ਡਿਪਟੀ ਕਮਿਸ਼ਨਰ ਨੇ ਬੇਸਹਾਰਾ ਲੋਕਾਂ/ਬੱਚਿਆਂ ਨਾਲ ਮਨਾਈ ਦੀਵਾਲੀ
ਫ਼ਿਰੋਜ਼ਪੁਰ 6 ਨਵੰਬਰ 2018 ( ) ਡਿਪਟੀ ਕਮਿਸ਼ਨਰ ਸੀ ਬਲਵਿੰਦਰ ਸਿੰਘ ਧਾਲੀਵਾਲ ਅਤੇ ਜ਼ਿਲ੍ਹਾ ਰੈੱਡ ਕਰਾਸ ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੇ ਮਕਸਦ ਨਾਲ ਅੱਜ ਆਰੀਆ ਅਨਾਥ ਆਸ਼ਰਮ ਫ਼ਿਰੋਜ਼ਪੁਰ ਛਾਉਣੀ, ਆਨੰਦਧਾਮ ਕੁਸ਼ਟ ਆਸ਼ਰਮ ਫ਼ਿਰੋਜ਼ਪੁਰ ਸ਼ਹਿਰ, ਅੰਧ ਵਿਦਿਆਲਿਆਂ ਫ਼ਿਰੋਜ਼ਪੁਰ ਸ਼ਹਿਰ ਅਤੇ ਮਦਰ ਟਰੇਸਾ ਹੋਮ ਕੈਨਾਲ ਕਾਲੋਨੀ ਫ਼ਿਰੋਜ਼ਪੁਰ ਵਿਖੇ ਬੇਸਹਾਰਾ ਲੋਕਾਂ/ਬੱਚਿਆਂ ਅਤੇ ਟੀ ਬੀ ਰੋਗੀਆਂ ਨੂੰ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਬੇਸਹਾਰਿਆਂ ਨੂੰ ਫਰੂਟ ਅਤੇ ਮਿਠਾਈਆਂ ਵੀ ਭੇਟ ਕੀਤੀਆਂ। ਉਨ੍ਹਾਂ ਨੇ ਰੋਗੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਮੁਸ਼ਕਲਾਂ ਦਾ ਜਲਦੀ ਤੋਂ ਜਲਦੀ ਹੱਲ ਕਰਨ ਦੇ ਸ੍ਰੀ. ਅਸ਼ੋਕ ਬਹਿਲ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਨੂੰ ਆਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ.) ਗੁਰਮੀਤ ਸਿੰਘ ਮੁਲਤਾਨੀ ਅਤੇ ਸਹਾਇਕ ਕਮਿਸ਼ਨਰ (ਜ.) ਰਣਜੀਤ ਸਿੰਘ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਪ੍ਰਦੂਸ਼ਣ ਰਹਿਤ 'ਹਰੀ ਦੀਵਾਲੀ' ਮਨਾਉਣ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਮਾਨਯੋਗ ਹਾਈਕੋਰਟ ਅਤੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਲੋਕ ਪਟਾਕਿਆਂ ਚਲਾਉਣ ਤੋ ਗੁਰੇਜ਼ ਕਰਨ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਹੀ ਮਨਾਉਣ ਕਿਉਂਕਿ ਪਟਾਕਿਆਂ ਨਾਲ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਇਲਾਵਾ ਕਈ ਤਰਾਂ ਦੀਆਂ ਬਿਮਾਰੀਆਂ ਜਿਵੇਂ ਅੱਖਾਂ ਦੀਆਂ ਬਿਮਾਰੀਆਂ, ਸਾਹ ਦੀ ਅਤੇ ਅਲਰਜ਼ੀ ਦੀਆਂ ਬਿਮਾਰੀਆਂ ਫੈਲਦੀਆਂ ਹਨ। ਉਨ੍ਹਾਂ ਲੋਕਾਂ ਨੂੰ ਮਿਲਾਵਟੀ ਖਾਣ-ਪੀਣ ਵਾਲੀਆਂ ਵਸਤਾਂ ਤੋਂ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਕੁਸ਼ਟ ਆਸ਼ਰਮ ਵੱਲੋਂ ਰੈੱਡ ਕਰਾਸ ਵੱਲੋਂ ਪੌਣੇ 7 ਲੱਖ ਦੀ ਲਾਗਤ ਨਾਲ ਬਣੇ ਟੁਆਇਲਟ ਬਲਾਕ ਅਤੇ ਮਦਰ ਟਰੇਸਾ ਹੋਮ ਕੈਨਾਲ ਕਾਲੋਨੀ ਫ਼ਿਰੋਜ਼ਪੁਰ ਵਿਖੇ 2 ਲੱਖ 63 ਹਜ਼ਾਰ ਦੀ ਲਾਗਤ ਨਾਲ ਲਗਾਈਆਂ ਇੰਟਰ ਲਾਕਿੰਗ ਟਾਈਲਾਂ ਦਾ ਮੁਆਇਨਾ ਕੀਤਾ ਗਿਆ।
ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਸੱਦਾ ਦਿੱਤਾ ਕਿ ਉਹ ਲੋਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦੀਵਾਲੀ ਦੇ ਤਿਉਹਾਰ ਨੂੰ ਮਨਾਉਣ ਸਬੰਧੀ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਭਾਈਚਾਰਕ ਸਾਂਝ ਦੇ ਪ੍ਰਤੀਕ ਦੀਵਾਲੀ ਦੇ ਇਸ ਪਵਿੱਤਰ ਤਿਉਹਾਰ ਨੂੰ ਸਮਾਜ ਦੇ ਜੇਕਰ ਹਰ ਵਰਗ ਦੇ ਲੋਕ ਰਲ-ਮਿਲ ਕੇ ਆਪਸੀ ਪਿਆਰ ਭਾਵਨਾ ਨਾਲ ਮਨਾਉਣਗੇ, ਤਾਂ ਸਾਡੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਵੇਗੀ।
ਇਸ ਮੌਕੇ ਸਕੱਤਰ ਰੈੱਡ ਕਰਾਸ ਸ੍ਰੀ. ਅਸ਼ੋਕ ਬਹਿਲ, ਸਤਪਾਲ ਖੈੜਾ, ਦੀਵਾਨ ਚੰਦ ਸੁਖੀਜਾ, ਹਰੀਸ਼ ਮੌਂਗਾ, ਏ.ਸੀ. ਚਾਵਲਾ, ਸੁਨੀਲ ਦੱਤ, ਅਸ਼ੋਕ ਗੁਪਤਾ, ਅਸ਼ਵਨੀ ਸ਼ਰਮਾ ਆਦਿ ਵੀ ਹਾਜ਼ਰ ਸਨ।