ਪੰਜਾਬ ਯੂਨੀਵਰਸਿਟੀ ਕੰਸਟੀਚਿਊਟ ਕਾਲਜ ਮੋਹਕਮ ਖਾਂ ਵਾਲਾ ਵਿਖੇ ਸਲਾਨਾ ਸਮਾਗਮ ਦਾ ਆਯੋਜਨ
ਫ਼ਿਰੋਜ਼ਪੁਰ 25 ਅਪ੍ਰੈਲ 2018 ( ) ਪੰਜਾਬ ਯੂਨੀਵਰਸਿਟੀ ਕੰਸਟੀਚਿਊਟ ਕਾਲਜ ਮੋਹਕਮ ਖਾਂ ਵਾਲਾ ਵਿਖੇ ਸਟਾਫ਼, ਵਿਦਿਆਰਥੀਆਂ ਵੱਲੋਂ ਸਲਾਨਾ ਇਨਾਮ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡਿਪਟੀ ਕਮਿਸ਼ਨਰ ਸ੍ਰੀ. ਰਾਮਵੀਰ ਆਈ.ਏ.ਐੱਸ. ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰ. ਅਮਰੀਕ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰ. ਗੁਰਕਰਨ ਸਿੰਘ ਰਨੀਆ, ਏ.ਆਈ.ਜੀ ਸ੍ਰੀ. ਦੇਸ਼ ਰਾਜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਸ੍ਰੀ. ਰਾਮਵੀਰ ਆਈ.ਏ.ਐੱਸ. ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ, ਸਟਾਫ਼ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਵਧੀਆ ਸਲਾਨਾ ਸਮਾਗਮ ਦੇ ਆਯੋਜਨ ਲਈ ਸਮੂਹ ਸਟਾਫ਼, ਵਿਦਿਆਰਥੀਆਂ, ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਦੌਰਾਨ ਜਿੱਥੇ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਹੁੰਦਾ ਹੈ ਉੱਥੇ ਹੀ ਸੱਭਿਆਚਾਰਕ ਤੇ ਸਟੇਜ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਨਾਲ ਵਿਦਿਆਰਥੀਆਂ ਦਾ ਮਨੋਬਲ ਵਧਦਾ ਹੈ ਤੇ ਉਨ੍ਹਾਂ ਦੀ ਸ਼ਖ਼ਸੀਅਤ ਵਿੱਚ ਨਿਖਾਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਸੂਚਨਾ ਤਕਨਾਲੋਜੀ ਵਿੱਚ ਲਗਾਤਾਰ ਕ੍ਰਾਂਤੀਕਾਰੀ ਤਬਦੀਲੀ ਆ ਰਹੀ ਹੈ ਤੇ ਵਿਦਿਆਰਥੀਆਂ ਨੂੰ ਇਸ ਦਾ ਸਹੀ ਤੇ ਸੰਜਮ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਜ਼ਿੰਦਗੀ ਵਿੱਚ ਨਿਸ਼ਾਨਾ ਮਿੱਥ ਕੇ ਪੂਰੀ ਮਿਹਨਤ ਨਾਲ ਉਸ ਤੇ ਕੰਮ ਕਰਨ, ਨਿਸ਼ਾਨੇ ਦੀ ਪ੍ਰਾਪਤੀ ਜ਼ਰੂਰੀ ਹੋਵੇਗੀ। ਇਸ ਮੌਕੇ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਤੋਂ ਵੱਖ-ਵੱਖ ਸਵਾਲ ਵੀ ਪੁੱਛੇ ਜਿਸ ਦਾ ਉਸ ਨੇ ਵਿਸਥਾਰ ਨਾਲ ਉੱਤਰ ਦਿੱਤਾ। ਉਨ੍ਹਾਂ ਕਿਹਾ ਕਿ ਕਾਲਜ ਵਿੱਚ ਜਲਦੀ ਹੀ ਰੁਜ਼ਗਾਰ ਸੈੱਲ ਦੀ ਸਥਾਪਨਾ ਕੀਤੀ ਜਾਵੇਗੀ।
ਇਸ ਤੋਂ ਪਹਿਲਾ ਕਾਲਜ ਦੇ ਪ੍ਰਿੰਸੀਪਲ ਡਾ. ਇਕਬਾਲ ਸਿੰਘ ਸੰਧੂ ਨੇ ਮੁੱਖ ਮਹਿਮਾਨ ਸਮੇਤ ਹੋਰ ਪਤਵੰਤਿਆਂ ਨੂੰ ਜੀ ਆਇਆ ਕਿਹਾ ਤੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਕਾਲਜ ਦੀ ਪ੍ਰੋਫੈਸਰ ਆਸਤਾ ਦੀਕਸ਼ਤ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਜਿਸ ਵਿੱਚ ਕਵੀਸ਼ਰੀ, ਲੋਕ ਗੀਤ, ਭੰਗੜਾ, ਗਿੱਧਾ, ਕੋਰਿਓਗ੍ਰਾਫੀ ਆਦਿ ਦੀ ਸਫਲ ਪੇਸ਼ਕਾਰੀ ਕੀਤੀ ਗਈ ਜਿਸ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ। ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰੋਫੈਸਰ ਰਜੀਵ ਕੁਮਾਰ, ਸ੍ਰ. ਹਰਜਿੰਦਰ ਸਿੰਘ, ਸ੍ਰ. ਜਗਦੀਪ ਸਿੰਘ ਲੈਕਚਰਾਰ, ਸ੍ਰ. ਪ੍ਰਤਾਪ ਸਿੰਘ, ਸ੍ਰ. ਸਮਸ਼ੇਰ ਸਿੰਘ ਸਰਪੰਚ, ਸ੍ਰ. ਸੁਖਚੈਨ ਸਿੰਘ ਸਮੇਤ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
9 Attachments