5 ਕਰੋੜ ਨਾਲ ਫ਼ਿਰੋਜ਼ਪੁਰ ਦੀਆਂ 22 ਸੜਕਾਂ ਦਾ ਹੋਵੇਗਾ ਨਿਰਮਾਣ ਅਤੇ ਲੋਕਾਂ ਦੀ ਲੰਮੇਰੀ ਮੰਗ ਰੇਲਵੇ ਕਰਾਂਸਿੰਗ 'ਤੇ ਬਣੇਗਾ ਅੰਡਰਬ੍ਰਿਜ-ਕਮਲ ਸ਼ਰਮਾ
ਫ਼ਿਰੋਜ਼ਪੁਰ 23 ਮਈ (ਏ.ਸੀ.ਚਾਵਲਾ) ਪੰਜਾਬ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਸੂਬਾ ਸਰਕਾਰ ਵੱਲੋਂ ਫ਼ਿਰੋਜ਼ਪੁਰ ਨੂੰ ਊਤਮ ਦਰਜ਼ੇ ਦਾ ਸ਼ਹਿਰ ਬਨਾਉਣ ਦੇ ਮੰਤਵ ਨਾਲ ਕਰੋੜਾਂ ਰੁਪਏ ਦੀਆਂ ਗਰਾਟਾਂ ਮਨਜ਼ੂਰ ਕਰਵਾਈਆਂ ਜਾ ਰਹੀਆਂ ਹਨ ਅਤੇ ਆਉਂਦੇ ਦਿਨਾਂ ਵਿਚ ਇਲਾਕਾ ਨਿਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਦੇ ਨਾਲ-ਨਾਲ ਰੇਲਵੇ ਫਾਟਕਾਂ ਦੀ ਕਰਾਸਿੰਗ ਤੋਂ ਵੀ ਨਿਜ਼ਾਤ ਦਿਵਾਈ ਜਾਵੇਗੀ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਕਰਦਿਆਂ ਕਿਹਾ ਕਿ ਫ਼ਿਰੋਜ਼ਪੁਰ ਵਾਸੀਆਂ ਨੂੰ ਸਰਹੱਦੀ ਸ਼ਹਿਰ ਦੀ ਪੈ ਰਹੀ ਮਾਰ ਤੋਂ ਨਿਜ਼ਾਤ ਦਿਵਾਉਣ ਲਈ ਉਹ ਯਤਨਸ਼ੀਲ ਹਨ ਅਤੇ ਕੇਂਦਰ ਤੇ ਸੂਬਾ ਸਰਕਾਰ ਤੋਂ ਗਰਾਟਾਂ ਜਾਰੀ ਕਰਵਾ ਕੇ ਇਲਾਕੇ ਨੂੰ ਮੋਹਰੀ ਸ਼ਹਿਰਾਂ ਦੀ ਲੜੀ ਵਿਚ ਪਰੋਣ ਦਾ ਹਰ ਹੀਲਾ ਕਰਨਗੇ। ਸ੍ਰੀ ਸ਼ਰਮਾ ਨੇ ਕਿਹਾ ਕਿ 5 ਕਰੋੜ 38 ਲੱਖ ਤੋਂ ਜਿਆਦਾ ਦੀ ਲਾਗਤ ਨਾਲ ਫ਼ਿਰੋਜ਼ਪੁਰ ਨਾਲ ਜੁੜਦੀ ਤਕਰੀਬਨ 22 ਸੜਕਾਂ ਦਾ ਨਿਰਮਾਣ ਜਲਦ ਸ਼ੁਰੂ ਹੋਵੇਗਾ, ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਉਨ•ਾਂ ਕਿਹਾ ਕਿ ਬਾਕੀ ਰਹਿੰਦੀਆਂ ਕੁਝ ਸੜਕਾਂ 'ਤੇ ਪੈਚ ਵਰਕ ਦਾ ਕਾਰਜ ਸ਼ੁਰੂ ਕਰਵਾਉਣ ਲਈ 78 ਲੱਖ ਦੀ ਗਰਾਂਟ ਜਾਰੀ ਹੋਈ ਹੈ, ਜਿਸ ਨਾਲ ਕੰਮ ਨੂੰ ਜਲਦ ਸ਼ੁਰੂ ਕਰਵਾ ਨੇਪਰੇ ਚਾੜਿ•ਆ ਜਾਵੇਗਾ। ਸ੍ਰੀ ਕਮਲ ਸ਼ਰਮਾ ਨੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਭਰ ਦੇ 500 ਸ਼ਹਿਰਾਂ ਵਿਚ ਫ਼ਿਰੋਜ਼ਪੁਰ ਦਾ ਨਾਮ ਆਉਣ ਕਰਕੇ ਜਿਥੇ ਇਲਾਕੇ ਦਾ ਬਹੁਪੱਖੀ ਵਿਕਾਸ ਹੋਵੇਗਾ, ਉਥੇ ਸ਼ਹਿਰ ਵਾਸੀਆਂ ਦੀ ਲੰਮੇਰੀ ਮੰਗ ਬਸਤੀ ਟੈਂਕਾਂ ਵਾਲੀ ਦੇ ਫਾਟਕਾਂ ਥੱਲਿਓ ਅੰਡਰਬ੍ਰਿਜ ਉਸਾਰਣ ਦਾ ਕਾਰਜ ਵੀ ਜਲਦ ਸ਼ੁਰੂ ਹੋਵੇਗਾ। ਉਨ•ਾਂ ਕਿਹਾ ਕਿ ਸ਼ਹਿਰ ਦੀ ਨੁਹਾਰ ਬਦਲਣ ਲਈ ਜਿਥੇ ਜਾਰੀ ਹੋਈਆਂ ਗਰਾਟਾਂ ਨਾਲ ਨਗਰ ਕੌਂਸਲ ਪਾਰਕ ਦੀ ਦਸ਼ਾ ਸੁਧਾਰੀ ਗਈ, ਉਥੇ ਸੜਕਾਂ ਦੀਆਂ ਬਰਮਾਂ ਪੂਰੀਆਂ ਕਰਵਾ ਕੇ ਇੰਟਰਲਾਕਿੰਗ ਟਾਈਲਾਂ ਲਗਾਈਆਂ ਗਈਆਂ ਹਨ ਤਾਂ ਜੋ ਰੋਜ਼ਾਨਾ ਵੱਧ ਰਹੀ ਆਵਾਜਾਈ ਦਾ ਕੁਝ ਸਮਾਧਾਨ ਕੀਤਾ ਜਾ ਸਕੇ। ਸ੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਵਪੱਖੀ ਵਿਕਾਸ ਲਈ ਰੋਜ਼ਾਨਾ ਨਵੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਪੰਜਾਬ ਵਾਸੀਆਂ ਵੱਲੋਂ ਸਰਕਾਰ ਵਿਚ ਜਤਾਏ ਗਏ ਵਿਸਵਾਸ਼ ਦਾ ਪ੍ਰਗਟਾਵਾ ਕੀਤਾ ਜਾ ਸਕੇ। ਕੇਂਦਰ ਸਰਕਾਰ ਦੀ ਗੱਲ ਕਰਦਿਆਂ ਪੰਜਾਬ ਭਾਜਪਾ ਪ੍ਰਧਾਨ ਨੇ ਕਿਹਾ ਕਿ ਭਾਜਪਾ ਸਭ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਿਚ ਵਿਸਵਾਸ਼ ਰੱਖਦੀ ਹੈ ਅਤੇ ਭਾਜਪਾ ਦਾ ਮਨੋਰਥ ਦੇਸ਼ ਵਾਸੀਆਂ ਦੇ ਉੱਜਵਲ ਭਵਿੱਖ ਦੇ ਨਾਲ-ਨਾਲ ਬੁਨਿਆਦੀ ਸਹੂਲਤਾਂ ਲੈਸ ਕਰਵਾ ਕੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਹੈ। ਇਸ ਮੌਕੇ ਉਨ•ਾਂ ਨਾਲ ਜੁਗਰਾਜ ਸਿੰਘ ਕਟੋਰਾ, ਜਿੰਮੀ ਸੰਧੂ, ਅਸ਼ਵਨੀ ਗਰੋਵਰ, ਕੌਂਸਲਰ ਸੋਨੂੰ, ਮਰਕਸ ਭੱਟੀ, ਰਾਜੇਸ਼ ਕੁਮਾਰ ਨਿੰਦੀ, ਦਵਿੰਦਰ ਕਪੂਰ, ਮੁਨੀਸ਼ ਧਵਨ ਸਮੇਤ ਵੱਡੀ ਗਿਣਤੀ ਅਕਾਲੀ-ਭਾਜਪਾ ਦੇ ਸ਼ਹਿਰ ਵਾਸੀ ਹਾਜ਼ਰ ਸਨ।