ਹੂਸੈਨੀਵਾਲਾ ਸਮਾਰਕ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ: ਭਾਵੜਾ
ਹੂਸੈਨੀਵਾਲਾ ਸਮਾਰਕ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ: ਭਾਵੜਾ
ਸਮਾਰਕ ਤੇ ਸਥਾਪਤ ਹੋਵੇਗਾ ਲਾਈਟ ਐਂਡ ਸਾਉਂਡ ਪ੍ਰਾਜੈਕਟ
ਸੈਲਾਨੀਆਂ ਦੀ ਆਮਦ ਪੱਖੋਂ ਪੰਜਾਬ ਦੇਸ਼ ਵਿਚ 12ਵੇਂ ਸਥਾਨ ਤੇ ਹਰ ਸਾਲ ਆਉਂਦੇ ਹਨ ਰਾਜ ਵਿਚ 2 ਲੱਖ 45 ਹਜਾਰ ਸੈਲਾਨੀ- ਰੰਧਾਵਾ
ਫ਼ਿਰੋਜਪੁਰ 4 ਜੁਲਾਈ 2015( )ਪੰਜਾਬ ਸਰਕਾਰ ਵੱਲੋਂ ਸ਼ਹੀਦੀ ਸਮਾਰਕ ਹੂਸੈਨੀਵਾਲਾ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਤ ਕਰਨ ਲਈ ਵਿਸ਼ੇਸ਼ ਕਦਮ ਚੁੱਕੇ ਜਾਣਗੇ ਤੇ ਇਥੇ ਸੈਲਾਨੀਆਂ ਨੂੰ ਹਰ ਤਰਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਹ ਜਾਣਕਾਰੀ ਮੈਡਮ ਅੰਜਲੀ ਭਾਵੜਾ ਪ੍ਰਮੁੱਖ ਸਕੱਤਰ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਪੰਜਾਬ ਨੇ ਸ਼ਹੀਦੀ ਸਮਾਰਕ ਹੂਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਇਥੇ ਸਥਾਪਿਤ ਕੀਤੇ ਜਾਣ ਵਾਲੇ ਲਾਈਟ ਐਂਡ ਸਾਉਂਡ ਪ੍ਰਾਜੈਕਟ ਸਬੰਧੀ ਜਾਇਜ਼ਾ ਲੈਣ ਉਪਰੰਤ ਦਿੱਤੀ। ਮੈਡਮ ਭਾਵੜਾ ਨੇ ਕਿਹਾ ਕਿ ਜਿਥੇ ਸ਼ਹੀਦੀ ਸਮਾਰਕ ਸਾਡੇ ਸਾਰਿਆ ਲਈ ਆਸਥਾ ਦਾ ਕੇਂਦਰ ਹੈ ਉਥੇ ਹੀ ਦੇਸ਼ ਵਿਦੇਸ਼ ਵਿਚੋਂ ਹਰ ਸਾਲ ਹਜ਼ਾਰਾਂ ਲੋਕ ਇਥੇ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹਨ ਤੇ ਅੰਤਰ-ਰਾਸ਼ਟਰੀ ਸਰਹੱਦ ਤੇ ਰੀ.ਟਰੀਟ ਦੀ ਰਸਮ ਵੇਖਦੇ ਹਨ। ਉਨ੍ਹਾਂ ਕਿਹਾ ਕਿ ਸਮਾਰਕ ਵਿਚ ਆਜ਼ਾਦੀ ਤੋਂ ਪਹਿਲਾਂ ਵਾਲੀ ਸਟੇਸ਼ਨ ਦੀ ਇਮਾਰਤ ਜੋ ਖਸਤਾ ਹਾਲਤ ਵਿਚ ਹੈ ਦੀ ਮੁਰੰਮਤ ਲਈ ਤੁਰੰਤ ਫ਼ੰਡ ਜਾਰੀ ਕੀਤੇ ਜਾਣਗੇ ਤੇ ਲਾਈਟ ਐਂਡ ਸਾਉਂਡ ਪ੍ਰਾਜੈਕਟ ਲਈ ਬਣੀ ਕਮੇਟੀ ਵੱਲੋਂ ਇਸ ਪ੍ਰਾਜੈਕਟ ਤੇ ਜਲਦੀ ਕੰਮ ਸ਼ੁਰੂ ਕੀਤਾ ਜਾਵੇਗਾ ਤੇ ਸੈਲਾਨੀਆਂ ਲਈ ਇਸ ਸਥਾਨ ਤੇ ਕੰਨਟੀਨ, ਟਾਈਲਟ ਸਮੇਤ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਡਾਇਰੈਕਟਰ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਪੰਜਾਬ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਪਿਛਲੇ 8 ਸਾਲਾਂ ਵਿਚ ਸੈਰ ਸਪਾਟੇ ਦੇ ਦੇਸ਼ ਵਿਚ 28 ਵੇਂ ਸਥਾਨ ਤੋਂ 12 ਵੇਂ ਸਥਾਨ ਤੇ ਆ ਗਿਆ ਹੈ ਅਤੇ ਹੁਣ ਹਰ ਸਾਲ ਪੰਜਾਬ ਵਿਚ 2 ਲੱਖ 45 ਹਜਾਰ ਤੋਂ ਵਧੇਰੇ ਯਾਤਰੀ ਸੈਰ ਸਪਾਟੇ ਲਈ ਆ ਰਹੇ ਹਨ; ਜਿਸ ਨਾਲ ਲੋਕਾਂ ਦੇ ਰੁਜ਼ਗਾਰ ਦੇ ਮੌਕੇ ਵਧੇ ਹਨ ਤੇ ਸਰਕਾਰ ਨੂੰ ਵੀ ਟੈਕਸਾਂ ਦੇ ਰੂਪ ਵਿਚ ਭਾਰੀ ਆਮਦਨ ਹੋਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਸੈਲਾਨੀਆਂ ਦੀ ਆਮਦ ਨੂੰ ਹੋਰ ਵਧਾਉਣ ਤੇ ਉਨ੍ਹਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕਰਨ ਲਈ ਕੰਮ ਕਰ ਰਿਹਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ, ਸ.ਸੰਦੀਪ ਸਿੰਘ ਗੜਾ ਐਸ.ਡੀ.ਐਮ, ਮਿਸ ਜਸਲੀਨ ਕੌਰ ਸੰਧੂ ਸਹਾਇਕ ਕਮਿਸ਼ਨਰ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।