ਕਿਸਾਨਾਂ ਮਜ਼ਦੂਰਾਂ ਵੱਲੋਂ 12ਵੇਂ ਦਿਨ ਸ਼ਾਮਿਲ ਹੋ ਕੇ ਕਾਰਪੋਰੇਟ ਖੇਤੀ ਮਾਡਲ ਦਾ ਵਿਰੋਧ ਕਰਦਿਆਂ ਕੁਦਰਤ ਤੇ ਕਿਸਾਨ ਪੱਖੀ ਖੇਤੀ ਵਿਕਾਸ ਮਾਡਲ ਲਾਗੂ ਕਰਨ ਦੀ ਮੰਗ
ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਵੱਲੋਂ ਅੱਜ ਰੇਲ ਪਟੜੀ ਬਸਤੀ ਟੈਂਕਾਂ ਵਾਲੀ (ਫ਼ਿਰੋਜ਼ਪੁਰ) ਉੱਤੇ ਲੱਗੇ ਪੱਕੇ ਮੋਰਚੇ ਦੇ 12ਵੇਂ ਦਿਨ ਸ਼ਾਮਿਲ ਹੋ ਕੇ ਕਾਰਪੋਰੇਟ ਖੇਤੀ ਮਾਡਲ ਦਾ ਵਿਰੋਧ ਕਰਦਿਆਂ ਕੁਦਰਤ ਤੇ ਕਿਸਾਨ ਪੱਖੀ ਖੇਤੀ ਵਿਕਾਸ ਮਾਡਲ ਲਾਗੂ ਕਰਨ ਦੀ ਮੰਗ ਕਰਦਿਆਂ ਅੱਜ ਸ਼ਾਮ 7 ਵਜੇ ਮੋਮਬੱਤੀਆਂ ਜਗਾ ਕੇ ਦੇਸ਼ ਦੇ ਅੰਧੇਰੇ ਨੂੰ ਉਜਾਲੇ ਵਿੱਚ ਬਦਲ ਦਾ ਕੀਤਾ ਐਲਾਨ
ਦੇਸ਼ ਵਿੱਚ ਕਾਰਪੋਰੇਟ ਖੇਤੀ ਮਾਡਲ ਦੇ ਲਿਆਉਣ ਲਈ ਤੱਤਪਰ ਭਾਜਪਾ ਦੀ ਕੇਂਦਰ ਸਰਕਾਰ ਤੇ ਇਸ ਤੋਂ ਪਹਿਲਾਂ ਰਹੀਆਂ U.P.A. ਤੇ N.D.A. ਦੀਆਂ ਸਰਕਾਰਾਂ ਅਤੇ ਰਾਜਨੀਤਕ ਪਾਰਟੀਆਂ ਦੁਆਰਾ ਦੇਸ਼ ਵਿੱਚ ਫੈਲਾਏ ਅੰਧੇਰੇ ਨੂੰ ਦੂਰ ਕਰਨ ਲਈ ਅੱਜ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਵੱਲੋਂ ਰੇਲ ਪੱਟੜੀ ਬਸਤੀ ਟੈਂਕਾਂ ਵਾਲੀ (ਫ਼ਿਰੋਜ਼ਪੁਰ) ਤੇ ਲੱਗੇ ਪੱਕੇ ਮੋਰਚੇ ਦੇ 12ਵੇਂ ਦਿਨ ਸ਼ਾਮਿਲ ਹੋ ਕੇ ਸ਼ਾਮ 7 ਵਜੇ ਰੇਲ ਪੱਟੜੀਆਂ ਉੱਤੇ ਮੋਮਬੱਤੀਆਂ ਜਗਾ ਕੇ ਚਾਨਣ ਕਰਨ ਦਾ ਯਤਨ ਕੀਤਾ ਤੇ ਖੇਤੀ ਬਚਾਓ,ਦੇਸ਼ ਬਚਾਓ ਤੇ ਕਾਰਪੋਰੇਟ ਭਜਾਓ ਦੇ ਨਾਅਰੇ ਤਹਿਤ ਕਾਰਪੋਰੇਟਾਂ ਨੂੰ ਭਾਰਤ ਛੱਡਣ ਲਈ ਆਖਿਆ ਤੇ ਸਾਮਰਾਜ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਅੰਦੋਲਨਕਾਰੀਆਂ ਦੇ ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਗੁਰਲਾਲ ਸਿੰਘ ਪੰਡੋਰੀ ਰਣ ਤੇ ਰਣਬੀਰ ਸਿੰਘ ਠੱਠਾ ਨੇ ਰਾਜਨੀਤਕ ਪਾਰਟੀਆਂ ਭਾਜਪਾ, ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਆਦਿ ਉੱਤੇ ਕਾਰਪੋਰੇਟ ਦੇ ਏਜੰਟ ਬਣ ਕੇ ਕੰਮ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਕਤ ਸਾਰੇ ਰਾਜਨੀਤਕ ਦਲ ਸਿਰਫ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਸਾਹਮਣੇ ਰੱਖ ਕੇ ਵਿਰੋਧ ਪ੍ਰਦਰਸ਼ਨ ਤੇ ਟਰੈਕਟਰ ਮਾਰਚ ਕੱਢ ਰਹੇ ਹਨ। ਜਦੋਂ ਕਿ ਦੇਸੀ ਤੇ ਵਿਦੇਸ਼ੀ ਕਾਰਪੋਰੇਟ ਕੰਪਨੀਆਂ ਨੂੰ ਪੰਜਾਬ ਤੇ ਭਾਰਤ ਵਿੱਚ ਨਿਵੇਸ਼ ਕਰਨ ਦੇ ਸੱਦੇ, ਜ਼ਮੀਨਾਂ ਮੁਫਤ ਦੇਣ ਤੇ ਟੈਕਸ ਛੋਟਾਂ ਸਮੇਤ ਹੋਰ ਕਈ ਸਹੂਲਤਾਂ ਦੇਣ ਲਈ ਆਵਾਜ਼ਾਂ ਮਾਰ ਰਹੇ ਹਨ ਤੇ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਵਿੱਚ ਹਨ। ਕਿਸਾਨ ਆਗੂਆਂ ਨੇ ਕਾਰਪੋਰੇਟ ਖੇਤੀ ਮਾਡਲ ਦੀ ਥਾਂ ਬਦਲ ਵਜੋਂ ਕੁਦਰਤ ਤੇ ਮਨੁੱਖ ਪੱਖੀ ਖੇਤੀ ਮਾਡਲ ਲਿਆਉਣ ਦੀ ਮੰਗ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਤਿੱਖੇ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਤੇ ਜ਼ੋਰਦਾਰ ਮੰਗ ਕੀਤੀ ਕਿ ਉਕਤ ਤਿੰਨੇ ਖੇਤੀ ਆਰਡੀਨੈਸ ਤੁਰੰਤ ਰੱਦ ਕੀਤੇ ਜਾਣ, ਖੇਤੀਬਾੜੀ ਆਧਾਰਤ ਛੋਟੀਆਂ ਸਨਅਤਾਂ ਪਿੰਡਾਂ ਵਿੱਚ ਕਿਸਾਨਾਂ ਦੀ ਭਾਈਵਾਲੀ ਨਾਲ ਲਗਾਈਆਂ ਜਾਣ,ਹਰੇਕ ਕਿਸਾਨ ਮਜ਼ਦੂਰ ਨੂੰ ਸਮਾਜਿਕ ਸਰੱਖਿਆ ਅਧੀਨ 10 ਹਜ਼ਾਰ ਰੁਪਏ 60 ਸਾਲ ਦੀ ਉਮਰ ਹੋਣ ਤੇ ਪੈਨਸ਼ਨ ਦਿੱਤੀ ਜਾਵੇ। ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ, ਡਾ: ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ 2c ਧਾਰਾ ਅਨੁਸਾਰ ਖਰਚੇ ਗਿਣ ਕੇ 23 ਫਸਲਾਂ ਦੇ ਭਾਅ ਐਲਾਨੇ ਜਾਣ ਤੇ ਸਰਕਾਰੀ ਖਰੀਦ ਦੀ ਗਾਰੰਟੀ ਕੀਤੀ ਜਾਵੇ। ਘਰੇਲੂ ਬਿਜਲੀ ਦਰ 1 ਰੁਪਏ ਯੂਨਿਟ ਕੀਤੀ ਜਾਵੇ, ਲਘੂ ਉਦਯੋਗ ਨੂੰ ਉਤਸ਼ਾਹਤ ਕਰਕੇ ਸਬਸਿਡੀ ਦਿੱਤੀਆਂ ਜਾਣ ਤੇ ਕਿਸਾਨ ਮਜ਼ਦੂਰ ਦੇ ਬੱਚਿਆਂ ਦੀ B.A. ਤੱਕ ਮੁਫਤ ਪੜ੍ਹਾਈ ਤੇ ਰੁਜ਼ਗਾਰ ਦੀ ਗਰੰਟੀ ਸਰਕਾਰ ਕਰੇ। ਇਸ ਮੌਕੇ ਸਲਵਿੰਦਰ ਸਿੰਘ ਜਾਣੀਆ, ਗੁਰਮੇਲ ਸਿੰਘ ਰੇੜਵਾਂ, ਸਵਰਨ ਸਿੰਘ ਸਾਦਿਕਪੁਰ, ਜਰਨੈਲ ਸਿੰਘ ਰਾਮੇ, ਪਰਗਟ ਸਿੰਘ, ਸਰਵਨ ਸਿੰਘ ਬਾਊਪੁਰ, ਤਰਸੇਮ ਸਿੰਘ ਵਿੱਕੀ, ਪਰਮਜੀਤ ਸਿੰਘ ਤੇ ਸੁਖਪ੍ਰੀਤ ਸਿੰਘ ਜੱਬੋਵਾਲ, ਸੁਖਪ੍ਰੀਤ ਸਿੰਘ ਕਦੀਮ, ਸੁਖਵੰਤ ਸਿੰਘ ਲੋਹੁਕਾ, ਬਲਜਿੰਦਰ ਸਿੰਘ ਤਲਵੰਡੀ,ਬਲਰਾਜ ਸਿੰਘ ਫੇਰੋਕੇ, ਨਿਰਮਲ ਸਿੰਘ ਲੁਧਿਆਣਾ, ਮਨਜਿੰਦਰ ਸਿੰਘ ਭੁੱਲਰ ਐਡਵੋਕੇਟ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।