ਡਿਪਟੀ ਕਮਿਸ਼ਨਰ ਨੇ ਬਾਰਡਰ ਰੋਡ ਸੜਕ ਨੂੰ ਹਰਾ-ਭਰਿਆ ਕਰਨ ਲਈ ਬੂਟੇ ਲਗਾ ਕੇ ਇੱਕ ਪਲਾਂਟੇਸ਼ਨ ਡਰਾਈਵ ਦੀ ਕੀਤੀ ਸ਼ੁਰੂਆਤ
ਕਿਹਾ, ਸ਼ਹੀਦਾਂ ਦਾ ਸਮਾਰਕ ਇਹ ਵਿਰਾਸਤੀ ਸ਼ਹਿਰ ਆਉਣ ਵਾਲੇ ਕੁੱਝ ਮਹੀਨਿਆਂ ਵਿੱਚ ਪੀਲੇ ਤੇ ਨੀਲੇ ਰੰਗ ਦੇ ਫੁੱਲਾਂ ਦਾ ਅਦਭੁੱਤ ਨਜ਼ਾਰਾ ਪੇਸ਼ ਕਰੇਗਾ
ਫਿਰੋਜ਼ਪੁਰ 5 ਜੂਨ 2020
ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਆਈ.ਏ.ਐੱਸ. ਨੇ ਸ਼ੁੱਕਰਵਾਰ 5 ਜੂਨ ਨੂੰ ਡੀ.ਸੀ.ਮਾਡਲ (ਦਾਸ ਐਂਡ ਬ੍ਰਾਊਨ) ਸਕੂਲ ਦੇ ਬਾਹਰ ਗੋਦਾਮ ਦੇ ਸਾਹਮਣੇ ਵਾਲੀ ਜਗ੍ਹਾ ਤੇ ਬੂਟੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ। ਜਿਸ ਦੌਰਾਨ ਡਿਪਟੀ ਕਮਿਸ਼ਨਰ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਦੱਸਿਆ ਕਿ ਪਹਿਲਾ ਬਾਰਡਰ ਰੋਡ ਸੜਕ ਤੇ ਲਗਭਗ 3 ਹਜ਼ਾਰ ਬੂਟੇ ਅਮਲਤਾਸ ਤੇ ਜਰਕੰਡਾ ਦੇ ਲਗਾਏ ਗਏ ਸਨ ਤੇ ਹੁਣ ਉਸ ਕੰਪੇਨ ਨੂੰ ਅੱਗੇ ਵਧਾਉਂਦੇ ਹੋਏ ਅੱਜ ਬਾਰਡਰ ਰੋਡ ਸੜਕ ਨੂੰ ਹਰਾ-ਭਰਿਆ ਕਰਨ ਲਈ ਅੱਜ ਇੱਕ ਪਲਾਂਟੇਸ਼ਨ ਡਰਾਈਵ ਦੀ ਸ਼ੁਰੂਆਤ ਕੀਤੀ ਗਈ ਅਤੇ ਆਉਣ ਵਾਲੇ ਕੁੱਝ ਮਹੀਨਿਆਂ ਵਿੱਚ ਇਹ ਸੜਕ ਹੋਰ ਪੀਲੇ ਤੇ ਨੀਲੇ ਰੰਗ ਦੇ ਫੁੱਲਾਂ ਨਾਲ ਲਹਿਰਾਏਗੀ ਤੇ ਹੋਰ ਸੁੰਦਰ ਦਿਖਾਈ ਦੇਵੇਗੀ। ਉਨ੍ਹਾਂ ਵਣ ਮੰਡਲ ਅਫਸਰ ਫਿਰੋਜ਼ਪੁਰ ਕਨਵਰਦੀਪ ਸਿੰਘ ਕਿਹਾ ਕਿ 5,10 ਜਾਂ ਇਸ ਤੋਂ ਜ਼ਿਆਦਾ ਪੁਆਇੰਟ ਬਣਾ ਕੇ ਜਿਸ ਵਿੱਚ ਸ਼ਹੀਦਾਂ ਨੇ ਜੋ ਮੱਲਾ ਮਾਰੀਆਂ ਹਨ ਤੇ ਉਨ੍ਹਾਂ ਦੀਆਂ ਘਟਨਾਵਾਂ ਬਾਰੇ ਜ਼ਿਕਰ ਕੀਤਾ ਜਾਵੇ ਤਾਂ ਜੋ ਸਾਡੇ ਲੋਕ ਤੇ ਸਾਡੀ ਆਉਣ ਵਾਲੀ ਪੀੜ੍ਹੀ ਇਸ ਤੋਂ ਪ੍ਰੇਰਨਾ ਲੈ ਸਕਣ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਮਯੰਕ ਮਾਊਂਡੇਸ਼ਨ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਹਰ ਮਨੁੱਖ ਲਾਵੇ ਇੱਕ ਰੁੱਖ ਦਾ ਪੋਸਟਰ ਵੀ ਰਿਲੀਜ਼ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐੱਮ. ਫਿਰੋਜ਼ਪੁਰ ਸ੍ਰੀ. ਅਮਿਤ ਗੁਪਤਾ, ਡਿਪਟੀ ਡੀਈਓ. ਕੋਮਲ ਅਰੋੜਾ ਅਤੇ ਡੀ.ਸੀ.ਐੱਮ. ਗਰੁੱਪ ਦੇ ਸੀਈਓ ਅਨਿਰੁੱਧ ਗੁਪਤਾ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਿਰੋਜ਼ਪੁਰ ਇੱਕ ਵਿਰਾਸਤੀ ਸ਼ਹਿਰ ਹੈ ਤੇ ਇਹ ਸ਼ਹਿਰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸਮਾਰਕ ਹੈ। ਉਨ੍ਹਾਂ ਦੱਸਿਆ ਕਿ ਇਹ ਬਾਰਡਰ ਰੋਡ ਸੜਕ ਜੋ ਕਿ ਹੁਸੈਨੀਵਾਲਾ ਜਾਂਦੀ ਹੈ ਇਸ ਸੜਕ ਤੇ ਪਿਛਲੇ ਸਾਲ ਜਰਕੰਡਾ ਤੇ ਅਮਲਤਾਸ ਦੇ ਬੂਟੇ ਲਗਾਏ ਗਏ ਸਨ, ਇਨ੍ਹਾਂ ਵਿੱਚੋਂ ਕੁੱਝ ਬੂਟੇ ਕਈ ਕਾਰਨਾਂ ਕਰਕੇ ਖ਼ਤਮ ਹੋ ਗਏ ਸਨ, ਤੇ ਹੁਣ ਇਸੇ ਲਹਿਰ ਨੂੰ ਹੋਰ ਅੱਗੇ ਵਧਾਉਂਦਿਆਂ 800 ਬੂਟੇ ਨਵੇਂ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਧਦੇ ਪ੍ਰਦੂਸ਼ਣ ਕਾਰਨ ਮਨੁੱਖੀ ਹੋਂਦ ਨੂੰ ਖ਼ਤਰਾ ਵੱਧ ਰਿਹਾ ਹੈ ਤੇ ਧਰਤੀ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਾਂ ਫਿਰ ਹੜ੍ਹ ਤੇ ਭੂਚਾਲ ਵਰਗੀਆਂ ਘਟਨਾਵਾਂ ਦੀ ਸੰਭਾਵਨਾ ਪੈਦਾ ਹੁੰਦੀ ਜਾ ਰਹੀ ਹੈ, ਇਸ ਲਈ ਸਾਡੇ ਕੋਲ ਮੌਕਾ ਹੈ ਅਸੀਂ ਹੁਣੇ ਤੋਂ ਸੰਭਲ ਜਾਈਏ। ਜੇਕਰ ਮਨੁੱਖ ਨੇ ਖ਼ੁਦ ਨੂੰ ਬਚਾਉਣਾ ਹੈ ਤੇ ਉਹ ਆਪਣੇ ਜਨਮ ਦਿਨ ਜਾਂ ਫਿਰ ਨਵੇਂ ਸਾਲ ਮੌਕੇ ਘੱਟੋ-ਘੱਟ ਇੱਕ ਤਾਂ ਬੂਟਾ ਜ਼ਰੂਰ ਲਗਾਵੇ ਤੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਵੇ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਇਸ ਹਰੇ ਭਰੇ ਵਾਤਾਵਰਨ ਵਿੱਚ ਸਾਹ ਲੈ ਸਕਣ। ਉਨ੍ਹਾਂ ਕਿਹਾ ਹਵਾ ਪ੍ਰਦੂਸ਼ਣ ਕਾਰਨ ਹਰੇਕ ਸਾਲ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਦੀ ਜਾਨ ਜਾਂਦੀ ਹੈ ਤੇ ਬੱਚਿਆਂ ਦੇ ਵਿਕਾਸ ਨੂੰ ਵੀ ਨੁਕਸਾਨ ਪਹੁੰਚਦਾ ਹੈ, ਇਸ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਵਾਤਾਵਰਨ ਦਿਵਸ ਨੂੰ ਸਮਰਪਿਤ ਇਸ ਪ੍ਰੋਗਰਾਮ ਕਰਵਾਉਣ ਵਾਲੀ ਸੰਸਥਾ ਮਯੰਕ ਫਾਊਂਡੇਸ਼ਨ, ਐਗਰੀਡ ਫਾਊਂਡੇਸ਼ਨ ਤੇ ਡੀਸੀ. ਐੱਮ. ਗਰੁੱਪ ਦਾ ਧੰਨਵਾਦ ਕੀਤਾ। ਜਿਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਦੇ ਕੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।
ਐੱਸ.ਡੀ.ਐੱਮ. ਸ੍ਰੀ. ਅਮਿਤ ਗੁਪਤਾ, ਵਣ ਮੰਡਲ ਅਫਸਰ ਫਿਰੋਜ਼ਪੁਰ ਕਨਵਰਦੀਪ ਸਿੰਘ ਤੇ ਪ੍ਰਧਾਨ ਐਗਰੀਡ ਫਾਊਂਡੇਸ਼ਨ ਡਾ. ਸਤਿੰਦਰ ਸਿੰਘ ਵੱਲੋਂ ਵੀ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਆਪਣੇ ਵਿਚਾਰ ਪੇਸ਼ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣਾ ਚਾਹੀਦਾ ਹੈ। ਸਾਨੂੰ ਆਪਣੇ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ ਤੇ ਸਮਾਜ ਨੂੰ ਹਰਿਆ ਬਣਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਵਾਤਾਵਰਨ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਦੀ ਸਮਾਪਤੀ ਦਾਸ ਐਂਡ ਬ੍ਰਾਊਂਨ ਸਕੂਲ ਵਿਖੇ ਰਾਸ਼ਟਰੀ ਗਾਣ ਗਾ ਕੇ ਕੀਤੀ ਗਈ। ਇਸ ਮੌਕੇ ਸਕੱਤਰ ਰੈੱਡ ਕਰਾਸ ਸ੍ਰੀ. ਅਸ਼ੋਕ ਬਹਿਲ, ਜ਼ਿਲ੍ਹਾ ਖੇਡ ਅਫਸਰ ਸੁਨੀਲ ਕੁਮਾਰ, ਵਣ ਰੇਂਜ ਅਫਸਰ ਤਰਸੇਮ ਸਿੰਘ ਘਾਰੂ, ਗੌਰਵ ਕੁਮਾਰ ਸੋਢੀ ਸਾਈਕਲਿਸਟ, ਲਲਿਤ ਕੁਮਾਰ, ਦੀਪਕ ਸ਼ਰਮਾ, ਕਮਲ ਸ਼ਰਮਾ ਅਤੇ ਮਹਿੰਦਰਪਾਲ ਸਿੰਘ ਸਿੰਘ ਆਦਿ ਹਾਜ਼ਰ ਸਨ।