ਦੋ ਡੇਰਿਆਂ ਅੰਦਰ ਇੱਕੋ ਰਾਤ ਚੋਰਾਂ ਨੇ ਬੋਲਿਆ ਧਾਵਾ – ਪੁਲਸ ਵਰਦੀ ਪਾ ਕੇ ਦਿੱਤਾ ਚੋਰੀ ਨੂੰ ਅੰਜ਼ਾਮ
ਗੁਰੂਹਰਸਹਾਏ, 6 ਅਕਤੂਬਰ (ਪਰਮਪਾਲ ਗੁਲਾਟੀ)- ਬੀਤੀ ਰਾਤ ਪਿੰਡ ਹਾਜੀ ਬੇਟੂ ਵਿੱਚ ਡੇਰਾ ਬਾਬਾ ਮਸਤ ਫਕੀਰ ਦੇ ਡੇਰੇ ਵਿੱਚ ਚੋਰੀ ਕਰ ਲਈ ਅਤੇ ਡੇਰੇ ਦੀ ਗੱਦੀ ਨਸ਼ੀਨ ਬਾਬਾ ਮੋਹਨ ਲਾਲ ਦੇ ਹੱਥ, ਮੂੰਹ ਬੰਨ ਕੇ ਕੁੱਟਮਾਰ ਕੀਤੀ। ਚੋਰਾਂ ਨੇ ਬਾਬਾ ਮੋਹਨ ਲਾਲ ਦੇ ਹੱਥ ਵਿੱਚ ਪਹਿਨੀ ਸਵਾ ਤੋਲੇ ਦੀ ਸੋਨੇ ਦੀ ਮੁੰਦਰੀ ਵੀ ਲਾਹ ਲਈ, ਜਦਕਿ ਦੋ ਮੁੰਦਰੀਆਂ ਚਾਂਦੀ ਦੀਆਂ ਅਤੇ ਕੁਝ ਨਗਦੀ ਵੀ ਲੈ ਗਏ। ਇਸ ਤੋਂ ਇਲਾਵਾ ਚੋਰਾਂ ਨੇ ਐਲ.ਸੀ.ਡੀ. ਲਾਹ ਕੇ ਰੱਖੀ ਸੀ ਪਰੰਤੂ ਫਰਾਰ ਹੋਣ ਤੋਂ ਪਹਿਲਾ ਉਹ ਉਥੇ ਹੀ ਭੁੱਲ ਗਏ। ਚੋਰੀ ਸਬੰਧੀ ਬਾਬਾ ਮੋਹਨ ਲਾਲ ਨੇ ਦੱਸਿਆ ਕਿ ਚੋਰੀ ਕਰਨ ਆਏ ਆਦਮੀਆਂ ਦੀ ਗਿਣਤੀ 3-4 ਸੀ ਇਨ੍ਹਾਂ ਵਿੱਚ ਇੱਕ ਚੋਰ ਨੇ ਪੁਲਿਸ ਵਰਦੀ ਵੀ ਪਾਈ ਹੋਈ ਸੀ। ਚੋਰਾਂ ਨੇ ਡੇਰੇ ਦੀਆਂ ਸਾਰੀਆਂ ਅਲਮਾਰੀਆਂ ਦੇ ਤਾਲੇ ਤੋੜ ਦਿੱਤੇ ਅਤੇ ਹੋਰ ਵੀ ਸਮਾਨ ਚੋਰੀ ਕਰਕੇ ਲੈ ਗਏ। ਗੱਦੀ ਨਸ਼ੀਨ ਬਾਬਾ ਮੋਹਨ ਲਾਲ ਨੂੰ ਜਿਆਦਾ ਸੱਟਾਂ ਲੱਗਣ ਕਾਰਨ ਸਰਕਾਰੀ ਹਸਪਤਾਲ ਗੁਰੂਹਰਸਹਾਏ ਵਿੱਚ ਦਾਖਲ ਕਰਵਾਇਆ ਗਿਆ।
ਡੇਰਾ ਮਾਈ ਜੀਵਾਂ ਪਿੰਡ ਮੋਹਨ ਕੇ ਹਿਠਾੜ ਵਿਖੇ ਵੀ ਚੋਰਾਂ ਨੇ ਬੋਲਿਆ ਧਾਵਾ
ਇਸੇ ਤਰ੍ਹਾਂ ਹੀ ਪਿੰਡ ਮੋਹਨ ਕੇ ਹਿਠਾੜ ਵਿੱਚ ਡੇਰਾ ਮਾਈ ਜੀਵਾਂ ਦੇ ਡੇਰੇ ਵਿੱਚ ਵੀ ਬੀਤੀ ਰਾਤ ਚੋਰਾਂ ਨੇ ਧਾਵਾਂ ਬੋਲਦਿਆਂ 45 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਉਥੇ ਵੀ ਇੱਕ ਚੋਰ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ। ਚੋਰਾਂ ਨੇ ਬਾਬਾ ਜੀ ਨੂੰ ਕਿਹਾ ਕਿ ਅਸੀਂ ਸਾਰੇ ਪੁਲਿਸ ਵਾਲੇ ਹਾਂ ਤੇ ਡੇਰੇ ਦੇ ਬਾਹਰ ਨਾਕਾ ਲਗਾਇਆ ਹੋਇਆ ਹੈ ਅਤੇ ਡੇਰੇ ਦੀ ਤਲਾਸ਼ੀ ਲੈਣੀ ਹੈ। ਚੋਰਾਂ ਨੇ ਬਾਬਾ ਜੀ ਅਤੇ ਇੱਕ ਹੋਰ ਸੇਵਕ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਇੱਕ ਹੋਰ ਸੇਵਕ ਨੂੰ ਦੂਸਰੇ ਕਮਰੇ ਵਿੱਚ ਬੰਦ ਕਰ ਦਿੱਤਾ। ਡੇਰੇ ਵਿੱਚ ਬਾਬਾ ਜੀ ਸਮੇਤ 3 ਆਦਮੀ ਡੇਰੇ ਵਿੱਚ ਮੌਜੂਦ ਸਨ ਪਰ ਚੋਰਾਂ ਨੇ ਤਿੰਨਾਂ ਨੂੰ ਕਮਰੇ ਵਿੱਚ ਬੰਦ ਕਰਕੇ ਅਰਾਮ ਨਾਲ ਚੋਰੀ ਨੂੰ ਅਜਾਮ ਦਿੱਤਾ। ਚੋਰਾਂ ਨੇ ਡੇਰੇ ਦੇ ਚਾਰ ਗੋਲਕ ਭੰਨੇ ਅਤੇ ਕਰੀਬ 45 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਏ। ਜਦ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਥਾਣਾ ਗੁਰੂਹਰਸਹਾਏ ਦੇ ਐਸ.ਐਚ.ਓ. ਰਮਨ ਕੁਮਾਰ, ਏ.ਐਸ.ਆਈ. ਅਮਰੀਕ ਸਿੰਘ ਤੇ ਏ.ਐਸ.ਆਈ. ਮਹਿੰਦਰ ਸਿੰਘ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਫੇਰੈਸਿਕ ਅਤੇ ਡੌਗ ਸਕੌਟ ਟੀਮ ਨੂੰ ਵੀ ਬੁਲਾ ਲਿਆ ਹੈ। ਪੁਲਿਸ ਅਤੇ ਇਹ ਤਿੰਨੋਂ ਟੀਮਾਂ ਆਪਣੀ ਜਾਂਚ ਵਿੱਚ ਜੁਟ ਗਈਆਂ ਹਨ।