Ferozepur News
65 ਸਾਲਾਂ ਬਾਅਦ ਆਪਣੇ ਸਕੂਲ ਨਤਮਸਤਕ ਹੋਏ ਰਿਟਾਇਰਡ ਬ੍ਰਗੇਡੀਅਰ ਨਗਿੰਦਰ ਸਿੰਘ
65 ਸਾਲਾਂ ਬਾਅਦ ਆਪਣੇ ਸਕੂਲ ਨਤਮਸਤਕ ਹੋਏ ਰਿਟਾਇਰਡ ਬ੍ਰਗੇਡੀਅਰ ਨਗਿੰਦਰ ਸਿੰਘ
ਫਿਰੋਜ਼ਪੁਰ 6 ਫਰਵਰੀ, 2024: ਪਿਛਲੇ ਕਰੀਬ ਸੱਤ ਅੱਠ ਦਹਾਕਿਆਂ ਤੋਂ ਸਿੱਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਗਰਾਮਰ ਸੀਨੀਅਰ ਸਕੈਂਡਰੀ ਸਕੂਲ ਵਿਖੇ ਸਮੇਂ ਸਮੇਂ ਤੇ ਸਕੂਲ ਦੇ ਪੁਰਾਣੇ ਵਿਦਿਆਰਥੀ ਸਕੂਲ ਦੇਖਣ ਲਈ ਆਉਂਦੇ ਹਨ ਅਤੇ ਆਪਣੇ ਬੀਤੇ ਸਮੇਂ ਦੀਆਂ ਯਾਦਾਂ ਤਾਜ਼ਾ ਕਰਦੇ ਹੋਏ ਆਪਣੇ ਅਧਿਆਪਕਾਂ ਅਤੇ ਵਿਦਿਆਰਥੀ ਸਾਥੀਆਂ ਨਾਲ ਬੀਤੇ ਸਮੇਂ ਨੂੰ ਯਾਦ ਕਰਦੇ ਹਨ।
ਸਾਲ 1959 ਵਿਚ ਗਰਾਮਰ ਸਕੂਲ ਵਿਖੇ ਪੜ੍ਹਨ ਵਾਲਾ ਵਿਦਿਆਰਥੀ ਨਗਿੰਦਰ ਸਿੰਘ ਭਾਰਤੀ ਸੈਨਾ ਦਾ ਬ੍ਰਿਗੇਡੀਅਰ ਬਣ ਕੇ ਰਿਟਾਇਰਡ ਹੋਣ ਉਪਰੰਤ ਆਪਣੇ ਸਕੂਲ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਲਈ ਗਰਾਮਰ ਸੀਨੀਅਰ ਸਕੈਂਡਰੀ ਸਕੂਲ ਫਿਰੋਜ਼ਪੁਰ ਛਾਉਣੀ ਵਿਖੇ ਆਪਣੇ ਪਰਿਵਾਰ ਸਮੇਤ ਪੁੱਜੇ।
ਇਸ ਮੌਕੇ ਬ੍ਰਿਗੇਡੀਅਰ ਨਗਿੰਦਰ ਸਿੰਘ ਨੇ ਸਕੂਲ ਪ੍ਰਬੰਧਕ ਹਰਚਰਨ ਸਿੰਘ ਸਾਮਾ, ਪ੍ਰਿੰਸੀਪਲ ਮੈਡਮ ਸੋਨੀਆ ਰਾਣਾ ਅਤੇ ਸਕੂਲ ਸਟਾਫ ਨਾਲ ਆਪਣੇ ਪੜ੍ਹਾਈ ਸਮੇਂ ਦੇ ਹੋਏ ਤਜਰਬੇ ਨੂੰ ਸਾਂਝਾ ਕੀਤਾ। ਉਹਨਾ ਕਿਹਾ ਕਿ ਉਸ ਸਮੇਂ ਤੇ ਅੱਜ ਇਸ ਸਕੂਲ ਵਿਚ ਬਹੁਤ ਅੰਤਰ ਹੈ, ਉਦੋਂ ਸਾਨੂੰ ਅੱਜ ਵਾਲੀਆਂ ਸਹੂਲਤਾਂ ਪ੍ਰਾਪਤ ਨਹੀ ਹੁੰਦੀਆਂ ਸਨ ਪਰ ਉਸ ਵਕਤ ਪੜ੍ਹਾਈ ਦਾ ਮਿਆਰ ਅੱਜ ਦੇ ਮੁਕਾਬਲਤਨ ਬਹੁਤ ਉੱਚਾ ਸੀ।
ਬ੍ਰਿਗੇਡੀਅਰ ਨਗਿੰਦਰ ਸਿੰਘ ਨੇ ਆਖਿਆ ਕਿ ਗਰਾਮਰ ਸਕੂਲ ਵਿਚ ਮੇਰੇ ਵੱਲੋ ਬਿਤਾਏ ਗਏ ਪਲ ਮੈਂ ਕਦੇ ਵੀ ਨਹੀ ਭੁੱਲ ਸਕਦਾ। ਉਹਨਾ ਆਖਿਆ ਕਿ ਉਹ ਆਪਣੇ ਬਚਪਨ ਸਮੇਂ ਦੇ ਸਕੂਲ ਦੀਆਂ ਯਾਦਾਂ ਆਪਣੇ ਪਰਿਵਾਰ ਨਾਲ ਅਕਸਰ ਹੀ ਸਾਂਝੀਆਂ ਕਰਦੇ ਹਨ ਪਰ ਅੱਜ ਸਕੂਲ ਵਿਚ ਆ ਕੇ ਬਹੁਤ ਜਿਆਦਾ ਖੁਸ਼ੀ ਹੋਈ ਹੈ।
ਉਹਨਾਂ ਨੇ ਸਕੂਲ ਪ੍ਰਬੰਧਕ ਟੀਮ ਅਤੇ ਸਕੂਲ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਚੱਲ ਰਹੇ ਇਸ ਸਕੂਲ ਦੀ ਬੇਹਤਰੀ ਵਾਸਤੇ ਸਮੂਹ ਟੀਮ ਦਾ ਕੰਮ ਪ੍ਰਸੰਸਾਯੋਗ ਹੈ। ਇਸ ਮੌਕੇ ਉਹਨਾ ਨਾਲ ਮਿਸਿਜ਼ ਬ੍ਰਿਗੇਡੀਅਰ ਨਗਿੰਦਰ ਸਿੰਘ, ਮਿਸਿਜ਼ ਬ੍ਰਿਗੇਡੀਅਰ ਮਨੀਸ਼ ਸ਼ਰਮਾ, ਲੈਫਟੀਨੈਂਟ ਕਰਨਲ ਸਾਕਤ ਵਾਈਸ ਪ੍ਰਿੰਸੀਪਲ ਇੰਦੂ ਸ਼ਰਮਾ ਅਤੇ ਰਾਜੀਵ ਚਾਵਲਾ ਆਦਿ ਵੀ ਹਾਜ਼ਰ ਸਨ।