ਐਚ.ਕੇ.ਐਲ ਕਾਲਜ ਦੇ ਬੀ.ਐਡ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ’ਚ
– ਕਾਲਜ ਪ੍ਰਬੰਧਕਾਂ ਨੇ ਰੋਲ ਨੰਬਰ ਦੇਣ ਤੋਂ ਕੀਤਾ ਇਨਕਾਰ,5 ਜੂਨ ਤੋਂ ਪ੍ਰੀਖਿਆ ਸ਼ੁਰੂ
– ਕਾਲਜ ਪ੍ਰਬੰਧਕਾਂ ਵਲੋਂ ਜ਼ਬਰੀ ਫੀਸਾਂ ਵਸੂਲਣ ਦੇ ਵਿਰੋਧ ’ਚ ਵਿਦਿਆਰਥੀਆਂ ਨੇ ਲਗਾਇਆ ਧਰਨਾ
ਗੁਰੂਹਰਸਹਾਏ, 2 ਜੂਨ (ਪਰਮਪਾਲ ਗੁਲਾਟੀ)- ਐਚ.ਕੇ.ਐਲ. ਕਾਲਜ ਆਫ ਐਜੂਕੇਸ਼ਨ ਗੁਰੂਹਰਸਹਾਏ ਦੇ ਪ੍ਰਬੰਧਕਾਂ ਨੇ ਬੀ.ਐਡ ਦੇ ਵਿਦਿਆਰਥੀਆਂ ਦੇ ਰੋਲ ਨੰਬਰ ਰੋਕਣ ਕਾਰਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਗੇਟ ਅੱਗੇ ਧਰਨਾ ਲਗਾ ਕੇ ਨਾਅਰੇਬਾਜੀ ਕੀਤੀ ਗਈ। ਇਸ ਸਬੰਧੀ ਬੀ.ਐਡ. ਦੇ ਵਿਦਿਆਰਥੀਆਂ ਨੇ ਦੱਸਿਆ ਕਿ ਅਸੀ ਸੈਸ਼ਨ 2016-18 ਅਤੇ 2017-19 ਦੇ ਸੈਸ਼ਨ ਵਿੱਚ ਬੀ.ਐਡ. ਕਰਨ ਲਈ ਇਸ ਕਾਲਜ ਵਿੱਚ ਬੀ.ਸੀ ਅਤੇ ਐਸ.ਸੀ ਕੈਟਾਗਰੀ ਅਧੀਨ ਐਡਮਿਸ਼ਨ ਲਈ ਸੀ। ਉਸ ਸਮੇਂ ਡਾ. ਪ੍ਰਵੀਨ ਗੁਪਤਾ ਅਤੇ ਮੈਡਮ ਸਮਿਕਸ਼ਾ ਨੇ ਸਾਡੇ ਨਾਲ ਗੱਲਬਾਤ ਕੀਤੀ ਅਤੇ ਇਹ ਕਿਹਾ ਕਿ ਅਸੀਂ ਤੁਹਾਡੇ ਕੋਲੋਂ 20 ਹਜ਼ਾਰ ਪ੍ਰਤੀ ਸਾਲ ਬੀ.ਸੀ ਲਈ ਅਤੇ ਐਸ.ਸੀ ਬੱਚਿਆਂ ਕੋਲੋਂ 10 ਹਜਾਰ ਦੀ ਫ਼ੀਸ ਲਵਾਂਗੇ, ਇਸ ਤੋਂ ਇਲਾਵਾ ਬਾਕੀ ਫ਼ੀਸ ਦੀ ਰਕਮ ਅਸੀ ਤੁਹਾਡੇ ਸਕਾਲਰਸ਼ਿਪ ਦੇ ਫ਼ਾਰਮ ਭਰਾਂਗੇ ਅਤੇ ਉਸ ਵਿੱਚੋਂ ਪੂਰੀ ਕਰਾਂਗੇ। ਐਡਮਿਸ਼ਨ ਸਮੇਂ ਇਨ੍ਹਾਂ ਨੇ ਸਾਡੇ ਨਾਲ ਇਹ ਵੀ ਵਾਅਦਾ ਕੀਤਾ ਕਿ ਅਸੀਂ ਸਿਰਫ਼ ਤੁਹਾਡੇ ਨਾਲ ਤੈਅ ਕੀਤੀ ਹੋਈ ਫ਼ੀਸ ਹੀ ਲਵਾਂਗੇ ਚਾਹੇ ਤੁਹਾਡੀ ਸਕਾਲਰਸ਼ਿਪ ਆਵੇ ਜਾਂ ਨਾ ਆਵੇ ਉਸਦੀ ਜੁੰਮੇਵਾਰੀ ਸਾਡੀ ਹੋਵੇਗੀ ਤੁਸੀਂ ਕੋਈ ਹੋਰ ਫ਼ੀਸ ਸਾਨੂੰ ਨਹੀਂ ਦੇਣੀ। ਵਿਦਿਆਰਥੀਆਂ ਨੇ ਦੱਸਿਆ ਕਿ ਅਸੀ ਗਰੀਬ ਪਰਿਵਾਰਾਂ ਦੇ ਬੱਚੇ ਹਾਂ ਹੁਣ ਜਦੋਂ ਸਾਡੇ ਪੇਪਰ 5 ਜੂਨ ਨੂੰ ਸ਼ੁਰੂ ਹੋ ਰਹੇ ਹਨ ਤਾਂ 2 ਦਿਨ ਪਹਿਲਾਂ ਕਾਲਜ ਪ੍ਰਬੰਧਕਾਂ ਨੇ ਸਾਡੇ ਕੋਲੋਂ 1 ਲੱਖ ਰੁਪਏ ਦੀ ਹੋਰ ਫ਼ੀਸ ਦੀ ਮੰਗ ਕਰ ਦਿੱਤੀ ਜੋ ਕਿ ਅਸੀਂ ਦੇਣ ਦੇ ਸਮਰੱਥ ਨਹੀਂ ਹਾਂ। ਅਗਰ ਇਨ੍ਹਾਂ ਨੇ ਸਾਰੀ ਫ਼ੀਸ ਲੈਣ ਸਬੰਧੀ ਸਾਡੇ ਨਾਲ ਦਾਖ਼ਲਾ ਲੈਣ ਸਮੇਂ ਗੱਲ ਕੀਤੀ ਹੁੰਦੀ ਤਾਂ ਅਸੀਂ ਦਾਖ਼ਲਾ ਹੀ ਨਾ ਲੈਂਦੇ ਜਾਂ ਪੂਰੀ ਫ਼ੀਸ ਦਾ ਪ੍ਰਬੰਧ ਕਰਕੇ ਹੀ ਦਾਖ਼ਲਾ ਲਂੈਦੇ। ਹੁਣ ਜਦੋ ਸਾਡੇ ਸਾਲਾਨਾ ਪੇਪਰ ਸਿਰ ’ਤੇ ਆ ਗਏ ਹਨ ਤਾਂ ਇਹ ਸਾਨੂੰ ਬਲੈਕਮੇਲ ਕਰ ਰਹੇ ਹਨ। ਇਸ ਤੋਂ ਇਲਾਵਾ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੇ ਦੱਸਿਆ ਕਿ ਇਨ੍ਹਾਂ ਨੇ ਸਾਡੇ ਕੋਲੋਂ ਧੱਕੇ ਨਾਲ ਲਖਵਾਇਆ ਕਿ ਵਜ਼ੀਫੇ ਦੀ ਜੁੰਮੇਵਾਰੀ ਸਾਡੀ ਹੋਵੇਗੀ ਨਾ ਲਿਖ ਕੇ ਦੇਣ ਦੀ ਸੂਰਤ ਵਿੱਚ ਸਮਿਕਸ਼ਾ ਮੈਡਮ ਨੇ ਸਾਡੇ ਤੇ ਦਬਾਅ ਪਾਇਆ ਕਿ ਅਗਰ ਤੁਸੀਂ ਨਹੀਂ ਲਿਖ ਕੇ ਦਿਓਗੇ ਤਾਂ ਮੈਂ ਤੁਹਾਡੀ ਅਸੈਸਮੈਂਟ ਨਹੀਂ ਲਗਾਵਾਂਗੀ ਅਤੇ ਤੁਹਾਡਾ ਕੈਰੀਅਰ ਬਰਬਾਦ ਕਰ ਦੇਵਾਂਗੀ। ਇਸ ਤੋਂ ਇਲਾਵਾ ਬੱਚਿਆਂ ਨੇ ਦੱਸਿਆ ਕਿ ਸਾਡੇ ਸਾਰੇ ਪੜ੍ਹਾਈ ਦੇ ਅਸਲ ਸਰਟੀਫਿਕੇਟ ਇਨ੍ਹਾਂ ਦੇ ਕੋਲ ਹੀ ਹਨ ਅਤੇ ਇਹ ਸਾਡੇ ਕੋਲੋਂ ਹਰ ਰੋਜ਼ ਬਿਨ੍ਹਾਂ ਕਾਰਨ ਤੋਂ ਜ਼ੁਰਮਾਨੇ ਵਸੂਲਦੇ ਹਨ। ਮੈਡਮ ਸਮਿਕਸ਼ਾ ਬੱਚਿਆਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਦੀ ਹੈ ਇਸ ਸਬੰਧੀ ਜਦੋਂ ਕਾਲਜ ਦੇ ਪ੍ਰਬੰਧਕਾਂ ਡਾ. ਪ੍ਰਵੀਨ ਗੁਪਤਾ ਅਤੇ ਮੈਡਮ ਸਮਿਕਸ਼ਾ ਗੁਪਤਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਡਾ ਸੈਲਫ ਫਾਈਨਸ ਨਿੱਜੀ ਅਦਾਰਾ ਹੈ ਸਾਨੂੰ ਕਿਤੋ ਦਾਨ ਨਹੀਂ ਮਿਲਦਾ, ਜਿਸ ਨਾਲ ਅਸੀ ਕਾਲਜ ਚਲਾ ਸਕੀਏ ਅਗਰ ਬੱਚੇ ਫ਼ੀਸਾਂ ਨਹੀ ਦੇਣਗੇ ਤਾਂ ਅਸੀ ਉਹਨਾਂ ਨੂੰ ਰੋਲ ਨੰਬਰ ਨਹੀਂ ਦੇਵਾਂਗੇ। ਇਹ ਜਿਨ੍ਹਾਂ ਮਰਜੀ ਧਰਨੇ ਲਗਾ ਲੈਣ ਸਾਡੀ ਸਿਹਤ ’ਤੇ ਕੋਈ ਅਸਰ ਨਹੀਂ।
ਇਸ ਮੌਕੇੇੇ ਵਿਦਿਆਰਥੀਆਂ ਨੇ ਕਾਲਜ ਦੇ ਗੇਟ ਨੂੰ ਬੰਦ ਕਰ ਦਿੱਤਾ ਅਤੇ ਉਹਨਾਂ ਨੇ ਕਾਲਜ ਪ੍ਰਬੰਧਕਾਂ ਨੂੰ ਚੇਤਾਵਨੀ ਦਿੱਤੀ ਕਿ ਅਗਰ ਸਾਨੂੰ ਰੋਲ ਨੰਬਰ ਨਾ ਦਿੱਤੇ ਅਤੇ ਸਾਡਾ ਕੈਰੀਅਰ ਖ਼ਰਾਬ ਕਰ ਦਿੱਤਾ ਗਿਆ ਜਾਂ ਫਿਰ ਕਿਸੇ ਵਿਦਿਆਰਥੀ ਨਾਲ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਦੇ ਜੁੰਮੇਵਾਰ ਡਾ. ਪ੍ਰਵੀਨ ਗੁਪਤਾ ਅਤੇ ਮੈਡਮ ਸਮਿਕਸ਼ਾ ਹੋਣਗੇ।
ਉਧਰ ਇਸ ਮਸਲੇ ਨੂੰ ਲੈ ਕੇ ਉਪ ਮੰਡਲ ਗੁਰੂਹਰਸਹਾਏ ਦੇ ਡੀ.ਐਸ.ਪੀ ਅਤੇ ਐਸ.ਐਸ.ਓ ਵੀ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ ਪਰੰਤੂ ਪੁਲਸ ਅਧਿਕਾਰੀ ਵੀ ਵਿਦਿਆਰਥੀਆਂ ਅਤੇ ਕਾਲਜ ਪ੍ਰਬੰਧਕਾਂ ਵਿਚਾਲੇ ਮਸਲਾ ਹੱਲ ਕਰਵਾਉਣ ਵਿਚ ਨਾਕਾਮਯਾਬ ਰਹੇ।