ਪੰਜਾਬ ਸਰਕਾਰ ਵਲੋਂ ਕਿਸਾਨ ਅਤੇ ਮਜਦੂਰ ਆਗੂਆਂ ਤੇ ਪਾਏ ਇਰਾਦਾ ਕਤਲ ਦੇ ਝੂਠੇ ਪਰਚੇ ਰੱਦ ਕਰਾਉਣ ਲਈ ਕਿਸਾਨਾਂ ਵੱਲੋ ਵਿਸ਼ਾਲ ਰੋਸ ਪ੍ਰਦਰਸ਼ਨ
ਪੰਜਾਬ ਸਰਕਾਰ ਵਲੋਂ ਕਿਸਾਨ ਅਤੇ ਮਜਦੂਰ ਆਗੂਆਂ ਤੇ ਪਾਏ ਇਰਾਦਾ ਕਤਲ ਦੇ ਝੂਠੇ ਪਰਚੇ ਰੱਦ ਕਰਾਉਣ ਲਈ ਕਿਸਾਨਾਂ ਵੱਲੋ ਵਿਸ਼ਾਲ ਰੋਸ ਪ੍ਰਦਰਸ਼ਨ
ਫਿਰੋਜਪੁਰ: 11-02-2025: ਅੱਜ ਇਥੇ ਐੱਸ ਐੱਸ ਪੀ ਦਫਤਰ ਦੇ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੱਦੇ ਉੱਤੇ ਹਜਾਰਾਂ ਦੀ ਗਿਣਤੀ ਵਿੱਚ ਪੁਲਿਸ ਵੱਲੋਂ ਪਾਏ ਇਰਾਦਾ ਕਤਲ ਦੇ ਪਰਚੇ ਰੱਦ ਕਰਾਉਣ ਦੀ ਮੰਗ ਨੂੰ ਲੈਕੇ 12 ਵਜੇ ਤੋਂ 3 ਵਜੇ ਤੱਕ ਧਰਨਾ ਦਿੱਤਾ। ਕਿਸਾਨ ਮਜ਼ਦੂਰ ਸ਼ਾਮ ਤਕ ਵੀ ਆਉਂਦੇ ਰਹੇ। ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਚੇਅਰਮੈਨ ਸੁਰਜੀਤ ਸਿੰਘ ਫੂਲ ਕਿਹਾ ਕਿ ਪਿਛਲੇ ਦਿਨਾਂ ਵਿੱਚ ਫਿਰੋਜ਼ਪੁਰ ਕੋਰਟ ਵੱਲੋਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਅਤੇ ਵਰਕਰਾਂ ਦੇ ਗ੍ਰਿਫਤਾਰੀ ਲਈ ਵਰੰਟ ਜਾਰੀ ਕੀਤੇ ਗਏ ਹਨ । ਆਗੂ ਨੇ ਦੱਸਿਆ ਕਿ ਇਹ ਕੇਸ ਇੱਕ ਸਾਜਿਸ਼ ਦਾ ਹਿੱਸਾ ਹੈ। ਜਦੋਂ ਪ੍ਰਧਾਨ ਮੰਤਰੀ ਮੋਦੀ ਪੰਜਾਬ ਫੇਰੀ ਤੇ ਆਇਆ ਸੀ ਅਤੇ ਹੈਲੀਕਾਪਟਰ ਰਾਹੀਂ ਬਠਿੰਡਾ ਤੋਂ ਫਿਰੋਜ਼ਪੁਰ ਪੁੱਜਣਾ ਸੀ ਪਰ ਬਿਨਾਂ ਕਿਸੇ ਪਬਲਿਕ ਜਾਣਕਾਰੀ ਤੋਂ ਪ੍ਰਧਾਨ ਮੰਤਰੀ ਨੇ ਰੂਟ ਬਦਲ ਕੇ ਸੜਕ ਰਾਹੀਂ ਜਾਣ ਦਾ ਫੈਸਲਾ ਕਰ ਲਿਆ ਸੀ ਇਸ ਫੇਰੀ ਦਾ ਸੰਯੁਕਤ ਕਿਸਾਨ ਮੋਰਚਾ ਦੇ ਪੰਜਾਬ ਚੈਪਟਰ ਵੱਲੋਂ ਜਿਲਾ ਹੈਡ ਕੁਆਰਟਰਾਂ ਉਤੇ ਵਿਰੋਧ ਕਰਨ ਦਾ ਫੈਸਲਾ ਲਿਆ ਗਿਆ ਸੀ। ਇਸ ਫੈਸਲੇ ਤਹਿਤ ਹੀ ਬੀਕੇਯੂ ਕ੍ਰਾਂਤੀਕਾਰੀ ਦਾ ਜੱਥਾ ਫਿਰੋਜਪੁਰ ਵੱਲ ਜਾ ਰਿਹਾ ਸੀ ਅਤੇ ਰਸਤੇ ਵਿੱਚ ਪੁਲਿਸ ਵੱਲੋਂ ਰੋਕ ਲਿਆ ਗਿਆ ਸੀ ਜਿਸ ਕਾਰਨ ਜਥਾ ਸੜਕ ਤੇ ਬੈਠ ਗਿਆ ਸੀ। ਇਸ ਜਥੇ ਤੋਂ ਲਗਭਗ ਇੱਕ ਕਿਲੋਮੀਟਰ ਦੂਰ ਪਿੱਛੇ ਪ੍ਰਧਾਨ ਮੰਤਰੀ ਦਾ ਕਾਫਲਾ ਰੁਕਿਆ ਤੇ ਵਾਪਸ ਹੋ ਗਿਆ | ਉੱਥੇ ਕਿਸੇ ਕਿਸਮ ਦਾ ਟਕਰਾਓ ਨਹੀਂ ਹੋਇਆ।ਇਥੋਂ ਤੱਕ ਕਿ ਪ੍ਰਧਾਨ ਮੰਤਰੀ ਦੇ ਕਾਫਲੇ ਵਿੱਚ ਸ਼ਾਮਿਲ ਕਿਸੇ ਸੁਰੱਖਿਆ ਕਰਮਚਾਰੀ ਨਾਲ ਗੱਲਬਾਤ ਵੀ ਨਹੀਂ ਹੋਈ। ਕਿਉਂਕਿ ਉਹ ਇਕ ਕਿਲੋਮੀਟਰ ਪਿੱਛੇ ਖੜੇ ਸਨ ਸਗੋਂ ਬੀ ਜੇ ਪੀ ਦੇ ਵਰਕਰ ਪ੍ਰਧਾਨ ਮੰਤਰੀ ਕੋਲ ਪੁੱਜੇ ਪ੍ਰੰਤੂ ਉਥੋਂ ਹੀ ਕਿਸੇ ਕਾਰਨ ਪ੍ਰਧਾਨ ਮੰਤਰੀ ਨੇ ਵਾਪਸ ਮੁੜਨ ਦਾ ਫੈਸਲਾ ਲੈ ਲਿਆ ਸੀ। ਹੁਣ ਕਿਸਾਨ ਮੋਰਚੇ ਦੇ ਉਭਾਰ ਕਾਰਨ ਸਾਜਿਸ਼ ਤਹਿਤ ਕਿਸਾਨ ਮਜਦੂਰ ਮੋਰਚੇ ਦਾ ਹਿੱਸਾ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ ) ਦੇ ਆਗੂਆਂ ਨੂੰ ਸਮੇਤ ਮਜਦੂਰ ਆਗੂਆਂ ਦੇ ਝੂਠੇ ਇਰਾਦਾ ਕਤਲ ਕੇਸ ਦਰਜ਼ ਕਰ ਦਿੱਤਾ ਗਿਆ ਹੈ।
ਅਸਲ ਵਿੱਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਕੇਂਦਰ ਸਰਕਾਰ ਨਾਲ ਰਲ ਕੇ ਯੂਨੀਅਨ ਉੱਤੇ ਜਬਰ ਦਾ ਕੁਹਾੜਾ ਵਾਹੁਣ ਦੀ ਤਿਆਰੀ ਵਿੱਚ ਹੈ। ਚੇਅਰਮੈਨ ਵੱਲੋਂ ਪੰਜਾਬ ਸਰਕਾਰ ਨੂੰ ਸਖਤ ਚੇਤਾਵਨੀ ਹੈ ਕਿ ਝੂਠੇ ਕੇਸ ਵਿੱਚ ਆਗੂਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਜ ਆਵੇ ਅਤੇ ਇਸ ਝੂਠੀ ਐਫਆਈਆਰ ਨੂੰ ਕੈਂਸਲ ਕਰੇ ਅਜਿਹਾ ਨਾ ਕਰਨ ਦੀ ਸੂਰਤ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪੰਜਾਬ ਤੇ ਹਰਿਆਣਾ ਵਿੱਚ ਉੱਠਣ ਵਾਲੇ ਲੋਕ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਅਤੇ ਹੋਣ ਵਾਲੇ ਨੁਕਸਾਨ ਦੀ ਸਰਕਾਰ ਜੁੰਮੇਵਾਰ ਹੋਣਗੀਆਂ।
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਨਰਲ ਸਕੱਤਰ ਸੁਖਵਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸਲ ਵਿੱਚ ਜਦੋਂ ਕਿਸਾਨਾਂ ਦੇ ਦੋ ਫੋਰਮਾਂ ਵਲੋ ਪਿਛਲੇ ਸਾਲ 13 ਫਰਵਰੀ ਤੋਂ ਹਰਿਆਣੇ ਦੇ ਸੰਭੁ, ਖਨੌਰੀ ਅਤੇ ਰਤਾਂਪੂਰਾ ਬਾਰਡਰਾਂ ਤੇ ਐਮ ਐਸ ਪੀ ਗਰੰਟੀ ਕਾਨੂੰਨ ਬਣਾਉਣ ਸਮੇਤ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈਕੇ ਸੰਘਰਸ਼ ਕੀਤਾ ਜਾ ਰਿਹਾ ਹੈ ਜਿਸ ਤੇ ਕੇਂਦਰ ਸਰਕਾਰ ਦੀ ਸ਼ਹਿ ਤੇ ਹਰਿਆਣਾ ਸਰਕਾਰ ਵੱਲੋਂ ਗੋਲੀਆਂ, ਅੱਥਰੂ ਗੈਸ , ਮਿਰਚਾਂ ਦੀ ਸਪਰੇਅ ਅਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਬੇਥਾਹ ਤਸ਼ੱਦਦ ਕੀਤਾ ਗਿਆ ਜਿਸ ਕਰਕੇ ਸੈਂਕੜੇ ਕਿਸਾਨ ਜਖਮੀ ਹੋਏ ਦਰਜਨਾਂ ਸ਼ਹੀਦ ਹੋਏ ਤੇ ਸ਼ੁਭਕਰਨ ਸਿੰਘ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਇਆ ਪ੍ਰੰਤੂ ਏਨੇ ਜਬਰ ਦੇ ਬਾਵਜੂਦ ਘੋਲ ਖਤਮ ਨਹੀਂ ਹੋਇਆ ਤਾਂ ਪੰਜਾਬ ਸਰਕਾਰ ਵਲੋਂ ਆਗੂਆਂ ਨੂੰ ਡਰਾਉਣ ਅਤੇ ਉਲਝਾਉਣ ਲਈ ਤਿੰਨ ਸਾਲ ਪੁਰਾਣੀ ਘਟਨਾ ਨੂੰ ਲੈਕੇ ਜਾਣ ਬੁੱਝ ਕੇ ਇਰਾਦਾ ਕਤਲ ਜਿਹੇ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ਼ ਕੀਤਾ ਹੈ। ਜੇਕਰ ਇਹ ਝੂਠੇ ਕੇਸ ਰੱਦ ਨਾ ਕੀਤੇ ਤਾਂ ਯੂਨੀਅਨ ਬਾਕੀ ਜੱਥੇਬੰਦੀਆਂ ਨਾਲ ਮਿਲਕੇ ਅਗਲੇ ਸੰਘਰਸ਼ ਦੀ ਰੂਪਰੇਖਾ ਛੇਤੀ ਹੀ ਤਿਆਰ ਕਰੇਗੀ।
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਸੇਲਬਰਾਹ ਨੇ ਕਿਹਾ ਕਿ ਮਜ਼ਦੂਰਾ ਦੇ ਮਸਲਿਆਂ ਤੇ ਮੰਗਾਂ ਪ੍ਰਤੀ ਲਗਾਤਾਰ ਬੇਰੁਖ਼ੀ ਦੀ ਨੀਤੀ ਅਪਣਾ ਰਹੀ ਹੈ ਜਦ ਸੰਘਰਸ਼ ਕੀਤਾ ਜਾਂਦਾ ਹੈ ਝੂਠੇ ਪਰਚੇ ਪਾਏ ਜਾਂਦੇ ਹਨ ਜਿਵੇਂ ਕਿ ਚਾਹੇ ਸੰਗਰੂਰ ਦੇ ਪਿੰਡ ਬਿਸ਼ਨਪੁਰਾ ਦਾ ਘੋਲ ਹੋਵੇ ਚਾਹੇ ਪਿੰਡ ਚੰਦਭਾਨ ਦੀ ਘਟਨਾ ਹੋਵੇ ਮਜਦੂਰਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ ।
ਕਿਸਾਨ ਮਜ਼ਦੂਰ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਅਜਿਹੇ ਹੱਥਕੰਡਿਆਂ ਤੋਂ ਬਾਜ ਆਵੇ ਅਤੇ ਹਾਲ ਵਿੱਚ ਹੀ ਜਾਰੀ ਕੀਤਾ ਖੇਤੀ ਨੀਤੀ ਖਰੜ੍ਹਾ ਰੱਦ ਕਰਕੇ ਕੇਂਦਰ ਸਰਕਾਰ ਸਾਰੀਆਂ ਫਸਲਾਂ ਲਈ ਐੱਮ ਐੱਸ ਪੀ ਕਾਨੂੰਨ ਬਣਾ ਕੇ ਫ਼ਸਲਾਂ ਦਾ ਭਾਅ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਦਿੱਤਾ ਜਾਵੇ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਸੰਪੂਰਨ ਕਰਜ਼ਾ ਮੁਕਤੀ ਕੀਤੀ ਜਾਵੇ,ਕਿਸਾਨਾਂ ਲਈ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਦਿੱਲੀ ਅੰਦੋਲਨ ਦੀਆਂ ਅਧੂਰੀਆਂ ਰਹਿਦੀਆਂ ਮੰਗਾਂ ਜਿਵੇਂ ਲਖੀਮਪੁਰ ਖੀਰੀ ਕਤਲਕਾਂਡ ਦਾ ਇਨਸਾਫ ਕੀਤਾ ਜਾਵੇ, ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਵਿੱਚੋ ਬਾਹਰ ਕੀਤਾ ਜਾਵੇ, ਅਸੀਸ ਮਿਸ਼ਰਾ ਦੀ ਜਮਾਨਤ ਰੱਦ ਕੀਤੀ ਜਾਵੇ,ਦਿੱਲੀ ਅੰਦੋਲਨ ਸਮੇਤ ਦੇਸ਼ ਭਰ ਦੇ ਸਾਰੇ ਕਿਸਾਨ ਅੰਦੋਲਨਾਂ ਦੌਰਾਨ ਦਰਜ਼ ਸਾਰੇ ਕੇਸ ਰੱਦ ਕੀਤੇ ਜਾਣ, ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜਦੂਰਾਂ ਦੇ ਪਰਿਵਾਰਾਂ ਨੂੰ ਮੁਆਵਜਾ ਅਤੇ ਨੌਕਰੀਆਂ ਦਿੱਤੀਆਂ ਜਾਣ ਅਤੇ ਦਿੱਲੀ ਘੋਲ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਸਮਾਰਕ ਲਈ ਦਿੱਲੀ ਵਿੱਚ ਜਗ੍ਹਾ ਦਿੱਤੀ ਜਾਵੇ। ਬਿਜਲੀ ਸੈਕਟਰ ਨੂੰ ਨਿੱਜੀ ਹੱਥਾਂ ਵਿੱਚ ਦੇਣ ਵਾਲੇ ਬਿਜਲੀ ਸੋਧ ਬਿੱਲ ਵਰੇ ਦਿੱਲੀ ਅੰਦੋਲਨ ਦੌਰਾਨ ਸਹਿਮਤੀ ਬਣੀ ਸੀ ਕਿ ਖਪਤਕਾਰ ਵਿਸਵਾਸ਼ ਵਿੱਚ ਲਏ ਬਿਨਾਂ ਲਾਗੂ ਨਹੀਂ ਕੀਤਾ ਜਾਵੇਗਾ ਪਰ ਆਰਡੀਨੈਂਸਾਂ ਰਾਹੀਂ ਇਸ ਨੂੰ ਟੇਢੇ ਤਰੀਕੇ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ ਇਸ ਨੂੰ ਰੱਦ ਕੀਤਾ ਜਾਵੇ,ਦਿੱਲੀ ਅੰਦੋਲਨ ਨਾਲ ਕੀਤੇ ਵਾਅਦੇ ਅਨੁਸਾਰ ਖੇਤੀਬਾੜੀ ਸੈਕਟਰ ਨੂੰ ਪ੍ਰਦੂਸ਼ਣ ਕਾਨੂੰਨ ਤੋ ਬਾਹਰ ਕੀਤਾ ਜਾਵੇ। ਮਨਰੇਗਾ ਤਹਿਤ ਦਿਹਾੜੀ ਵਧਾਕੇ 200 ਦਿਨ ਕੀਤੀ ਜਾਵੇ।ਪ੍ਰੋਗਰਾਮ ਦੇ ਅਖੀਰ ਵਿੱਚ ਅਗਲੇ ਐਕਸ਼ਨ ਬਾਰੇ ਦਸਦਿਆਂ ਆਗੁਆਂ ਨੇ ਐਲਾਨ ਕੀਤਾ ਕਿ ਮਾਰਚ ਦੇ ਪਹਿਲੇ ਹਫਤੇ ਕੇਸ ਰੱਦ ਕਰਵਾਓਣ ਲਈ ਨਿਰਣਾਇਕ ਅੰਦੋਲਣ ਸੁਰੂ ਕਰੇਗੀ।
ਰੈਲੀ ਵਿੱਚ ਸਟੇਜ਼ ਸਕੱਤਰ ਦੀ ਜ਼ਿੰਮੇਵਾਰੀ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਨੇ ਨਿਭਾਈ ਅਤੇ ਹੋਰਨਾਂ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾਅ, ਲੋਕ ਸੰਗਰਾਮ ਮੋਰਚਾ ਦੇ ਰਾਜੇਸ਼ ਮਲਹੋਤਰਾ, ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾ ਆਗੂ ਮਨਜੀਤ ਸਿੰਘ ਨਿਆਲ, ਭਾਰਤੀ ਕਿਸਾਨ ਯੂਨੀਅਨ ਬ੍ਰਹਮਕੇ ਦੇ ਸੂਬਾ ਪ੍ਰਧਾਨ ਬਲਵੰਤ ਸਿੰਘ ਬ੍ਰਹਮਕੇ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਅਵਤਾਰ ਸਿੰਘ ਮਹਿਮਾ, ਦਸਮੇਸ਼ ਕਿਸਾਨ ਯੂਨੀਅਨ ਜਸਦੇਵ ਸਿੰਘ ਲਲਤੋਂ,ਪੈਨਸ਼ਨਰ ਯੂਨੀਅਨ ਦੇ ਸਕੱਤਰ ਜੋਗਿੰਦਰ ਸਿੰਘ ਟੈਕਨੀਕਲ ਸਰਵਿਸਿਜ ਯੂਨੀਅਨ ਦੇ ਸਰਬਜੀਤ ਸਿੰਘ ਭਾਣਾ, ਨੌਜਵਾਨ ਆਗੂ ਭਾਨਾ ਸਿਧੂ ਸੁਖ ਜੁਗਰਾਓਂ , ਜੱਸਾ ਸਿੰਘ ਮਾਛੀਵਾੜਾ ਆਗੂ BKU ਏਕਤਾ ਸਿੱਧੂਪੁਰ , ਕ੍ਰਾਂਤੀਕਾਰੀ ਕਿਸਾਨ ਮੋਰਚਾ ਦੇ ਮਾਸਟਰ ਬਲਵਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ।