ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਨ ਵਾਲਾ ਵਿਅਕਤੀ ਗ੍ਰਿਫਤਾਰ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਨ ਵਾਲਾ ਵਿਅਕਤੀ ਗ੍ਰਿਫਤਾਰ
ਫਿਰੋਜ਼ਪੁਰ: (Harish Monga FOB ): 16 ਅਕਤੂਬਰ 2015 ਨੂੰ ਪਿੰਡ ਨਾਜੂਸ਼ਾਹ ਮਿਸ਼ਰੀ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਨ ਵਾਲਾ ਵਿਅਕਤੀ ਸੁਖਜਿੰਦਰ ਉਰਫ ਸੁੱਖਾ ਪੁੱਤਰ ਸਾਦਿਕ ਵਾਸੀ ਨਾਜੂਸ਼ਾਹ ਮਿਸ਼ਰੀ ਵਾਲਾ ਥਾਣਾ ਕੁਲਗੜੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਾਤ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਸ ਮੁਖੀ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਪਿੰਡ ਨਾਜੂਸ਼ਾਹ ਮਿਸ਼ਰੀ ਵਾਲਾ ਵਿਖੇ ਗੁਰੂਦੁਆਰਾ ਸਾਹਿਬ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਤਾਂ ਪਿੰਡ ਵਾਸੀਆਂ ਨੇ ਸਹਿਮਤੀ ਨਾਲ ਗੁਰੂਦੁਆਰਾ ਸਾਹਿਬ ਦੇ ਨਾਲ ਦੇ ਘਰ ਗ੍ਰੰਥੀ ਸੁਖਦੇਵ ਸਿੰਘ ਦੇ ਘਰ ਫਿਰਨੀ ਦੇ ਨਾਲ ਲੱਗਦੇ ਕਮਰੇ ਵਿਚ ਆਰਜੀ ਤੌਰ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਸੀ। 16 ਅਕਤੂਬਰ 2015 ਨੂੰ ਦੁਪਹਿਰ ਦੇ ਵਕਤ ਗੁਰੂਦੁਆਰਾ ਸਾਹਿਬ ਵਿਖੇ ਕੰਮ ਕਰਦੀ ਲੇਬਰ ਰੋਟੀ ਖਾਣ ਗਈ ਸੀ ਤਾਂ ਕਿਸੇ ਨਾਮਲੂਮ ਵਿਅਕਤੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਕੁਝ ਅੰਗ ਪਾੜ ਕੇ ਬੇਅਦਬੀ ਕੀਤੀ ਸੀ। ਜਿਸ ਦੇ ਸਬੰਧ ਵਿਚ ਮੁਕੱਦਮਾ ਨੰਬਰ 155, 16 ਅਕਤੂਬਰ 2015 ਅ/ਧ 295-ਏ. ਭ.ਦ. ਥਾਣਾ ਕੁਲਗੜੀ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ। ਦੌਰਾਨੇ ਤਫਤੀਸ਼ ਸੁਖਜਿੰਦਰ ਉਰਫ ਸੁੱਖਾ ਪੁੱਤਰ ਸਾਦਿਕ ਵਾਸੀ ਨਾਜੂਸ਼ਾਹ ਮਿਸ਼ਰੀ ਵਾਲਾ ਨੂੰ 07 ਨਵੰਬਰ 2015 ਨੂੰ ਖੂਫੀਆ ਇਤਲਾਹ ਤੇ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਵਿਅਕਤੀ ਨੇ ਪੁੱਛਗਿੱਛ ਤੋਂ ਪਤਾ ਲੱਗਾ ਕਿ ਕਰੀਬ ਦੋ ਮਹੀਨੇ ਪਹਿਲਾ ਗ੍ਰੰਥੀ ਸੁਖਦੇਵ ਸਿੰਘ ਰਾਤ ਸਮੇਂ ਜਦੋਂ ਆਪਣੇ ਖੇਤਾਂ ਨੂੰ ਪਾਣੀ ਲਗਾ ਕੇ ਆ ਰਿਹਾ ਸੀ ਤਾਂ ਰਸਤੇ ਵਿਚ ਸੁਖਜਿੰਦਰ ਤੇ ਉਸ ਦਾ ਸਾਥੀ ਗੋਰਾ ਉਸ ਨੂੰ ਮਿਲੇ ਸਨ ਤਾਂ ਸੁਖਦੇਵ ਸਿੰਘ ਨੇ ਇਨ੍ਹਾਂ ਨੂੰ ਟੋਕਿਆ ਸੀ ਕਿ ਰਾਤ ਨੂੰ ਤੁਸੀਂ ਕੀ ਕਰਦੇ ਫਿਰਦੇ ਹੋ। ਕੁਝ ਦਿਨ ਪਹਿਲਾ ਵੀ ਸੁਖਜਿੰਦਰ ਨੇ ਪਿੰਡ ਮਿਸ਼ਰੀ ਵਾਲਾ ਵਿਖੇ ਲੱਗੇ ਫਲੈਕਸ ਬੋਰਡ ਤੇ ਪੱਥਰ ਮਾਰ ਰਹੇ ਸੀ ਤਾਂ ਗ੍ਰੰਥੀ ਸੁਖਦੇਵ ਸਿੰਘ ਵਲੋਂ ਉਨ੍ਹਾਂ ਨੂੰ ਝਿੜਕਿਆ ਸੀ। ਜਿਸ ਕਾਰਨ ਸੁਖਜਿੰਦਰ ਮਨ ਵਿਚ ਗ੍ਰੰਥੀ ਸੁਖਦੇਵ ਸਿੰਘ ਪ੍ਰਤੀ ਘਿਰਨਾ ਪੈਂਦਾ ਹੋ ਗਈ ਤੇ ਇਸੇ ਕਾਰਨ 16 ਅਕਤੂਬਰ 2015 ਨੂੰ ਦੁਪਹਿਰ ਵਕਤ ਜਦੋਂ ਗੁਰੂਦੁਆਰਾ ਸਾਹਿਬ ਵਿਖੇ ਕੰਮ ਕਰ ਰਹੀਂ ਲੇਬਰ ਖਾਣਾ ਖਾਣ ਗਈ ਸੀ ਤਾਂ ਉਸ ਨੇ ਮੌਕਾ ਪਾ ਕੇ ਗ੍ਰੰਥੀ ਸੁਖਦੇਵ ਸਿੰਘ ਨੂੰ ਫਸਾਉਣ ਦੀ ਖਾਤਰ ਸ੍ਰੀ ਗੁਰੂ ਗ੍ਰੰਥ ਸਹਿਬ ਦੇ ਅੰਗਾਂ ਦੀ ਬੇਅਦਬੀ ਕੀਤੀ ਸੀ ਤਾਂ ਇਸ ਦਾ ਸਾਰਾ ਇਲਜਾਮ ਗ੍ਰੰਥੀ ਸੁਖਦੇਵ ਸਿੰਘ ਤੇ ਆ ਜਾਵੇ। ਜੋ ਇਸ ਦੇ ਕੋਲੋਂ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਸ ਵਲੋਂ ਕੀਤੀ ਬੇਅਦਬੀ ਵਿਚ ਇਸ ਨੂੰ ਕਿਸੇ ਨੇ ਅਜਿਹਾ ਘਿਨਾਉਣਾ ਕੰਮ ਕਰਨ ਲਈ ਪ੍ਰੇਰਿਤ ਤਾਂ ਨਹੀਂ ਕੀਤਾ।