ਐਸ ਬੀ ਐਸ ਕੈਂਪਸ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ
ਫਿਰੋਜ਼ਪੁਰ:- ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਵੱਖ ਵੱਖ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਗਿਆ।ਇਸ ਮੌਕੇ ਸੰਸਥਾ ਦੇ ਕਾਰਜਕਾਰੀ ਮੁਖੀ ਡਾ. ਏ ਕੇ ਤਿਆਗੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਹਨਾਂ ਵਿਦਿਆਰਥੀਆਂ ਅਤੇ ਸਟਾਫ ਨੂੰ ਸੰਬੋਧਨ ਕਰਦੇ ਹੋਏ ਆਧੁਨਿਕ ਜੀਵਨ ਸ਼ੈਲੀ ਕਾਰਨ ਵਾਤਾਵਰਣ ਵਿੱਚ ਆ ਰਹੇ ਵਿਗਾੜਾਂ ਅਤੇ ਉਹਨਾਂ ਦੇ ਮਨੁੱਖੀ ਜੀਵਨ ਤੇ ਪੈ ਰਹੇ ਬੁਰੇ ਪ੍ਰਭਾਵਾਂ ਬਾਰੇ ਚਰਚਾ ਕਰਦੇ ਹੋਏ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਉਤਸ਼ਾਹਿਤ ਕੀਤਾ ਤਾਂ ਜੋ ਹਰ ਵਿਅਕਤੀ ਤੰਦਰੁਸਤ ਜੀਵਨ ਦਾ ਆਨੰਦ ਮਾਣ ਸਕੇ।ਉਹਨਾ ਪਲਾਸਟਿਕ ਉਤਪਾਦਾਂ ਦੇ ਮਾਨਵੀ ਸਿਹਤ ਤੇ ਪੈ ਰਹੇ ਬੁਰੇ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਸੰਸਥਾ ਦੇ ਪੀਆਰੳ ਬਲਵਿੰਦਰ ਸਿੰਘ ਨੇ ਦੱਸਿਆ ਕਿ ਕੈਂਪਸ ਦੇ ਐਨ ਐਸ ਐਸ ਵਿੰਗ,ਈਕੋ ਫਰੈਂਡਲੀ ਗਰੁੱਪ ਅਤੇ ਰੈਡ ਰਿਬਨ ਕਲੱਬ ਵੱਲੋਂੇ ਸਾਂਝੇ ਤੌਰ ਤੇ ਇਹ ਦਿਨ ਮਨਾਇਆ ਗਿਆ।ਇਸ ਮੌਕੇ ਸੰਸਥਾ ਵਿੱਚ ਫਲਦਾਰ ਬੂਟੇ ਲਗਾਏ ਗਏ।ਇਸ ਤੋਂ ਇਲਾਵਾ ਬੀੜ ਸੁਸਾਇਟੀ ਫਿਰੋਜ਼ਪੁਰ ਵਿੰਗ ਦੇ ਸਹਿਯੋਗ ਨਾਲ ਸੰਸਥਾ ਵਿੱਚ ਵੱਖ ਵੱਖ ਰੁੱਖਾਂ ਤੇ ਪੰਛੀਆਂ ਲਈ ਮਸਨੂਈ ਆਲ੍ਹਣੇਨੁਮਾ ਟਿਕਾਣੇ ਲਗਾਏ ਗਏ ਤਾਂ ਜੋ ਪੰਛੀਆਂ ਦੀਆਂ ਲੋਪ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਇਆ ਜਾ ਸਕੇ ਅਤੇ ਕੁਦਰਤ ਦੇ ਸਮਤੋਲ ਨੂੰ ਬਰਕਰਾਰ ਰੱਖਿਆ ਜਾ ਸਕੇ।ਵਧ ਰਹੇ ਤਾਪਮਾਨ ਨੂੰ ਦੇਖਦੇ ਹੋਏ ਕੈਂਪਸ ਵਿੱਚ ਪੰਛੀਆਂ ਦੇ ਪਾਣੀ ਪੀਣ ਲਈ ਵੱਖ ਵੱਖ ਥਾਵਾਂ ਤੇ ਮਿੱਟੀ ਦੇ ਬਣੇ ਕੂੰਡੇ ਵੀ ਰੱਖੇ ਗਏ।ਇਸ ਮੌਕੇ ਪ੍ਰੋ. ਸੁਖਜਿੰਦਰ ਸਿੰਘ,ਪ੍ਰੋ ਗੁਰਜੀਵਨ ਸਿੰਘ,ਇੰਚਾਰਜ ਐਨਐਸਐਸ ਗੁਰਪ੍ਰੀਤ ਸਿੰਘ,ਜਗਦੀਪ ਸਿੰਘ ਮਾਂਗਟ, ਅਫਸਰ ਇੰਚਾਰਜ ਈਕੋ ਫਰੈਂਡਲੀ ਗਰੁੱਪ ਅਤੇ ਸਵੱਛ ਭਾਰਤ ਅਭਿਆਨ ਯਸ਼ਪਾਲ, ਇੰਚਾਰਜ ਬਾਗਬਾਨੀ ਅਸ਼ੋਕ ਕੁਮਾਰ,ਅਮਰਜੀਤ ਸਿੰਘ, ਹਰਪਿੰਦਰਪਾਲ ਸਿੰਘ,ਚਾਰਲਸ ਗਿੱਲ ਅਤੇ ਸੰਸਥਾ ਦੇ ਵਿਦਿਆਰਥੀ ਹਾਜ਼ਰ ਸਨ।