ਪੋਸ਼ਣ ਅਭਿਆਨ ਤਹਿਤ ਲਾਈਵ ਕੁਕਿੰਗ ਸ਼ੋਅ ਦਾ ਆਯੋਜਨ, ਘਰੇਲੂ ਤਰੀਕੇ ਨਾਲ ਬਣਾਏ ਗਏ 20 ਦੇ ਕਰੀਬ ਵੱਖ ਵੱਖ ਪਕਵਾਨ
ਪੋਸ਼ਣ ਅਭਿਆਨ ਤਹਿਤ ਲਾਈਵ ਕੁਕਿੰਗ ਸ਼ੋਅ ਦਾ ਆਯੋਜਨ, ਘਰੇਲੂ ਤਰੀਕੇ ਨਾਲ ਬਣਾਏ ਗਏ 20 ਦੇ ਕਰੀਬ ਵੱਖ ਵੱਖ ਪਕਵਾਨ
ਪ੍ਰੋਗਰਾਮ ਦੌਰਾਨ ਗਰਭਵਤੀ ਤੇ ਆਮ ਔਰਤਾਂ ਨੂੰ ਵੀ ਦਿੱਤੀ ਪੌਸ਼ਟਿਕ ਆਹਾਰ ਦੀ ਜਾਣਕਾਰੀ
ਫ਼ਿਰੋਜ਼ਪੁਰ 19 ਸਤੰਬਰ 2019 ( ) ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਿਹਤ ਵਿਭਾਗ, ਤੇ ਪੇਂਡੂ ਵਿਕਾਸ ਵਿਭਾਗ, ਸਮੇਤ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਪੋਸ਼ਣ ਮਾਂਹ-2019 ਮਨਾਇਆ ਜਾ ਰਿਹਾ ਹੈ, ਜਿਸ ਅਧੀਨ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਰਤਨਦੀਪ ਸੰਧੂ ਦੀ ਰਹਿਨੁਮਾਈ ਹੇਠ ਗੂਗਾ ਮੈਡੀ ਮੰਦਰ ਫ਼ਿਰੋਜ਼ਪੁਰ ਛਾਉਣੀ ਵਿਖੇ ਲਾਈਵ ਕੁਕਿੰਗ ਸ਼ੋਅ ਦਾ ਆਯੋਜਨ ਕੀਤਾ ਗਿਆ।
ਪ੍ਰੋਗਰਾਮ ਦੌਰਾਨ ਸੀਡੀਪੀਓ ਰੁਚਿਕਾ ਨੰਦਾ, ਸੁਪਰਵਾਈਜ਼ਰਾਂ ਕਸ਼ਮੀਰ ਕੋਰ, ਰਾਜਿੰਦਰ ਕੌਰ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਵੱਲੋਂ ਵੱਖ ਵੱਖ ਪੌਸ਼ਟਿਕ ਪਕਵਾਨ ਬਣਾਏ ਗਏ ਅਤੇ ਗਰਭਵਤੀ ਤੇ ਆਮ ਔਰਤਾਂ ਨੂੰ ਪੌਸ਼ਟਿਕ ਆਹਾਰ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ 20 ਦੇ ਕਰੀਬ ਵੱਖ ਵੱਖ ਪੌਸ਼ਟਿਕ ਪਕਵਾਨ ਜਿਵੇਂ ਕਿ ਬੇਸਨ ਦੇ ਲੱਡੂ, ਖਿਚੜੀ, ਡਰਾਈਫਰੂਟ ਗੁੜ, ਸੇਰਾਲੇਕ, ਫਿਰਨੀ, ਖਸਖਸ ਦੀ ਦੋਧੀ, ਬਾਜਰੇ ਦੀ ਰੋਟੀ ਤੋਂ ਚੂਰੀ ਆਦਿ ਘਰੇਲੂ ਤਰੀਕੇ ਨਾਲ ਤਿਆਰ ਕੀਤੇ ਗਏ। ਇਹ ਪੌਸ਼ਟਿਕ ਪਕਵਾਨ ਹਾਜ਼ਰੀਨ ਔਰਤਾਂ ਨੂੰ ਖੁਆਏ ਗਏ ਅਤੇ ਨਾਲ ਹੀ ਉਨ੍ਹਾਂ ਨੂੰ ਇਸ ਦੇ ਲਾਭ ਵੀ ਦੱਸੇ ਗਏ। ਇਸ ਦੌਰਾਨ ਆਂਗਣਵਾੜੀ ਵਰਕਰਾਂ ਵੱਲੋਂ ਆਪਣੇ-ਆਪਣੇ ਵੱਲੋਂ ਤਿਆਰ ਕੀਤੇ ਪਕਵਾਨਾਂ ਨੂੰ ਬਣਾਉਣ ਦੇ ਤਰੀਕੇ ਵੀ ਦੱਸੇ ਗਏ।
ਇਸ ਕੁਕਿੰਗ ਸ਼ੋਅ ਬਾਰੇ ਜਾਣਕਾਰੀ ਦਿੰਦਿਆਂ ਮੈਡਮ ਰਤਨਦੀਪ ਸੰਧੂ ਨੇ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਦਾ ਮੁੱਖ ਮਕਸਦ ਲੋਕਾਂ ਨੂੰ ਪੁਰਾਣੇ ਸਮੇਂ ਵਿਚ ਘਰ ਬਣਾਏ ਜਾਣ ਵਾਲੇ ਸਿਹਤਮੰਦ ਪਕਵਾਨਾਂ ਬਾਰੇ ਜਾਗਰੂਕ ਕਰਨਾ ਸੀ ਜਿਸ ਨੂੰ ਅੱਸੀ ਅਜੋਕੇ ਸਮੇਂ ਵਿਚ ਭੁੱਲ ਚੁੱਕੇ ਹਾਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਕਵਾਨਾਂ ਨੂੰ ਖਾਣ ਨਾਲ ਸ਼ਰੀਰ ਤੰਦਰੁਸਤ ਰਹਿੰਦਾ ਹੈ ਅਤੇ ਕਈ ਬਿਮਾਰੀਆਂ ਤੋਂ ਬੱਚਿਆ ਰਹਿੰਦਾ ਹੈ। ਪੌਸ਼ਟਿਕ ਆਹਾਰ ਲੈਣ ਨਾਲ ਜਿੱਥੇ ਅਸੀਂ ਸਰੀਰਕ ਤੇ ਮਾਨਸਿਕ ਤੌਰ 'ਤੇ ਮਜ਼ਬੂਤ ਹੋਵਾਂਗੇ ਉੱਥੇ ਹੀ ਘੱਟ ਮਿਆਰੀ ਆਹਾਰ ਲੈਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਡਰ ਬਣਿਆਂ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਕੁਪੋਸ਼ਣ ਦਾ ਖ਼ਾਤਮਾ ਕਰਨ ਲਈ ਪੌਸ਼ਟਿਕ ਆਹਾਰ ਲੈਣਾ ਅਤਿ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਹ ਤਹਿਤ ਵੱਖ ਵੱਖ ਥਾਈਂ ਲੋਕਾਂ ਨੂੰ ਸੰਤੁਲਿਤ ਖ਼ੁਰਾਕ, ਜਨਮ ਤੋਂ ਪਹਿਲੇ ਛੇ ਮਹੀਨੇ ਦੌਰਾਨ ਬੱਚੇ ਲਈ ਮਾਂ ਦੇ ਦੁੱਧ ਦੀ ਮਹੱਤਤਾ, ਹਰੀਆਂ ਸਬਜ਼ੀਆਂ ਦਾ ਸੇਵਨ, ਆਇਉਡੀਨ ਨਮਕ ਦੀ ਲੋੜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ।