ਭਗਤ ਸਿੰਘ ਨੈਸ਼ਨਲ ਇੰਪਲਾਈਮੈਂਟ ਗਾਰੰਟੀ ਐਕਟ (ਬਨੇਗਾ) ਪਾਰਲੀਮੈਂਟ ਵਿੱਚ ਪਾਸ ਕਰਵਾਉਣ ਦਾ ਨੌਜਵਾਨਾਂ ਕੀਤਾ ਨਾਅਰਾ ਬੁਲੰਦ
ਭਗਤ ਸਿੰਘ ਨੈਸ਼ਨਲ ਇੰਪਲਾਈਮੈਂਟ ਗਾਰੰਟੀ ਐਕਟ (ਬਨੇਗਾ) ਪਾਰਲੀਮੈਂਟ ਵਿੱਚ ਪਾਸ ਕਰਵਾਉਣ ਦਾ ਨੌਜਵਾਨਾਂ ਕੀਤਾ ਨਾਅਰਾ ਬੁਲੰਦ
ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਸ਼ਤਾਬਦੀ 'ਤੇ ਰੁਜ਼ਗਾਰ ਦੀ ਗਾਰੰਟੀ ਲਈ ਪਾਰਲੀਮੈਂਟ ਵੱਲ ਮਾਰਚ ਦਾ ਐਲਾਨ
ਭਗਤ ਸਿੰਘ ਦੇ ਜਨਮ ਦਿਨ ਤੇ ਹਜ਼ਾਰਾਂ ਵਰਦੀਧਾਰੀ ਨੌਜਵਾਨਾਂ ਦਾ ਜਲੰਧਰ ਦੀ ਧਰਤੀ 'ਤੇ ਠਾਠਾਂ ਮਾਰਦਾ ਇਕੱਠ
ਫ਼ਿਰੋਜ਼ਪੁਰ 28 ਸਤੰਬਰ, 2015 (Harish Monga) : ਪਰਮਗੁਣੀ ਭਗਤ ਸਿੰਘ ਦੇ 108 ਸਾਲਾ ਜਨਮ ਦਿਨ 'ਤੇ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਵੱਲੋਂ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੀ ਲੜੀ ਵਜੋਂ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਦੇ ਖੁੱਲ੍ਹੇ ਵਿਹੜੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੂਬੇ ਭਰ ਤੋਂ ਪੁੱਜੇ ਲਾਲ ਵਰਦੀਧਾਰੀ ਵਿਦਿਆਰਥੀਆਂ ਅਤੇ ਨੌਜਵਾਨਾਂ ਵੱਲੋਂ ਵਲੰਟੀਅਰ ਸੰਮੇਲਨ ਕੀਤਾ ਗਿਆ।
ਭਗਤ ਸਿੰਘ ਦੇ ਜਨਮ ਦਿਨ ਤੇ ਕੀਤੇ ਗਏ ਵਲੰਟੀਅਰ ਸੰਮੇਲਨ ਵਿੱਚ ਵਰਦੀਧਾਰੀ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਹਰੇਕ ਲੜਕੇ-ਲੜਕੀ ਲਈ ਰੁਜ਼ਗਾਰ ਦੀ ਗਾਰੰਟੀ ਕਰਦੇ ''ਭਗਤ ਸਿੰਘ ਨੈਸ਼ਨਲ ਇੰਪਲਾਈਮੈਂਟ ਗਾਰੰਟੀ ਐਕਟ'' (ਬਨੇਗਾ) ਨੂੰ ਦੇਸ਼ ਦੀ ਪਰਲੀਮੈਂਟ ਵਿੱਚ ਪਾਸ ਕਰਵਾਉਣ ਦਾ ਨਾਅਰਾ ਬੁਲੰਦ ਕੀਤਾ। ਵਲੰਟੀਅਰ ਸੰਮੇਲਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜੀ ਪੰਜਾਬ ਦੀ ਜਵਾਨੀ ਨੂੰ ਭਗਤ ਸਿੰਘ ਦੇ ਜਨਮ ਦਿਨ 'ਤੇ ਮੁਬਾਰਕਬਾਦ ਦਿੰਦਿਆਂ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਸੂਬਾਈ ਮੁੱਖ ਸਲਾਹਕਾਰ ਸਾਥੀ ਜਗਰੂਪ ਸਿੰਘ ਨੇ ਕਿਹਾ ਕਿ ਤੁਸੀਂ ਭਗਤ ਸਿੰਘ ਦੇ ਅਸਲੀ ਵਾਰਸ ਹੋ, ਜਿਨ੍ਹਾਂ ਨੇ ਭਗਤ ਸਿੰਘ ਦੇ ਪਰਗੁਣ ਨੂੰ ਜਾਣਦਿਆਂ ਉਸਦੇ ਸੁਪਨੇ ਪੂਰੇ ਕਰਨ ਦਾ ਸੰਕਲਪ ਲਿਆ ਹੈ। ਉਹਨਾਂ ਅੱਗੇ ਕਿਹਾ ਕਿ ਨੌਜਵਾਨੋ! ਤੁਹਾਡੇ ਸਿਰ ਵੱਡੀ ਜ਼ਿੰਮੇਵਾਰੀ ਹੈ ਕਿ ਭਗਤ ਸਿੰਘ ਦੇ ਵਿਚਾਰਾਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇ ਤਾਂ ਹੀ ਭਗਤ ਸਿੰਘ ਦੀ ਸੋਚ ਦਾ ਸਮਾਜ ਸਥਾਪਤ ਕੀਤਾ ਜਾਵੇਗਾ।
ਵਲੰਟੀਅਰ ਸੰਮੇਲਨ ਵਿਚ ਲਾਲ ਵਰਦੀਧਾਰੀ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਠਾਠਾਂ ਮਾਰਦੇ ਇਕੱਠ ਵਿਚ ਭਵਿੱਖੀ ਪ੍ਰੋਗਰਾਮ ਦਾ ਐਲਾਨ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਉਪ ਪ੍ਰਧਾਨ ਅਤੇ ਪੰਜਾਬ ਦੇ ਪ੍ਰਧਾਨ ਪਰਮਜੀਤ ਢਾਬਾਂ ਅਤੇ ਸੂਬਾ ਸਕੱਤਰ ਸੁਖਜਿੰਦਰ ਮਹੇਸ਼ਰੀ ਨੇ ਕਿਹਾ ਕਿ ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ 'ਤੇ ਪੰਜਾਬ ਦੀ ਚੇਤਨ ਜਵਾਨੀ ਵੱਲੋਂ ਰੁਜ਼ਗਾਰ ਦੀ ਗਾਰੰਟੀ ਕਰਦਾ ਕਾਨੂੰਨ ਪਾਸ ਕਰਵਾਉਣ ਦਾ ਬੁਲੰਦ ਕੀਤਾ ਨਾਅਰਾ ਦੇਸ਼ ਦੀ ਜਵਾਨੀ ਦੀ ਆਵਾਜ਼ ਬਣੇਗਾ ਅਤੇ ਇਸ ਕਾਨੂੰਨ ਨੂੰ ਦੇਸ਼ ਦੀ ਪਾਰਲੀਮੈਂਟ ਵਿਚ ਪਾਸ ਕਰਵਾਉਣ ਲਈ ਭਗਤ ਸਿੰਘ ਦੇ ਆਦਰਸ਼ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਸ਼ਤਾਬਦੀ 'ਤੇ 17 ਨਵੰਬਰ 2015 ਨੂੰ ਦੇਸ਼ ਦੀ ਪਾਰਲੀਮੈਂਟ ਵੱਲ ਮਾਰਚ ਕੀਤਾ ਜਾਵੇਗਾ ਜਿਸ ਵਿਚ ਪੰਜਾਬ ਸੂਬੇ ਦੀ ਚੇਤਨ ਜਵਾਨੀ ਦੀ ਸ਼ਮੂਲੀਅਤ ਪ੍ਰਭਾਵਸ਼ਾਲੀ ਹੋਵੇਗੀ।
ਇਸ ਮੌਕੇ ਏ.ਆਈ.ਐਸ.ਐਫ. ਦੇ ਸੂਬਾ ਪ੍ਰਧਾਨ ਸੁਮਿਤ ਸ਼ੰਮੀ ਅਤੇ ਸੂਬਾ ਸਕੱਤਰ ਵਿੱਕੀ ਮਹੇਸ਼ਰੀ ਨੇ ਕਿਹਾ ਕਿ ਦੇਸ਼ ਭਰ ਵਿਚ ਨਵ ਉਦਾਰਵਾਦ ਦੀਆਂ ਨੀਤੀਆਂ ਤਹਿਤ ਵਿਦਿਆ ਨੂੰ ਵੀ ਮੁਨਾਫ਼ੇ ਦੀ ਵਸਤੂ ਬਣਾ ਕੇ ਰੱਖ ਦਿੱਤਾ ਹੈ। ਨਿੱਜੀਕਰਨ ਦੀ ਨੀਤੀ ਤਹਿਤ ਪ੍ਰਾਈਵੇਟ ਸਕੂਲਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਵਿਦਿਆਰਥੀਆਂ ਦੀ ਸ਼ਰ੍ਹੇਆਮ ਲੁੱਟ ਕੀਤੀ ਜਾ ਰਹੀ ਹੈ। ਨੌਜਵਾਨ ਸਭਾ ਦੀ ਸੁਬਾਈ ਕੈਸ਼ੀਅਰ ਨਰਿੰਦਰ ਕੌਰ ਸੋਹਲ ਅਤੇ ਏ.ਆਈ. ਐਸ.ਐਫ. ਦੀ ਕੌਮੀ ਗਰਲਜ਼ ਕਨਵੀਨਰ ਕਰਮਵੀਰ ਕੌਰ ਬੱਧਨੀ ਨੇ ਔਰਤਾਂ ਬਾਰੇ ਬੋਲਦਿਆਂ ਕਿਹਾ ਕਿ ਰੁਜ਼ਗਾਰ ਦੀ ਗਾਰੰਟੀ ਤੋਂ ਬਿਨਾਂ ਔਰਤਾਂ ਦਾ ਵੱਧ ਆਰਥਿਕ ਅਤੇ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ। ਰੁਜ਼ਗਾਰ ਦੀ ਗਾਰੰਟੀ ਦੇਸ਼ ਵਿਚ ਔਰਤਾਂ ਨੂੰ ਸਭ ਤੋਂ ਵੱਡੀ ਸੁਰੱਖਿਆ ਪ੍ਰਦਾਨ ਕਰੇਗੀ। ਭਗਤ ਸਿੰਘ ਦੇ ਜਨਮ ਦਿਨ ਤੇ ਗਰਜਵੀ ਆਵਾਜ਼ ਵਿੱਚ ਉੱਠੇ ਨਾਅਰਿਆਂ ਦੀ ਗੂੰਜ ਨੇ ਆਸਮਾਨ ਗੂੰਜਾ ਦਿੱਤਾ।
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਸਕੱਤਰ ਬੀਬੀ ਰਘਬੀਰ ਕੌਰ ਨੇ ਇਨਕਲਾਬੀ ਨੌਜਵਾਨਾਂ ਨੂੰ ਭਗਤ ਸਿੰਘ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਗ਼ਦਰੀ ਬਾਬਿਆਂ ਦੇ ਮੇਲੇ 'ਤੇ ਵੱਧ ਚੜ੍ਹ ਕੇ ਆਉਣ ਦਾ ਸੱਦਾ ਦਿੱਤਾ। ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਆਗੂ ਸਾਥੀ ਪ੍ਰਿਥੀਪਾਲ ਸਿੰਘ ਮਾੜੀਮੇਘਾ, ਕਸ਼ਮੀਰ ਸਿੰਘ ਗਦਾਈਆ ਅਤੇ ਕੁਲਦੀਪ ਭੋਲਾ ਨੇ ਨੌਜਵਾਨਾਂ ਦੇ ਇਨਕਲਾਬੀ ਜੋਸ਼ ਨੂੰ ਵੇਖ ਕੇ ਖੁਸ਼ੀ ਨਾਲ ਗਦ-ਗਦ ਹੁੰਦਿਆਂ ਥਾਪੜਾ ਦਿੰਦਿਆਂ ਕਿਹਾ ਕਿ ਨੌਜਵਾਨਾਂ ਅਤੇ ਵਿਦਿਆਰਥੀਆਂ ਦੀ ਇਹ ਟੀਮ ਸਮਾਜ ਨੂੰ ਨਵੀਂ ਸੇਧ ਦੇਵੇਗੀ। ਨਿਰਾਸ਼ਾ ਵੱਲ ਧੱਕ ਦਿੱਤੀ ਗਈ ਜਵਾਨੀ ਨੂੰ ਆਸ਼ਾ ਦੀ ਕਿਰਨ ਦਿਖਾਉਣ ਦਾ ਵਡੇਰਾ ਕਾਰਜ ਕਰੇਗੀ ਇਹ ਲਹਿਰ। ਵੰਲਟੀਅਰ ਸੰਮੇਲਨ ਉਪਰੰਤ ਵੱਡੀ ਗਿਣਤੀ ਵਿੱਚ ਪੰਜਾਬ ਭਰ ਤੋਂ ਪੁੱਜੇ ਲਾਲ ਵਰਦੀਧਾਰੀ ਵਿਦਿਆਰਥੀਆਂ, ਨੌਜਵਾਨਾਂ ਨੇ ਸਥਾਨਕ ਦੇਸ਼ ਭਗਤ ਯਾਦਾਗਰ ਹਾਲ ਤੋਂ ਸ਼ੁਰੂ ਕਰ ਕੇ ਜਲੰਧਰ ਸ਼ਹਿਰ ਦੇ ਬਾਜ਼ਾਰਾਂ ਵਿੱਚ ਮਾਰਚ ਕੀਤਾ ਗਿਆ। ਇਸ ਮਾਰਚ ਮੌਕੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਸਾਥੀਆਂ ਵੱਲੋਂ ਭਗਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਵਲੰਟੀਅਰਾਂ ਨੂੰ ਲੱਡੂ ਵੰਡੇ ਗਏ।
ਇਸ ਮੌਕੇ ਹੋਰਾਂ ਤੋਂ ਇਲਾਵਾ ਤਿਆਰੀ ਕਮੇਟੀ ਦੇ ਕਨਵੀਨਰ ਐਡਵੋਕੇਟ ਰਜਿੰਦਰ ਮੰਡ, ਏ.ਆਈ.ਐਸ.ਐਫ. ਦੇ ਸੀਨੀਅਰ ਉਪ ਪ੍ਰਧਾਨ ਚਰਨਜੀਤ ਛਾਗਾਂਰਾਏ, ਮੀਤ ਸਕੱਤਰ ਸੁਖਦੇਵ ਧਰਮੂਵਾਲਾ, ਰਾਕੇਸ਼ ਚੌਧਰੀ ਮਲੋਟ, ਸਰਬ ਭਾਰਤ ਨੌਜਵਾਨ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਨਿਰਭੈ ਸਿੰਘ ਮਾਨਸਾ, ਮੀਤ ਪ੍ਰਧਾਨ ਦੌਲੀਕੇ, ਸਹਾਇਕ ਸਕੱਤਰ ਸੁਖਦੇਵ ਕਾਲਾ, ਮੁਲਾਜ਼ਮਾਂ ਦੇ ਆਗੂ ਸਾਥੀ ਦਿਲਬਾਗ ਸਿੰਘ ਅਟਵਾਲ, ਪੰਜਾਬ ਗੌਰਮਿੰਟ ਵਰਕਰਜ਼ ਯੂਨੀਅਨ ਦੇ ਸੂਬਾ ਸਕੱਤਰ ਸਾਥੀ ਜਗਦੀਸ਼ਰ ਸਿੰਘ ਚਾਹਲ, ਜਥੇਬੰਦਕ ਸਕੱਤਰ ਅਵਤਾਰ ਸਿੰਘ ਤਾਰੀ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਬਲਕਾਰ ਸਿੰਘ ਵਲਟੋਹਾ, ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਦੇ ਸੂਬਾ ਸਕੱਤਰ ਜਗਦੀਸ਼ ਰਾਜ
ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਪੰਜਾਬ ਵਿਚ ਚਲਾਈ ਰੁਜ਼ਗਾਰ ਪ੍ਰਾਪਤੀ ਮੁਹਿੰਮ ਤਹਿਤ ਇਸ ਵਲੰਟੀਅਰ ਸੰਮੇਲ ਵਿਚ ਮੰਗ ਕੀਤੀ ਗਈ ਕਿ ਹਰੇਕ 18 ਤੋਂ 58 ਸਾਲ ਦੀ ਉਮਰ ਦੇ ਹਰ ਇਸਤਰੀ ਪੁਰਸ਼ (ਜੋ ਚਾਹੁੰਦਾ ਹੈ) ਨੂੰ ਕੰਮ ਦਿੱਤਾ ਜਾਵੇ ਜਾਂ ਜਿਊਂਦੇ ਰਹਿਣ ਲਈ ਘੱਟੋ-ਘੱਟ ਉਜਰਤ ਦੇ ਕਾਨੂੰਨ ਅਨੁਸਾਰ ਕੰਮ ਇੰਤਜ਼ਾਰ ਭੱਤਾ ਦਿੱਤਾ ਜਾਵੇ। +2 ਤੱਕ ਲਾਜ਼ਮੀ ਮੁਫ਼ਤ ਵਿੱਦਿਆ ਹੋਵੇ। ਵਿਦਿਆਰਥੀ ਅਧਿਆਪਕ ਅਨੁਪਾਤ 22:1 ਹੋਵੇ, ਬੱਸ ਪਾਸ ਸਹੂਲਤ ਗੈਰ ਸਰਕਾਰੀ ਬੱਸਾਂ 'ਤੇ ਵੀ ਲਾਗੂ ਹੋਵੇ। ਪੂਰੀ ਮਨੁੱਖਾ ਸ਼ਕਤੀ ਦੀ ਮੁਕੰਮਲ ਯੋਜਨਾਬੰਦੀ ਹੋਵੇ। ਬਲਾਕ ਪੱਧਰ 'ਤੇ 'ਭਗਤ ਸਿੰਘ' ਯਾਦਗਾਰੀ ਭਵਨ ਬਣਾਏ ਜਾਣ ਜਿੱਥੇ ਲਾਇਬ੍ਰੇਰੀ, ਖੇਡਾਂ ਦਾ ਸਾਮਾਨ, ਮੈਦਾਨ ਅਤੇ ਸਭਿਆਚਾਰਕ ਸਰਗਰਮੀਆਂ ਦਾ ਪ੍ਰਬੰਧ ਹੋਵੇ। ਹਰ ਵਿਦਿਆਰਥੀ ਨੂੰ ਮੈਡੀਕਲ ਸਹੂਲਤ ਮੁਫ਼ਤ ਦਿੱਤੀ ਜਾਵੇ।