ਕਿਸੇ ਵਿਅਕਤੀ ਦੀ ਵੈਰੀਫਿਕੇਸ਼ਨ ਕਰਵਾਉਣ ਲਈ ਪੁਲੀਸ ਥਾਣੇ ਗਏ ਪੱਤਰਕਾਰ ਪਰਮਜੀਤ ਢਾਬਾਂ ਉੱਤੇ ਮੁਨਸ਼ੀ ਨੇ ਕੀਤਾ ਹਮਲਾ ਧੱਕਾ ਮੁੱਕੀ ਦੋਰਾਨ ਪੱਤਰਕਾਰ ਜ਼ਖਮੀ
ਕਿਸੇ ਵਿਅਕਤੀ ਦੀ ਵੈਰੀਫਿਕੇਸ਼ਨ ਕਰਵਾਉਣ ਲਈ ਪੁਲੀਸ ਥਾਣੇ ਗਏ ਪੱਤਰਕਾਰ ਪਰਮਜੀਤ ਢਾਬਾਂ ਉੱਤੇ ਮੁਨਸ਼ੀ ਨੇ ਕੀਤਾ ਹਮਲਾ
ਧੱਕਾ ਮੁੱਕੀ ਦੋਰਾਨ ਪੱਤਰਕਾਰ ਜ਼ਖਮੀ
24 ਦਸੰਬਰ, 2019:
ਜਲਾਲਾਬਾਦ ਦੇ ਥਾਣਾ ਸਿਟੀ ਵਿੱਚ ਕਿਸੇ ਵਿਅਕਤੀ ਨਾਲ ਵੈਰੀਫਿਕੇਸ਼ਨ ਕਰਵਾਉਣ ਲਈ ਗਏ ਪੱਤਰਕਾਰ ਪਰਮਜੀਤ ਸਿੰਘ ਢਾਬਾਂ ਉੱਤੇ ਥਾਣਾ ਸਿਟੀ ਦੇ ਮੁਨਸ਼ੀ ਵੱਲੋਂ ਹਮਲਾ ਕਰ ਦੇਣ ਅਤੇ ਉਸ ਨੂੰ ਜ਼ਖ਼ਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਪੱਤਰਕਾਰ ਪਰਮਜੀਤ ਸਿੰਘ ਢਾਬਾਂ ਨੂੰ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਅੱਜ ਬਾਅਦ ਦੁਪਹਿਰ ਉਹ ਆਪਣੇ ਇੱਕ ਜਾਣਕਾਰ ਲਖਵਿੰਦਰ ਸਿੰਘ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਲਈ ਥਾਣਾ ਸਿਟੀ ਜਲਾਲਾਬਾਦ ਵਿਖੇ ਪਹੁੰਚੇ ਸਨ ਜਿੱਥੇ ਉਨ੍ਹਾਂ ਮੁਨਸ਼ੀ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਦੀ ਵੈਰੀਫਿਕੇਸ਼ਨ ਕਰਨ ਪ੍ਰੰਤੂ ਮੁਨਸ਼ੀ ਨੇ ਬੜੀ ਹੀ ਭੱਦੀ ਸ਼ਬਦਾਵਲੀ ਵਿੱਚ ਲਖਵਿੰਦਰ ਸਿੰਘ ਦੀ ਵੈਰੀਫਿਕੇਸ਼ਨ ਕਰਨ ਤੋਂ ਨਾ ਕਰ ਦਿੱਤੀ ਜਿਸ ਕਾਰਨ ਪਰਮਜੀਤ ਢਾਬਾਂ ਨੇ ਮੁਨਸ਼ੀ ਨੂੰ ਕਿਹਾ ਕਿ ਤੁਸੀਂ ਵੈਰੀਫਿਕੇਸ਼ਨ ਨਹੀਂ ਕਰਨੀ ਤਾਂ ਨਾ ਸਹੀ ਪਰ ਬੋਲੋ ਤਾਂ ਜ਼ਰਾ ਢੰਗ ਨਾਲ । ਇਹ ਗੱਲ ਸੁਣ ਕੇ ਮੁਨਸ਼ੀ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਲਗਾਤਾਰ ਪਰਮਜੀਤ ਢਾਬਾਂ ਨੂੰ ਗੰਦੀਆਂ ਗਾਲਾਂ ਕੱਢਨੀਆਂ ਅਤੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ । ਥਾਣੇ ਵਿੱਚ ਮੌਜੂਦ ਹੋਰ ਮੁਲਾਜ਼ਮਾਂ ਨੇ ਮੁਨਸ਼ੀ ਨੂੰ ਸਮਝਾਇਆ ਕਿ ਇਹ ਗੱਲ ਤੇਰੇ ਵਾਸਤੇ ਠੀਕ ਨਹੀਂ ਪ੍ਰੰਤੂ ਫਿਰ ਵੀ ਉਹ ਲਗਾਤਾਰ ਗ ਕਰਦਾ ਰਿਹਾ ਅਤੇ ਉਸ ਨਾਲ ਮਾਰਕੁੱਟ ਕਰਦਾ ਰਿਹਾ । ਉਧਰ ਥਾਣੇ ਵਿੱਚ ਹੋਏ ਪੱਤਰਕਾਰ ਉੱਤੇ ਹਮਲੇ ਦੀ ਸਮੂਹ ਜ਼ਿਲਾ ਫਾਜ਼ਿਲਕਾ ਫਰੋਰ ਦੇ ਪੱਤਰਕਾਰਾਂ ਨੇ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਜੇਕਰ ਥਾਣਿਆਂ ਵਿੱਚ ਪੱਤਰਕਾਰ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕਾਂ ਨਾਲ ਪੁਲੀਸ ਕੀ ਕਰਦੀ ਹੋਵੇਗੀ । ਵੱਖ ਵੱਖ ਪੱਤਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹ ਇਸ ਮੁੰਸ਼ੀ ਨੂੰ ਤੁਰੰਤ ਸਸਪੈਂਡ ਕਰਨ ਅਤੇ ਇਸ ਦੇ ਵਿਰੁੱਧ ਮਾਮਲਾ ਦਰਜ ਕੀਤਾ ਜਾਵੇ ਤਾਂ ਜੋ ਪਹਿਲਾਂ ਹੀ ਪੁਲਿਸ ਦੇ ਡਰ ਤੋਂ ਥਾਣਿਆਂ ਤੋਂ ਦੂਰ ਰਹਿੰਦੇ ਲੋਕ ਅਜਿਹੀ ਘਟਨਾ ਨਾਲ ਹੋਰ ਨਾ ਡਰ ਜਾਣ ।