿਸ਼ਨ ਚਲਾਇਆ ਹੈ ਤਾਂ ਜੋ ਖਿਡਾਰੀ ਖੇਡਾਂ ਪ੍ਰਤੀ ਲੱਗ ਕੇ ਨਸ਼ਿਆਂ ਤੋ ਦੂਰ ਰਹਿਣ। ਉਨ੍ਹਾਂ ਕਿਹਾ ਕਿ ਕੋਈ ਵੀ ਖਿਡਾਰੀ ਆਪਣੇ ਆਪ ਨੂੰ ਇੱਕ ਦੂਸਰੇ ਤੋਂ ਕਮਜ਼ੋਰ ਨਾ ਸਮਝੇ ਤੇ ਜਜ਼ਬੇ ਤੇ ਫੋਕਸ ਨਾਲ ਆਪਣਾ ਮੁਕਾਮ ਹਾਸਲ ਕਰੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਤੁਹਾਡੇ ਵਰਗੇ ਖਿਡਾਰੀਆਂ ਨੇ ਹੀ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰਨਾ ਹੈ, ਇਸ ਲਈ ਤੁਹਾਡਾ ਟੀਚਾ ਮੈਦਾਨ ਜਿੱਤਣ ਦਾ ਹੋਣਾ ਚਾਹੀਦਾ ਹੈ।ਇਸ ਤੋਂ ਬਾਅਦ ਕੈਬਨਿਟ ਮੰਤਰੀ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਐੱਸ.ਡੀ.ਐੱਮ. ਗੁਰੂਹਰਸਹਾਏ ਸ੍ਰੀ. ਕੁਲਦੀਪ ਬਾਵਾ,ਐੱਸ.ਪੀ.ਡੀ.ਅਜੇ ਰਾਜ, ਦੇਸਵੀਰ ਸੋਢੀ, ਜ਼ਿਲ੍ਹਾ ਖੇਡ ਅਫਸਰ ਸੁਨੀਲ ਕੁਮਾਰ, ਸਕੱਤਰ ਰੈੱਡ ਕਰਾਸ ਸ੍ਰ. ਅਸੋਕ ਬਹਿਲ, ਡਿਪਟੀ ਡੀ.ਈ.ਓ. ਸੈਕੰਡਰੀ ਕੋਮਲ ਅਰੋੜਾ, ਡਿਪਟੀ ਡੀ.ਈ.ਓ. ਜਗਜੀਤ ਸਿੰਘ,ਅਨਿਰੁਧ ਗੁਪਤਾ, ਮੇਹਰਦੀਪ ਸਿੰਘ ਮੰਚ ਸੰਚਾਲਕ, ਰਵੀ ਚਾਵਲਾ, ਅਮ੍ਰਿਤਪਾਲ ਸਿੰਘ ਅਤੇ ਅਗਰੇਜ਼ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।