ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਭਾਂਗਰ ਵਿਖੇ ਇਕ ਘਰ ਵਿਚ ਔਰਤ ਅਤੇ ਮਰਦ ਦਾ ਅਣਪਛਾਤੇ ਲੋਕਾਂ ਵਲੋਂ ਕਤਲ
ਫਿਰੋਜ਼ਪੁਰ 14 ਮਾਰਚ (ਏ. ਸੀ. ਚਾਵਲਾ) : ਫਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਭਾਂਗਰ ਵਿਖੇ ਇਕ ਘਰ ਵਿਚ ਇਕ ਔਰਤ ਅਤੇ ਮਰਦ ਦਾ ਅਣਪਛਾਤੇ ਲੋਕਾਂ ਵਲੋਂ ਕਤਲ ਕਰ ਦੇਣ ਦੀ ਖਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਘੱਲ ਖੁਰਦ ਦੇ ਐਸ ਐਚ ਓ ਦਿਲਬਾਗ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਸਵ. ਸੁਖਵੰਤ ਸਿੰਘ ਵਾਸੀ ਪਿੰਡ ਭਾਂਗਰ ਹਾਲ ਫਰੀਦਕੋਟ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਉਸ ਦਾ ਦਾਦਾ ਬਰਿਸਟਰ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਪਿੰਡ ਭਾਂਗਰ ਵਿਖੇ ਰਹਿੰਦਾ ਸੀ ਅਤੇ ਉਸ ਦੀ ਦਾਦੀ ਰਾਜ ਕੌਰ ਵੀ ਉਸ ਦੇ ਨਾਲ ਹੀ ਰਹਿੰਦੀ ਸੀ। ਮਨਪ੍ਰੀਤ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਦੇਹਾਂਤ ਕੁਝ ਸਾਲ ਪਹਿਲਾ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਹੁਣ ਉਹ ਫਰੀਦਕੋਟ ਵਿਖੇ ਰਹਿੰਦਾ ਸੀ । ਮਨਪ੍ਰੀਤ ਨੇ ਦੱਸਿਆ ਕਿ ਉਹ ਆਪਣੇ ਦਾਦਾ ਦਾਦੀ ਨੂੰ ਮਿਲਣ ਵਾਸਤੇ ਹਫਤੇ ਵਿਚ ਇਕ ਦੋ ਵਾਰ ਪਿੰਡ ਭਾਂਗਰ ਵਿਖੇ ਆਇਆ ਕਰਦਾ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਬੀਤੀ ਸ਼ਾਮ ਫਰੀਦਕੋਟ ਤੋਂ ਪਿੰਡ ਭਾਂਗਰ ਵਿਖੇ ਆਇਆ ਤਾਂ ਘਰ ਦੇ ਬਾਹਰ ਵੇਖਿਆ ਤਾਂ ਕੁੰਡੀ ਲੱਗੀ ਹੋਈ ਸੀ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਕਿਹਾ ਕਿ ਸ਼ਾਇਦ ਘਰ ਵਿਚ ਕੋਈ ਹੈ ਨਹੀਂ ਇਸ ਕਰਕੇ ਕੁੰਡੀ ਲੱਗੀ ਹੋਈ ਹੈ। ਉਸ ਨੇ ਦੱਸਿਆ ਕਿ ਕੁਝ ਘੰਟੇ ਪੈਣ ਮਗਰੋਂ ਜਦੋਂ ਘਰ ਨੂੰ ਖੋਲਣ ਵਾਸਤੇ ਕੋਈ ਨਾ ਆਇਆ ਤਾਂ ਉਹ ਕੰਧ ਟੱਪ ਕੇ ਘਰ ਦੇ ਅੰਦਰ ਦਾਖਲ ਹੋ ਗਿਆ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਕਮਰੇ ਵਿਚ ਜਾ ਕੇ ਵੇਖਿਆ ਉਸ ਦੇ ਦਾਦਾ ਬਰਿਸਟਰ ਸਿੰਘ ਅਤੇ ਦਾਦੀ ਰਾਜ ਕੌਰ ਦਾ ਬੇਰਹਿਮੀ ਨਾਲ ਕਤਲ ਹੋਇਆ ਪਿਆ ਸੀ ਅਤੇ ਖੂਨ ਨਾਲ ਲਥਪਥ ਹੋਈਆਂ ਲਾਸ਼ਾਂ ਪਈਆਂ ਸਨ। ਮਨਪ੍ਰੀਤ ਸਿੰਘ ਨੇ ਦੱਸਿਆ ਅਣਪਛਾਤੇ ਕਾਤਲ ਕਤਲ ਕਰਕੇ ਫਰਾਰ ਹੋ ਗਏ ਸਨ। ਉਸ ਨੇ ਦੱਸਿਆ ਕਿ ਕਤਲ ਦੀ ਜਾਣਕਾਰੀ ਉਸ ਨੇ ਸਬੰਧਤ ਥਾਣੇ ਦੀ ਪੁਲਸ ਨੂੰ ਦਿੱਤੀ। ਥਾਣਾ ਘੱਲ ਖੁਰਦ ਦੇ ਐਸ ਐਚ ਓ ਦਿਲਬਾਗ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਵਲੋਂ ਦਿੱਤੀ ਗਈ ਇਤਲਾਹ ਦੇ ਮੁਤਾਬਿਕ ਜਦੋਂ ਉਕਤ ਜਗਾਂਹ ਤੋਂ ਦੋਵੇਂ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਲਾਸ਼ਾਂ ਦਾ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਭੇਜਿਆ ਗਿਆ, ਜਿਥੇ ਪੋਸਟ ਮਾਰਟਮ ਕਰਵਾ ਕੇ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰ ਨੂੰ ਸੌਂਪ ਦਿੱਤੀਆਂ ਹਨ। ਪੁਲਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਲੋਕਾਂ ਖਿਲਾਫ 302 ਆਈ ਪੀ ਸੀ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।