-ਬਿਨ੍ਹਾਂ ਨੰਬਰ ਪਲੇਟਾਂ ਵਾਲਿਆਂ 'ਤੇ ਚੱਲਿਆ ਵੀਹਕਲ ਐਕਟ ਤਹਿਤ ਪੁਲਿਸ ਦਾ 'ਡੰਡਾ'
ਵਿਧਾਨ ਸਭਾ ਚੋਣਾਂ ਤੋਂ ਮਗਰੋਂ ਆਖਰਕਾਰ ਪੁਲਿਸ ਨੇ ਕਰ ਦਿੱਤਾ ਆਪਣਾ ਅਭਿਆਨ ਸ਼ੁਰੂ
-ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ: ਡੀ ਐਸਪੀ
ਫਿਰੋਜ਼ਪੁਰ: (February 8, 2017 ):ਪੰਜਾਬ ਅੰਦਰ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਮਗਰੋਂ ਪੁਲਿਸ ਨੇ ਲੁੱਟ ਖਸੁੱਟ ਕਰਨ ਵਾਲਿਆਂ ਦੇ ਖਿਲਾਫ ਇਕ ਵਿਸੇਸ਼ ਮੁਹਿੰਮ ਚਲਾਈ ਹੈ। ਜਿਸ ਵਿਚ ਬਗੈਰ ਕਾਗਜਾਤ ਵਾਲਿਆਂ ਦੇ ਵਾਹਨ ਤਾਂ ਚਲਾਨ ਕੀਤੇ ਜਾ ਰਹੇ ਹਨ ਨਾਲ ਹੀ ਬਿਨ੍ਹਾਂ ਨੰਬਰ ਪਲੇਟਾਂ ਵਾਲਿਆਂ ਦੇ ਵੀਹਕਲ ਨੂੰ ਥਾਣੇ ਅੰਦਰ ਬੰਦ ਕੀਤਾ ਜਾ ਰਿਹਾ ਹੈ। ਇਸੇ ਅਭਿਆਨ ਦੇ ਚੱਲਦਿਆ ਸ਼ਹਿਰ ਅੰਦਰ ਬਿਨਾਂ ਨੰਬਰ ਵਾਲੇ ਮੋਟਰਸਾਈਕਲਾਂ 'ਤੇ ਆਵਾਜਾਈ ਨਿਯਮ ਤੋੜ ਕੇ ਆਵਾਰਾਗਰਦੀ ਕਰਨ ਵਾਲਿਆਂ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਗੌਰਵ ਗਰਗ ਦੇ ਨਿਰਦੇਸ਼ਾਂ ਹੇਠ ਬੁੱਧਵਾਰ ਨੂੰ ਸ਼ਹਿਰ ਦੇ ਵੱਖ ਵੱਖ ਚੌਂਕਾਂ ਵਿਚ ਨਾਕੇਬੰਦੀ ਕਰਕੇ ਵਾਹਨਾਂ ਦੇ ਚਲਾਨ ਕੱਟੇ ਗਏ। ਡੀਐਸਪੀ ਸਿਟੀ ਹਰਿੰਦਰ ਸਿੰਘ ਅਤੇ ਥਾਣਾ ਸਿਟੀ ਇੰਚਾਰਜ ਰਵਿੰਦਰ ਸਿੰਘ ਨੇ ਦੱਸਿਆ ਕਿ ਦੱਸਿਆ ਕਿ ਸ਼ਹਿਰ ਵਿਚ ਵਾਧੂ ਤੁਰੀ ਫਿਰਦੀ ਮੰਡੀਰ ਜੋ ਕਿ ਮੋਟਰਸਾਈਕਲਾਂ 'ਤੇ ਦੋ ਤੋਂ ਵੱਧ ਸਵਾਰ ਹੋ ਕੇ ਆਵਾਰਾਗਰਦੀ ਕਰਦੇ ਹਨ 'ਤੇ ਬੁਲਟ ਮੋਟਰਸਾਈਕਲਾਂ 'ਤੇ ਪਟਾਕੇ ਮਾਰਦੇ ਹਨ, ਦੇ ਚਲਾਨ ਕੱਟੇ ਤਾਂ ਜੋ ਆਵਾਜਾਈ ਦੇ ਨਿਯਮਾਂ ਨੂੰ ਇਨ-ਬਿਨ ਲਾਗੂ ਕੀਤਾ ਜਾ ਸਕੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਦੇ ਕਾਗਜਾਤ ਪੂਰੇ ਰੱਖਣ। ਸ਼ਹਿਰ ਵਿਚ ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਖਾਸ ਕਰਕੇ ਮੋਟਰਸਾਈਕਲਾਂ ਨੂੰ ਥਾਣੇ ਵਿਚ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਵਿਚ ਵੱਖ ਵੱਖ ਸਥਾਨਾਂ 'ਤੇ ਚਲਾਏ ਗਏ ਵਿਸ਼ੇਸ਼ ਅਭਿਆਨ ਦੇ ਦੌਰਾਨ ਲਗਭਗ ਦੋ ਦਰਜਨ ਬਿਨਾਂ ਨੰਬਰ ਪਲੇਟ ਵਾਲੀ ਮੋਟਰਸਾਈਕਲਾਂ ਨੂੰ ਮੋਟਰ ਵਹੀਕਲ ਐਕਟ ਦੀ ਉਲੰਘਨਾ ਕਰਨ ਦੇ ਦੋਸ਼ ਵਿਚ ਬੰਦ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿਚ ਉਹ ਬੁਲੇਟ ਮੋਟਰਸਾਈਕਿਲ ਵੀ ਹਨ, ਜੋ ਬਾਜ਼ਾਰਾਂ 'ਚ ਗੁੰਡਾਗਰਦੀ ਦੇ ਤੌਰ 'ਤੇ ਪਟਾਖੇ ਮਾਰਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜੋ ਵੀ ਕੋਈ ਵਿਅਕਤੀ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰੇਗਾ, ਉਸ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।