Ferozepur News
6 ਜੂਨ ਨੂੰ ਸਾਕਾ ਨੀਲਾ ਤਾਰਾ ਦੇ ਵਿਰੋਧ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਮਨਾਵੇਗੀ ਕਾਲਾ ਦਿਨ
ਤਹਿਸੀਲ ਪੱਧਰੇ ਰੋਸ ਮਾਰਚ ਕਰਕੇ ਰਾਸ਼ਟਰਪਤੀ ਦੇ ਨਾਂ ਸੌਂਪਿਆ ਜਾਵੇਗਾ ਮੰਗ ਪੱਤਰ
6 ਜੂਨ ਨੂੰ ਸਾਕਾ ਨੀਲਾ ਤਾਰਾ ਦੇ ਵਿਰੋਧ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਮਨਾਵੇਗੀ ਕਾਲਾ ਦਿਨ, ਤਹਿਸੀਲ ਪੱਧਰੇ ਰੋਸ ਮਾਰਚ ਕਰਕੇ ਰਾਸ਼ਟਰਪਤੀ ਦੇ ਨਾਂ ਸੌਂਪਿਆ ਜਾਵੇਗਾ ਮੰਗ ਪੱਤਰ
ਫਿਰੋਜ਼ਪੁਰ 3 ਜੂਨ, 2024: ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਪੋਜੋਕੇ ਦੀ ਅਗਵਾਹੀ ਹੇਠ ਗੁਰਦੁਆਰਾ ਜਾਮਨੀ ਸਾਹਿਬ ਬਜੀਦਪੁਰ ਵਿਖੇ ਹੋਈ | ਜਿਸ ਵਿੱਚ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਤੋਂ ਇਲਾਵਾ ਜ਼ਿਲਾ ਅਤੇ ਵੱਖ ਵੱਖ ਬਲਾਕਾਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਵਿੱਚ ਸੂਬਾ ਕਮੇਟੀ ਵੱਲੋਂ ਸਾਕਾ ਨੀਲਾ ਤਾਰਾ ਦੇ ਵਿਰੋਧ ਵਜੋਂ 6 ਜੂਨ ਨੂੰ ਕਾਲਾ ਦਿਨ ਮਨਾਉਣ ਦੀਆਂ ਤਿਆਰੀਆਂ ਸਬੰਧੀ ਚਰਚਾ ਕੀਤੀ ਗਈ |
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਜ਼ਿਲਾ ਪ੍ਰੈਸ ਸਕੱਤਰ ਗੁਰਭੇਜ ਸਿੰਘ ਟਿੱਬੀ ਕਲਾਂ ਨੇ ਦੱਸਿਆ ਕਿ 40 ਸਾਲ ਪਹਿਲਾਂ 1 ਜੂਨ 1984 ਨੂੰ ਭਾਰਤ ਦੀ ਸਰਕਾਰ ਵੱਲੋਂ ਸਿੱਖਾਂ ਦੀ ਸਰਬ ਉੱਚ ਸੰਸਥਾ ਅਕਾਲ ਤਖਤ ਅਤੇ ਹਰਿਮੰਦਰ ਸਾਹਿਬ ਤੇ ਹਮਲਾ ਕਰਕੇ ਹਜ਼ਾਰਾਂ ਬੇਦੋਸ਼ੇ ਲੋਕਾਂ ਨੂੰ ਮਾਰਿਆ ਗਿਆ ਸੀ | ਜਿਸ ਨਾਲ ਦੇਸ਼ ਦੁਨੀਆ ਅੰਦਰ ਰਹਿੰਦੇ ਸਿੱਖਾਂ ਦੇ ਹਿਰਦੇ ਵਲੂੰਦਰੇ ਗਏ ਸਨ ਅਤੇ ਹੁਣ ਤੱਕ ਵੀ ਸਿੱਖ ਭਾਈਚਾਰਾ ਇਨਸਾਫ ਦੀ ਉਡੀਕ ਵਿੱਚ ਹੈ | ਇਸ ਦੇ ਨਾਲ ਹੀ ਉਹਨਾਂ ਕਿਹਾ ਕਿ 10 ਸਾਲ ਪੰਜਾਬ ਦੀ ਧਰਤੀ ਉੱਪਰ ਬੇਦੋਸ਼ੇ ਸਿੱਖ ਨੌਜਵਾਨਾਂ ਦਾ ਕਤਲੇਆਮ ਅਤੇ ਭਾਰਤੀ ਏਜੰਸੀਆਂ ਵੱਲੋਂ ਪੰਜਾਬੀ ਹਿੰਦੂਆਂ ਦੇ ਕਤਲ ਕਰਵਾਕੇ ਪੰਜਾਬੀ ਭਾਈਚਾਰੇ ਵਿੱਚ ਪਾਠਕ ਵੀ ਪਾਇਆ ਅਤੇ 10 ਸਾਲ ਪੰਜਾਬੀਆਂ ਦਾ ਖੂਨ ਵੀ ਵਹਾਇਆ |
ਉਹਨਾਂ ਕਿਹਾ ਕਿ 6 ਜੂਨ ਨੂੰ ਵੱਖ-ਵੱਖ ਤਹਿਸੀਲਾਂ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਹੋਇਆਂ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਭੇਜੇ ਜਾਣਗੇ | ਇਸ ਵਿੱਚ ਮੰਗ ਕੀਤੀ ਜਾਵੇਗੀ ਕਿ ਸਿੱਖਾਂ ਦੀ ਸਰਵਉਚ ਸੰਸਥਾ ਉਪਰ ਹਮਲਾ ਕਰਕੇ ਬੇਦੋਸ਼ੇ ਸਿੱਖਾਂ ਦਾ ਕਤਲੇਆਮ ਕਰਨ ਅਤੇ ਪੰਜਾਬ ਦੇ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਦਾ ਕਤਲ ਕਰਾਉਣ ਲਈ ਜਿੰਮੇਵਾਰ ਕੇਂਦਰ ਸਰਕਾਰ ਪਾਰਲੀਮੈਂਟ ਵਿੱਚ ਪੰਜਾਬੀਆਂ ਅਤੇ ਸਿੱਖਾਂ ਤੋਂ ਮਾਫੀ ਮੰਗੇ ਤੇ ਇਸ ਕਤਲੇਆਮ ਲਈ ਦੋਸ਼ੀ ਲੋਕਾਂ ਨੂੰ ਸਖਤ ਸਜ਼ਾਵਾਂ ਦੇਵੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਸਕੱਤਰ ਸੁਰਜੀਤ ਬਜੀਦਪੁਰ, ਜਿਲ੍ਹਾਂ ਆਗੂ ਰਣਜੀਤ ਸਿੰਘ,ਜਿਲ੍ਹਾਂ ਆਗੂ ਗੁਰਚਰਨ ਸਿੰਘ ਮਲਸੀਆਂ, ਜਿਲ੍ਹਾਂ ਆਗੂ ਪ੍ਰਵੀਨ ਕੋਰ ਬਾਜੇਕੇ, ਬਲਾਕ ਮਮਦੋਟ ਆਗੂ ਦੇ ਓਮ ਪ੍ਰਕਾਸ਼, ਬਲਾਕ ਘੱਲ ਖੁਰਦ ਦੇ ਆਗੂ ਗੁਰਚਰਨ ਸਿੰਘ, ਜਸਬੀਰ ਸਿੰਘ, ਬਲਾਕ ਝੋਕ ਮੋਹੜੇ ਦੇ ਆਗੂ ਗੁਰਭੇਜ ਸਿੰਘ, ਨਿਰਭੈ ਸਿੰਘ, ਬਲਾਕ ਜ਼ੀਰਾ ਦੇ ਆਗੂ ਰਵਿੰਦਰ ਸਿੰਘ ਆਦਿ ਹਾਜ਼ਰ ਸਨ