Ferozepur News

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੈਬਨਿਟ ਮੰਤਰੀ ਵੱਲੋਂ ਸੂਰ ਫਾਰਮ ,ਪੂੰਗ ਮੱਛੀ ਫਾਰਮ ਫ਼ਿਰੋਜ਼ਪੁਰ ਦਾ ਦੌਰਾ ਸ੍ਰ. ਬਲਬੀਰ ਸਿੰਘ ਸਿੱਧੂ ਵੱਲੋਂ ਪਿੰਡ ਧੀਰਾ ਪੱਤਰਾ ਵਿਖੇ ਸਾਹੀਵਾਲ ਗਾਵਾਂ ਦੇ ਫਾਰਮ ਦਾ ਕੀਤਾ ਗਿਆ ਨਿਰੀਖਣ 125 ਦੇ ਕਰੀਬ ਮੱਛੀ ਅਤੇ ਸੂਰ ਪਾਲਣ ਦੀ ਟ੍ਰੇਨਿੰਗ ਪ੍ਰਾਪਤ ਕਰ ਚੁੱਕੇ ਸਿੱਖਿਆਰਥੀਆਂ ਨੂੰ ਵੰਡੇ ਪ੍ਰਮਾਣ ਪੱਤਰ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਅਤੇ ਹਰਿਆ-ਭਰਿਆ ਬਣਾਉਣ ਲਈ ਕਿਸਾਨ ਆਪਣੀਆਂ ਜ਼ਮੀਨਾਂ ਦੇ ਆਲ਼ੇ ਦੁਆਲੇ ਦਰਖ਼ਤ ਜਾਂ ਫਲਾਂ ਦੇ ਬੂਟੇ ਲਗਾਉਣ-ਰਾਮਵੀਰ

ਫ਼ਿਰੋਜ਼ਪੁਰ 19 ਜੂਨ 2018 (Manish Bawa  ) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ.ਬਲਬੀਰ ਸਿੰਘ ਸਿੱਧੂ ਪਸ਼ੂ ਪਾਲਣ, ਡੇਅਰੀ ਵਿਕਾਸ, ਮੱਛੀ ਪਾਲਣ ਤੇ ਕਿਰਤ ਮੰਤਰੀ ਪੰਜਾਬ ਵੱਲੋਂ ਮੱਛੀ ਪੂੰਗ ਫਾਰਮ, ਸੂਰ ਫਾਰਮ ਫ਼ਿਰੋਜ਼ਪੁਰ ਅਤੇ ਪਿੰਡ ਧੀਰਾ ਪੱਤਰਾ ਵਿਖੇ ਸਾਹੀਵਾਲ ਗਾਵਾਂ ਦੇ ਫਾਰਮ ਅਤੇ ਆਰਗੈਨਿਕ ਖੇਤੀ ਫਾਰਮ ਦਾ ਦੌਰਾ ਕੀਤਾ ਗਿਆ।  ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ, ਸ.ਅਮਰਜੀਤ ਸਿੰਘ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਸ. ਇੰਦਰਜੀਤ ਸਿੰਘ ਡਾਇਰੈਕਟਰ ਡੇਅਰੀ ਵਿਭਾਗ ਅਤੇ ਕਾਂਗਰਸੀ ਆਗੂ ਸ.ਜਸਮੇਲ ਸਿੰਘ ਲਾਡੀ ਗਹਿਰੀ ਵੀ ਹਾਜ਼ਰ ਸਨ।
ਇਸ ਮੌਕੇ ਕੈਬਨਿਟ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਪੰਜਾਬ ਦੇ ਨੌਜਵਾਨਾਂ /ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਪਸ਼ੂ , ਸੂਰ , ਮੁਰਗ਼ੀ, ਬੱਕਰੀ, ਮੱਛੀ ਪਾਲਣ ਸਮੇਤ ਹੋਰ ਸਹਾਇਕ ਧੰਦੇ ਅਪਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਸਹਾਇਕ ਧੰਦੇ ਪੰਜਾਬ ਦੀ ਬੇਰੁਜ਼ਗਾਰੀ ਅਤੇ ਖੇਤੀ ਸੰਕਟ ਦਾ ਢੁੱਕਵਾਂ ਹੱਲ ਕਰਨ ਦੇ ਸਮਰੱਥ ਹਨ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਕਿੱਤਿਆਂ ਨੂੰ ਪ੍ਰਫੁਲਿਤ ਕਰਨ ਲਈ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ।  ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਪਸ਼ੂ ਪਾਲਣ ਅਤੇ ਸਹਾਇਕ ਧੰਦੇ  ਅਪਣਾਉਣ ਲਈ ਜਿੱਥੇ ਲੋਕਾਂ ਤੇ ਕਿਸਾਨਾਂ ਨੂੰ ਸਬਸਿਡੀ ਮੁਹੱਈਆ ਕਰਵਾਏਗੀ, ਉੱਥੇ ਹੀ ਨੌਜਵਾਨਾਂ ਨੂੰ ਇਸ ਕਿੱਤੇ ਦੀ ਸਿਖਲਾਈ ਵੀ ਦੇਵੇਗੀ ਤਾਂ ਕਿ ਲੋਕ ਤੇ ਕਿਸਾਨ ਇਸ ਕਿੱਤੇ ਰਾਹੀਂ ਵੱਧ ਤੋਂ ਵੱਧ ਮੁਨਾਫ਼ਾ ਕਮਾ ਸਕਣ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨਾਂ ਨੂੰ ਰੁਜ਼ਗਾਰ ਦੇ ਵਧੀਆ ਮੌਕੇ ਮੁਹੱਈਆ ਕਰਵਾਏ ਜਾਣ ਦੀ ਸਖ਼ਤ ਜ਼ਰੂਰਤ ਹੈ ਤਾਂ ਜੋ ਨੌਜਵਾਨਾਂ ਨੂੰ ਆਪਣੇ ਪੈਰਾ 'ਤੇ ਖੜ੍ਹਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਰ ਜ਼ਿਲ੍ਹੇ ਵਿਚ ਘੱਟ ਤੋਂ ਘੱਟ 500 ਦੇ ਕਰੀਬ ਨੌਜਵਾਨਾਂ ਨੂੰ ਹਰ ਸਾਲ ਸਹਾਇਕ ਧੰਦਿਆਂ ਨਾਲ ਜੋੜਨ ਦਾ ਉਪਰਾਲਾ ਹੈ ਤਾਂ ਜੋ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਉਹ ਵੱਖ-ਵੱਖ ਥਾਵਾਂ ਤੇ ਜਾ ਕੇ ਇਨ੍ਹਾਂ ਕਿੱਤਿਆਂ ਵਿਚ ਲੱਗੇ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਨ ਤਾਂ ਜੋ ਸਰਕਾਰੀ ਸਕੀਮਾਂ ਨੂੰ ਹੋਰ ਪ੍ਰਭਾਵੀ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਸ਼ੂ ਪਾਲਣ ਨਾਲ ਸਬੰਧਿਤ ਕਿੱਤੇ ਜਿਵੇਂ ਕਿ ਡੇਅਰੀ, ਬੱਕਰੀ ਪਾਲਣ, ਸੂਰ ਪਾਲਣ ਆਦਿ ਕਰਨ ਦੇ ਚਾਹਵਾਨ ਕਿਸਾਨਾਂ ਨੂੰ ਸਿਖਲਾਈ ਦੇ ਨਾਲ -ਨਾਲ ਉਨ੍ਹਾਂ ਨੂੰ ਬੈਂਕਾਂ ਤੋਂ ਵਿੱਤੀ ਮਦਦ ਵੀ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਉਨ੍ਹਾਂ ਵੱਲੋਂ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਚੰਗੇ ਪਸ਼ੂ ਅਤੇ ਮੱਛੀ ਪਾਲਨ ਦਾ ਧੰਦਾ ਕਰਨ ਲਈ 125 ਦੇ ਕਰੀਬ ਟ੍ਰੇਨਿੰਗ ਪ੍ਰਾਪਤ ਕਰ ਚੁੱਕੇ ਨੌਜਵਾਨਾਂ ਨੂੰ ਸਰਟੀਫਿਕੇਟ ਵੀ ਵੰਡੇ।
ਕੈਬਨਿਟ ਮੰਤਰੀ ਸ੍ਰ. ਬਲਬੀਰ ਸਿੰਘ ਅਤੇ ਵੱਖ ਵੱਖ ਅਧਿਕਾਰੀਆਂ ਵੱਲੋਂ ਮੱਛੀ ਪਾਲਨ ਵਿਭਾਗ ਫ਼ਿਰੋਜ਼ਪੁਰ ਵਿਖੇ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਪੌਦੇ ਵੀ ਲਗਾਏ ਗਏ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਸ ਗੱਲ ਲਈ ਪ੍ਰੇਰਿਤ ਵੀ ਕੀਤਾ ਕਿ ਉਹ ਆਪਣੇ ਘਰਾਂ ਅਤੇ ਹੋਰ ਜਨਤਕ ਸਥਾਨਾਂ ਤੇ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਸ਼ਾਮਲ ਹੋਣ। ਉਨ੍ਹਾਂ ਦੱਸਿਆ ਕਿ ਕੁਦਰਤ ਦੀ ਇਹ ਅਨਮੋਲ ਦੇਣ ਹੈ ਕਿ ਦਰਖ਼ਤ ਸਾਨੂੰ ਬਿਨਾਂ ਕਿਸੇ ਸਵਾਰਥ ਤੋਂ ਤੰਦਰੁਸਤ ਰਹਿਣ ਲਈ ਆਕਸੀਜਨ ਦਿੰਦੇ ਹਨ ਅਤੇ ਦਰਖ਼ਤ ਹੀ ਆਕਸੀਜਨ ਦਾ ਇੱਕੋ ਇੱਕ ਸਰੋਤ ਹੈ।
      ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਕਿਹਾ ਕਿ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਅਤੇ ਹਰਿਆ-ਭਰਿਆ ਬਣਾਉਣ ਲਈ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਦੇ ਆਲ਼ੇ ਦੁਆਲੇ ਦਰਖ਼ਤ ਜਾਂ ਫਲਾਂ ਦੇ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਨ ਵਿੱਚ ਵੱਧ ਰਹੀ ਪ੍ਰਦੂਸ਼ਣ ਦੀ ਮਾਤਰਾ ਨੂੰ ਠੱਲ੍ਹ ਪਾਈ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ  ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਸੰਭਾਲ ਪ੍ਰਤੀ ਸੰਜੀਦਾ ਹੋਈਏ ਅਤੇ ਖੇਤੀ ਦੇ ਨਾਲ ਸਹਾਇਕ ਧੰਦੇ ਵੀ ਅਪਣਾਈਏ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਿਆ ਜਾ ਸਕੇ।
ਇਸ ਮੌਕੇ ਐੱਸ.ਡੀ.ਐੱਮ. ਸ੍ਰੀ. ਹਰਜੀਤ ਸਿੰਘ ਸੰਧੂ, ਡਾ. ਵਿਕਰਮ ਸਿੰਘ ਢਿੱਲੋਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਸ੍ਰੀ. ਹਰਕੇਸ ਚੰਦ ਸ਼ਰਮਾ ਸਿਆਸੀ ਸਕੱਤਰ, ਡਾ. ਰਣਦੀਪ ਕੁਮਾਰ ਹਾਂਡਾ ਡਿਪਟੀ ਡਾਇਰੈਕਟਰ ਡੇਅਰੀ, ਡਾ. ਰਜਿੰਦਰ ਕਟਾਰੀਆਂ ਡਿਪਟੀ ਡਾਇਰੈਕਟਰ ਮੱਛੀ ਪਾਲਣ, ਡਾ. ਮਨਜੀਤ ਸਿੰਘ ਸੂਰ ਪਾਲਣ ਇੰਚਾਰਜ, ਡਾ. ਸੁਰਿੰਦਰ ਸਿੰਘ ਕਪੂਰ ਸੀਨੀਅਰ ਵੈਟਰਨਰੀ ਅਫ਼ਸਰ, ਸ੍ਰ. ਬੀਰਪ੍ਰਤਾਪ ਸਿੰਘ ਗਿੱਲ ਕਾਰਜਕਾਰੀ ਅਫਸਰ ਡੇਅਰੀ ਵਿਭਾਗ, ਸੁਨੀਲ ਕੁਮਾਰ ਭੋਰੀਵਾਲ ਸਹਾਇਕ ਕਿਰਤ ਕਮਿਸ਼ਨਰ, ਈਸ਼ੂ ਸੰਘਰ ਸਹਾਇਕ ਡਾਇਰੈਕਟਰ ਫੈਕਟਰੀ, ਡੀ.ਐੱਸ.ਪੀ ਸ੍ਰ. ਜਸਪਾਲ ਸਿੰਘ ਧਾਮੀ, ਕਪਲਮੀਤ ਸਿੰਘ ਸੰਧੂ ਡੇਅਰੀ ਵਿਭਾਗ,  ਡਾ. ਸਤਨਾਮ ਸਿੰਘ ਇੰਚਾਰਜ ਮੱਛੀ ਪੂੰਗ ਫਾਰਮ ਮੱਲਵਾਲ, ਸ੍ਰ. ਬੂਟਾ ਸਿੰਘ ਪਿੰਡ ਧੀਰਾ ਪੱਤਰਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਵੀ ਹਾਜ਼ਰ ਸਨ। 
 
 

Related Articles

Back to top button