ਸ਼ਹੀਦਾਂ ਦੀ ਧਰਤੀ ਫਿਰੋਜ਼ਪੁਰ ਦਾ ਰਹਿਣ ਵਾਲਾ ਜਵਾਨ ਜੰਮੂ-ਕਸ਼ਮੀਰ 'ਚ ਹੋਇਆ ਸ਼ਹੀਦ..!!
31 ਦਸੰਬਰ, ਫਿਰੋਜ਼ਪੁਰ: ਅੱਜ ਤੜਕੇ ਕਰੀਬ ਦੋ ਵਜੇ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ ਇਕ ਕੈਂਪ ਤੇ ਮਾਰੂ ਹਥਿਆਰਾਂ ਨਾਲ ਹਥਿਆਰਬੰਦ ਹੋਏ ਅੱਤਵਾਦੀਆਂ ਨੇ ਆਤਮਘਾਤੀ ਹਮਲਾ ਕਰ ਦਿੱਤਾ। ਮਿਲੀ ਜਾਣਕਾਰੀ ਦੇ ਮੁਤਾਬਿਕ ਇਸ ਅੱਤਵਾਦੀ ਹਮਲੇ ਵਿਚ ਕੁਝ ਜਵਾਨ ਸ਼ਹੀਦ ਹੋ ਗਏ ਅਤੇ ਇਸ ਦੇ ਨਾਲ ਹੀ ਫੌਜ ਨੇ ਵੱਡੀ ਕਾਰਵਾਈ ਵਿਚ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਦੁਖਦਾਈ ਖਬਰ ਇਹ ਹੈ ਸ਼ਹੀਦ ਹੋਏ ਜਵਾਨਾਂ ਵਿਚੋਂ ਇਕ ਜਵਾਨ ਜਗਸੀਰ ਸਿੰਘ (32) ਪੁੱਤਰ ਅਮਰਜੀਤ ਸਿੰਘ ਫਿਰੋਜ਼ਪੁਰ ਦੇ ਪਿੰਡ ਲੋਹਗੜ੍ਹ ਠਾਕਰਾਂ ਵਾਲਾ ਦਾ ਵੀ ਹੈ, ਜੋ ਇਸ ਅੱਤਵਾਦੀ ਹਮਲੇ ਵਿਚ ਸ਼ਹੀਦ ਹੋ ਗਿਆ। ਸ਼ਹੀਦ ਜਵਾਨ ਜਗਸੀਰ ਸਿੰਘ ਦੇ ਪਿਤਾ ਅਮਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ 2004 ਵਿਚ 19 ਪੰਜਾਬ ਸਿੱਖ ਰੈਜੀਮੈਂਟ ਵਿਚ ਭਰਤੀ ਹੋਇਆ ਸੀ। ਅੱਜ ਸਵੇਰੇ ਜੰਮੂ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਵਿਚ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਉਸ ਦਾ ਪੁੱਤਰ ਜਗਸੀਰ ਸਿੰਘ ਸ਼ਹੀਦ ਹੋ ਗਿਆ। ਸ਼ਹੀਦ ਦੇ ਪਿਤਾ ਨੇ ਜਾਣਕਾਰੀ ਦਿੱਤੀ ਕਿ ਉਸ ਦਾ ਬੇਟਾ 22 ਦਸੰਬਰ ਨੂੰ ਛੁੱਟੀਆਂ ਕੱਟ ਕੇ ਹੱਸਦਾ ਖੇਡਦਾ ਵਾਪਸ ਆਪਣੀ ਡਿਊਟੀ ਤੇ ਗਿਆ ਸੀ ਪਰ ਅੱਜ ਸਵੇਰੇ ਹੋਏ ਅੱਤਵਾਦੀ ਹਮਲੇ ਵਿਚ ਉਸ ਦਾ ਬੇਟਾ ਸ਼ਹੀਦ ਹੋ ਗਿਆ। ਦੂਜੇ ਪਾਸੇ ਸਿਪਾਹੀ ਜਗਸੀਰ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਮਿਲਣ ਤੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਸ਼ਹੀਦ ਆਪਣੇ ਪਿੱਛੇ ਪਿਤਾ ਅਮਰਜੀਤ ਸਿੰਘ, ਮਾਂ ਗੁਰਮੀਤ ਕੌਰ, ਪਤਨੀ ਮਹਿੰਦਰਪਾਲ ਕੌਰ, ਦੋ ਧੀਆਂ ਨਾਗਮ, ਗੁਰਮੀਤ ਅਤੇ ਇਕ ਪੁੱਤਰ ਜਸਦੀਪ ਸਿੰਘ ਛੱਡ ਗਿਆ ਹੈ।