Ferozepur News
ਨਗਰ ਕੌਂਸਲ ਫਿਰੋਜ਼ਪੁਰ ਨੇ ਪੌਦੇ ਲਗਾ ਕੇ ਅਤੇ ਜੈਵਿਕ ਖਾਦ ਵੰਡ ਕੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ
ਨਗਰ ਕੌਂਸਲ ਵੱਲੋਂ ਤਿਆਰ ਕੀਤੀ ਗਈ ਜੈਵਿਕ ਖਾਦ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ
ਫਿਰੋਜ਼ਪੁਰ 5 ਜੂਨ 2020 ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 5 ਜੂਨ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਪਰ ਇਸ ਵਾਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਿਨਾਂ ਇਕੱਠ ਕੀਤੇ ਨਗਰ ਕੌਂਸਲ ਫ਼ਿਰੋਜ਼ਪੁਰ ਵੱਲੋਂ ਕਾਰਜ ਸਾਧਕ ਅਫ਼ਸਰ ਸ੍ਰ.ਪਰਮਿੰਦਰ ਸਿੰਘ ਸੁਖੀਜਾ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਪੌਦੇ ਲਗਾਏ ਗਏ ਜ਼ਿਆਦਾਤਰ ਪੌਦੇ ਪ੍ਰੈਸ ਕਲੱਬ ਚੋਕ ਤੋ ਬਾਗ਼ੀ ਹਸਪਤਾਲ ਰੋਡ ਤੇ ਲਗਾਏ ਗਏ। ਇਸ ਤੋ ਇਲਾਵਾ ਨਗਰ ਕੌਂਸਲ ਵੱਲੋਂ ਤਿਆਰ ਕੀਤੀ ਗਈ ਜੈਵਿਕ ਖਾਦ ਸਬੰਧੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਘਰੇਲੂ ਕਚਰੇ ਤੋ ਬਣੀ ਜੈਵਿਕ ਖਾਦ ਵੀ ਵੰਡੀ ਗਈ। ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸ਼ਹਿਰ ਦੀ ਉੱਘੀ ਸਮਾਜ ਸੇਵੀ ਸੰਸਥਾ ਹੈਲਪਿੰਗ ਰੈੱਡ ਐਨ.ਜੀ.ਓ ਨਾਲ ਮਿਲ ਕੇ ਕਈ ਥਾਵਾਂ ਤੇ ਪੰਛੀਆਂ ਦੇ ਦਾਣੇ ਪਾਣੀ ਲਈ ਅਲੱਗ ਰੂਪ ਨਾਲ ਤਿਆਰ ਕੀਤੇ ਆਲ੍ਹਣੇ ਵੀ ਬਣਾਏ ਗਏ। ਜਿਨ੍ਹਾਂ ਨੂੰ ਵੱਖ-ਵੱਖ ਸਥਾਨਾਂ ਤੇ ਦਰੱਖਤਾਂ ਨਾਲ ਟੰਗਿਆ ਗਿਆ।
ਇਸ ਮੌਕੇ ਸੈਨੇਟਰੀ ਇੰਸਪੈਕਟ ਸੁਖਪਾਲ ਸਿੰਘ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਉਹ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਉਣ ਅਤੇ ਸਬੰਧਿਤ ਵਿਭਾਗਾਂ ਨੂੰ ਸਹਿਯੋਗ ਦੇਣ, ਕਚਰੇ ਨੂੰ ਅੱਗ ਨਾ ਲਗਾਉਣ, ਪਾਣੀ ਦੀ ਦੁਰਵਰਤੋਂ ਨਾ ਕੀਤੀ ਜਾਵੇ, ਵੱਧ ਤੋ ਵੱਧ ਪੌਦੇ ਲਗਾਏ ਜਾਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਵੀ ਕੀਤੀ ਜਾਵੇ, ਆਪਣੇ ਘਰੇਲੂ ਰਸੋਈ ਕੱਚਰੇ ਤੋ ਘਰ ਅੰਦਰ ਹੀ ਖਾਦ ਤਿਆਰ ਕਰਕੇ ਸਬਜ਼ੀਆਂ,ਫਲਾਂ ਅਤੇ ਗਮਲਿਆਂ ਵਿਚ ਵਰਤਿਆ ਜਾਵੇ। ਇਸ ਮੌਕੇ ਮਿਊਂਸੀਪਲ ਇੰਜੀਨੀਅਰ ਐਸ.ਐਸ ਬਹਿਲ, ਜੇ.ਈ ਲਵਪ੍ਰੀਤ , ਗੁਰਇੰਦਰ ਸਿੰਘ, ਪ੍ਰੋਗਰਾਮ ਕੋਆਰਡੀਨੇਟਰ ਸਿਮਰਨਜੀਤ ਸਿੰਘ ਅਤੇ ਅਮਨਦੀਪ ਸਿੰਘ ਤੋ ਇਲਾਵਾ ਮੋਟੀਵੇਟਰ ਮੌਜੂਦ ਸੀ।