ਵਿਰਸੇ ਅਤੇ ਸੱਭਿਆਚਾਰ 'ਤੇ ਝਾਤ ਪਾਉਂਦਾ ਤੀਆਂ ਦਾ ਮੇਲਾ ਅੱਜ, ਪ੍ਰਬੰਧ ਮੁਕੰਮਲ
ਫ਼ਿਰੋਜ਼ਪੁਰ, 12 ਅਗਸਤ- ਸਾਉਣ ਮਹੀਨੇ ਦੀ ਆਮਦ 'ਤੇ ਧੀਆਂ-ਧਿਆਣੀਆਂ ਦੇ ਖੁਸ਼ੀਆਂ ਖੇੜਿਆਂ ਵਾਲੇ ਤਿਉਹਾਰ ਤੀਆਂ ਨੂੰ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵੱਲੋਂ ਜ਼ਿਲਾ ਪ੍ਰਸ਼ਾਸਨ ਦੀ ਅਗਵਾਈ ਹੇਠ ਪ੍ਰੈਸ ਕਲੱਬ, ਟੀਚਰ ਕਲੱਬ ਫ਼ਿਰੋਜ਼ਪੁਰ, ਧੀਆਂ ਦਾ ਸਤਿਕਾਰ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਨਗਰ ਕੌਂਸਲ ਫ਼ਿਰੋਜ਼ਪੁਰ ਸ਼ਹਿਰ ਦੇ ਵਿਹੜੇ 'ਚ 13 ਅਗਸਤ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਪ੍ਰਬੰਧਾਂ ਦਾ ਜਾਇਜਾ ਲੈਣ ਉਪਰੰਤ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਦੇ ਆਗੂ ਵਰਿੰਦਰ ਸਿੰਘ ਵੈਰੜ ਅਤੇ ਅਸ਼ੀਸ਼ਪ੍ਰੀਤ ਸਿੰਘ ਸਾਈਆਂ ਵਾਲਾ ਨੇ ਦਿੱਤੀ। ਉਨਾਂ ਦੱਸਿਆ ਕਿ ਤੀਆਂ ਦਾ ਮੇਲਾ ਪੰਜਾਬੀ ਸੱਭਿਆਚਾਰ ਅਤੇ ਵਿਰਸੇ 'ਤੇ ਮੁਕੰਮਲ ਝਾਤ ਪਾਵੇਗਾ, ਜਿਸ ਵਿਚ ਨਾਂਮਵਰ ਲੋਕ ਗਾਇਕਾ ਡੋਲੀ ਗੁਲੇਰੀਆ, ਸੁਨੈਨੀ, ਇਮਾਨਤਪ੍ਰੀਤ, ਕੁਲਬੀਰ ਗੋਗੀ, ਪ੍ਰਭ ਕੌਰ ਸੰਧੂ ਆਦਿ ਗਾਇਕਾਵਾਂ ਪਹੁੰਚ ਕੇ ਆਪਣੀ ਸੁਰੀਲੀ ਅਵਾਜ਼ ਰਾਹੀਂ ਸੱਭਿਅਕ ਗੀਤਾਂ ਦੀ ਪੇਸ਼ਕਾਰੀ ਕਰਨਗੀਆਂ। ਉਨਾਂ ਦੱਸਿਆ ਕਿ ਗਿੱਧਾ, ਭੰਗੜਾ, ਤ੍ਰਿੰਝਣ, ਸਕਿੱਟਾਂ, ਕੋਰੀਓਗ੍ਰਾਫ਼ੀ ਹੋਰ ਰੰਗਾਰੰਗ ਪ੍ਰੋਗਰਾਮ ਮੇਲੇ 'ਚ ਖਿੱਚ ਦਾ ਕੇਂਦਰ ਬਨਣਗੇ। ਵੈਰੜ ਦੱਸਿਆ ਕਿ ਤੀਆਂ ਦੀ ਰਾਣੀ ਮੁਕਾਬਲਾ ਵੀ ਕਰਵਾਇਆ ਜਾਣਾ ਹੈ। ਜੇਤੂਆਂ ਨੂੰ ਸੋਨੇ ਦਾ ਟਿੱਕਾ, ਸੋਨੇ ਦੀ ਤਵੀਤੜੀ, ਚਾਂਦੀ ਦੀਆਂ ਝਾਂਜਰਾਂ ਅਤੇ ਸੋਨੇ ਦੇ ਕੋਕਿਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਖਾਣ-ਪੀਣ ਦੇ ਸਟਾਲਾਂ ਤੋਂ ਇਲਾਵਾ ਸੱਭਿਆਚਾਰ 'ਤੇ ਝਾਤ ਪਾਉਂਦੀਆਂ ਵੰਨਗੀਆਂ ਵੀ ਖਿੱਚ ਦਾ ਕੇਂਦਰ ਹੋਣਗੀਆਂ। ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ ਵਿਚ ਅਰਨੀ ਵਾਲਾ ਤੋਂ ਮਾਸਟਰ ਜਸਵੰਤ ਸਿੰਘ ਦੀ ਅਗਵਾਈ ਹੇਠ ਬਾਬਿਆਂ ਵੱਲੋਂ ਪ੍ਰਸਿੱਧ ਲੋਕ ਨਾਚ ਝੂਮਰ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਸ ਮੌਕੇ ਈਸ਼ਵਰ ਸ਼ਰਮਾ, ਬਾਬਾ ਗੁਰਬਚਨ ਸਿੰਘ, ਸ਼ੈਰੀ ਸੰਧੂ, ਸੁਖਵਿੰਦਰ ਸਿੰਘ ਬੁਲੰਦੇਵਾਲੀ, ਸਨਬੀਰ ਸਿੰਘ ਖਲਚੀਆਂ, ਹਰਦੇਵ ਸਿੰਘ ਮਹਿਮਾ, ਜਗਦੀਪ ਸਿੰਘ ਆਸਲ, ਪ੍ਰਦੀਪ ਸਿੰਘ ਪੰਮਾ ਭੁੱਲਰ ਮੱਲਵਾਲ, ਅਨਿਲ ਸ਼ਰਮਾ, ਰਤਨ ਲਾਲ, ਮਨਦੀਪ ਸਿੰਘ ਜੌਨ, ਰਵੀਇੰਦਰ ਸਿੰਘ, ਅਮਨਦੀਪ ਸਿੰਘ, ਕੁਲਵੰਤ ਸਿੰਘ, ਜਸਵਿੰਦਰ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।
ਕੈਪਸ਼ਨ
ਮੀਟਿੰਗ ਉਪਰੰਤ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਦੇ ਆਗੂ ਵਰਿੰਦਰ ਸਿੰਘ ਵੈਰੜ ਆਦਿ।