ਜ਼ਿਲ੍ਹਾ ਸਬ ਜੂਨੀਅਰ ਬਾਕਸਿੰਗ ਚੈਂਪਿਅਨਸ਼ਿਪ ਵਿਚ ਛੋਟੇ ਬਾਕਸਰਾਂ ਨੇ ਵਿਖਾਏ ‘ਘਸੁੰਨਾਂ’ ਦੇ ਦਮ
ਫਿਰੋਜ਼ਪੁਰ 03 ਜਨਵਰੀ () ; ਜ਼ਿਲ੍ਹਾ ਪੱਧਰੀ ਸਬ ਜੂਨੀਅਰ ਬਾਕਸਿੰਗ ਚੈਂਪਿਅਨਸ਼ਿਪ ਫਿਰੋਜ਼ਪੁਰ ਦੇ ਪਿੰਡ ਰੁਕਨਾ ਬੇਗੂ ਵਿਖੇ ਬੀਤੇ ਦਿਨ ਸੰਪੰਨ ਹੋਈ। ਇਸ ਚੈਂਪਿਅਨਸ਼ਿਪ ਵਿਚ 17 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਵੱਖ ਵੱਖ ਵਰਗ ਦੇ ਮੁਕਾਬਲੇ ਕਰਵਾਏ ਗਏ,ਜਿਸ ਵਿਚ ਜ਼ਿਲ੍ਹੇ ਭਰ ਦੇ ਬਾਕਸਰਾਂ ਨੇ ਭਾਗ ਲਿਆ। ਰੁਕਨਾ ਬੇਗੂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਡੀਐਸਐਮ ਬਾਕਸਿੰਗ ਕਲੱਬ ਦੇ ਰਿੰਗ ਵਿਚ ਕਰਵਾਏ ਗਏ ਇੰਨ੍ਹਾਂ ਮੁਕਾਬਲਿਆਂ ਵਿਚ ਬਾਕਸਰਾਂ ਨੇ ਸ਼ਾਨਦਾਰ ਖੇਡ ਦਾ ਪ੍ਰਗਟਾਵਾ ਕੀਤਾ। ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਦੇ ਸੈਕਟਰੀ ਰੰਮੀਕਾਂਤ ਅਤੇ ਡੀਐਸਐਮ ਬਾਕਸਿੰਗ ਕਲੱਬ ਦੇ ਕੋਚ ਰਾਜਬੀਰ ਸਿੰਘ ਸੰਧੂ ਨੇ ਦੱਸਿਆ ਕਿ 1 ਜਨਵਰੀ 2000 ਤੋਂ ਬਾਅਦ ਪੈਦਾ ਹੋਏ 17 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਨੇ ਹੀ ਇਨ੍ਹਾਂ ਖੇਡਾਂ ਵਿਚ ਹਿੱਸਾ ਲਿਆ। ਇੰਨ੍ਹਾਂ ਮੈਚਾਂ ਵਿਚ ਉਮਰ ਦੇ ਲਿਹਾਜ਼ ਨਾਲ ਤਿੰਨ ਕੈਟਾਗਰੀਆਂ ਬਣਾਈਆਂ ਗਈਆਂ ਸਨ। ਮੈਚ ਦੇ ਫਾਈਨਲ ਮੁਕਾਬਲਿਆਂ ਵਿਚ ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਥਿੰਦ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਪਹਿਨਾਏ ਗਏ। ਇਸ ਮੋਕੇ ਰਾਜਬੀਰ ਸਿੰਘ ਨੇ ਦੱਸਿਆ ਕਿ ਫਾਈਨਲ ਮੁਕਾਬਲਿਆਂ ਨੂੰ ਵੇਖਣ ਲਈ ਕੁੱਝ ਸਮੇਂ ਲਈ ਹਲਕਾ ਦਿਹਾਤੀ ਤੋਂ ਕਾਂਗਰਸੀ ਉਮੀਂਦਵਾਰ ਸਤਿਕਾਰ ਕੌਰ ਗਹਿਰੀ ਨੇ ਉਚੇਚੇ ਤੋਰ ਤੇ ਮੈਚਾਂ ਵਿਚ ਹਾਜ਼ਰੀ ਲਗਵਾਈ । ਇਸ ਮੋਕੇ ਸਤਿਕਾਰ ਕੋਰ ਗਹਿਰੀ ਨੇ ਕਾਂਗਰਸ ਦੀ ਸਰਕਾਰ ਆਉਣ ਤੇ ਸਟੇਡਿਅਮ ਬਣਵਾਏ ਜਾਣ ਦਾ ਵੀ ਵਾਅਦਾ ਕੀਤਾ। ਇਸ ਮੌਕੇ ‘ਤੇ ਸਤਿਕਾਰ ਕੌਰ ਗਹਿਰੀ ਦੇ ਪੀਏ ਬਲਦੇਵ ਸਿੰਘ ਬਿੱਟੂ ਮੱਲ੍ਹੀ ਨੇ ਕਲੱਬ ਦੇ ਖਿਡਾਰੀਆਂ ਨੂੰ ਕਿੱਟਾਂ ਭੇਂਟ ਕੀਤੀਆਂ।ਚੈਂਪਿਅਨਸ਼ਿਪ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿਲਬਾਗ ਸਿੰਘ ਮੈਮੋਰੀਅਲ ਬਾਕਸਿੰਗ ਕਲੱਬ ਦੇ ਪ੍ਰਧਾਨ ਗੁਰਜੀਤ ਸਿੰਘ, ਸੈਕਟਰੀ ਰਣਜੀਤ ਸਿੰਘ ਨਾਗਪਾਲ, ਬਾਬਾ ਬਲਵਿੰਦਰ ਸਿੰਘ ਰੁਕਨਾ ਬੇਗੂ, ਬਲਰਾਜ ਸਿੰਘ, ਬਚਿੱਤਰ ਸਿੰਘ, ਮਿੰਟ,ੂ ਦੀਪੂ ਮੈਂਬਰ, ਨਿਸ਼ਾਨ ਸਿੰਘ ਧਿਆਨਾ, ਪਰਵਿੰਦਰ ਭੁੱਲਰ, ਤਰਸੇਮ ਸਿੰਘ ਰੁਕਨਾ ਬੇਗੂ, ਨਿਸ਼ਾਨ ਸਿੰਘ ਮੈਂਬਰ ਪੰਚਾਇਤ, ਦੀਪੂ ਪੰਚਾਇਤ ਮੈਂਬਰ ਅਤੇ ਹੋਰ ਵੀ ਹਾਜ਼ਰ ਸਨ।