45 ਕਰੋੜ ਦੀ ਲਾਗਤ ਨਾਲ ਬਣੇਗੀ 40 ਫੁੱਟ ਚੌੜੀ ਆਰਿਫ ਕੇ – ਫਿਰੋਜ਼ਪੁਰ ਰੋਡ , ਬਹਾਦਰਵਾਲੇ ਤੋਂ ਫਾਜ਼ਿਲਕਾ ਰੋਡ ਤੇ ਬਣੇਗਾ ਬਾਇਪਾਸ: ਪਿੰਕੀ
ਸਰਕਾਰ ਨੇ 52.70 ਕਰੋੜ ਰੁਪਏ ਦੇ ਦੋ ਵੱਡੇ ਸੜਕੀ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ, ਅਗਲੇ ਦੋ ਮਹੀਨਿਆਂ ਵਿੱਚ ਕੰਮ ਸ਼ੁਰੂ ਹੋ ਜਾਵੇਗਾ
ਫਿਰੋਜ਼ਪੁਰ, 26 ਜੁਲਾਈ
ਫਿਰੋਜ਼ਪੁਰ ਲਈ ਦੋ ਵੱਡੇ ਸੜਕੀ ਪ੍ਰਾਜੈਕਟਾਂ ਨੂੰ ਰਾਜ ਸਰਕਾਰ ਨੇ 52.70 ਕਰੋੜ ਰੁਪਏ ਦੀ ਲਾਗਤ ਨਾਲ ਮਨਜ਼ੂਰੀ ਦਿੱਤੀ ਹੈ, ਜਿਸ ‘ਤੇ ਅਗਲੇ ਦੋ ਮਹੀਨਿਆਂ ਵਿਚ ਕੰਮ ਸ਼ੁਰੂ ਹੋ ਜਾਵੇਗਾ। ਪਹਿਲਾ ਪ੍ਰਾਜੈਕਟ 45 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਵੇਗਾ, ਜਿਸ ਦੇ ਤਹਿਤ ਆਰਿਫਕੇ ਤੋਂ ਫਿਰੋਜ਼ਪੁਰ ਤੱਕ ਸੜਕ ਬਣਾਈ ਜਾਵੇਗੀ। ਇਹ ਜਾਣਕਾਰੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕੁਝ ਨੌਜਵਾਨਾਂ ਦੇ ਸੁਝਾਅ ਤੋਂ ਬਾਅਦ ਇਸ ਵਾਰ ਟ੍ਰੈਫਿਕ ਦਾ ਲੋਡ ਘਟਾਉਣ ਲਈ ਇਸ ਸੜਕ ਦੀ ਚੌੜਾਈ 18 ਫੁੱਟ ਤੋਂ ਵਧਾ ਕੇ 40 ਫੁੱਟ ਕੀਤੀ ਗਈ ਹੈ ਅਤੇ ਇਸ ਦੇ ਬਣਨ ਤੋਂ ਬਾਅਦ ਮੱਲਾਂਵਾਲਾ ਆਉਣ ਜਾਣ ਵਾਲੀ ਆਵਾਜਾਈ ਵਿੱਚ ਕਾਫ਼ੀ ਆਸਾਨੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਫਿਰੋਜ਼ਪੁਰ ਸ਼ਹਿਰ ਵਿੱਚ 7.70 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਹੋਰ ਸੜਕ ਪ੍ਰਾਜੈਕਟ ਪਾਸ ਕੀਤਾ ਗਿਆ ਹੈ, ਜੋ ਸੋਡੇ ਵਾਲੇ ਤੋਂ ਸ਼ੇਰ ਸ਼ਾਹਵਾਲੀ ਚੌਕ ਤੱਕ ਜਾਵੇਗਾ ਅਤੇ ਆਰਮੀ ਖੇਤਰ ਨੂੰ ਕਵਰ ਕਰੇਗਾ। ਇਨ੍ਹਾਂ ਦੋਵਾਂ ਸੜਕਾਂ ਦੇ ਨਿਰਮਾਣ ਨਾਲ, ਸ਼ਹਿਰ ਤੋਂ ਆਉਣ-ਜਣ ਵਾਲੇ ਅਤੇ ਸ਼ਹਿਰ ਦੇ ਰਸਤੇ ਮੱਲਾਂਵਾਲਾ ਜਾਣ ਵਾਲੇ ਲੋਕਾਂ ਨੂੰ ਬਹੁਤ ਸੌਖ ਮਿਲੇਗੀ ਅਤੇ ਟ੍ਰੈਫਿਕ ਦੇ ਹਾਲਾਤ ਸੁਧਰ ਜਾਣਗੇ। ਇਸ ਤੋਂ ਇਲਾਵਾ ਇਕ ਹੋਰ ਪ੍ਰੋਜੈਕਟ ਵੀ ਤਿਆਰ ਕੀਤਾ ਗਿਆ ਹੈ, ਜਿਸ ਦੇ ਤਹਿਤ ਬਹਾਦਰਵਾਲੇ ਤੋਂ ਇਕ ਬਾਈਪਾਸ ਕਢਿਆ ਜਾਵੇਗਾ, ਜੋ ਸ਼ਹਿਰ ਦੇ ਬਾਹਰੋਂ ਹੁੰਦੇ ਹੋਏ ਮੁਕਤਸਰ-ਫਾਜ਼ਿਲਕਾ ਸੜਕ ਨੂੰ ਛੂੰਹੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੇ ਰੱਖ-ਰਖਾਅ ਦਾ ਕੰਮ ਵੀ ਨੈਸ਼ਨਲ ਹਾਈਵੇਅ ਅਧੀਨ ਆਵੇਗਾ, ਜੋ ਸੜਕਾਂ ਦੀ ਗੁਣਵੱਤਾ ਵਿੱਚ ਸੁਧਾਰ ਲਿਆਏਗਾ ਅਤੇ ਉਨ੍ਹਾਂ ਦੇ ਰੱਖ ਰਖਾਵ ਦੀ ਲਾਗਤ ਨੂੰ ਘਟਾਏਗਾ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਸ਼ਹਿਰ ਦੇ ਨੌਜਵਾਨ ਜਿਸ ਵਿਚ ਵਿਕਾਸ ਗੁਪਤਾ, ਤਨਜੀਤ ਬੇਦੀ, ਵਿਪੁਲ ਨਾਰੰਗ, ਮਿੱਤੁਲ ਭੰਡਾਰੀ, ਕਰਨ ਪੁਗਲ, ਵਿਪਨ, ਅਰੁਣ ਸ਼ਰਮਾ, ਰਿਸ਼ੀ ਸ਼ਰਮਾ, ਆਦਿ ਸ਼ਾਮਲ ਹਨ ਨੇ ਸੁਝਾਅ ਦਿੱਤਾ ਕਿ ਸ਼ਹਿਰ ਵਿੱਚ ਟ੍ਰੈਫਿਕ ਲੋਡ ਘਟਾਏ ਜਾਣ। ਜਿਸ ਤਹਿਤ ਇਹ ਪ੍ਰੋਜੈਕਟ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਅਤੇ ਸੁਝਾਵਾਂ ਸਦਕਾ ਇੰਨਾ ਵੱਡਾ ਕਦਮ ਚੁੱਕਿਆ ਗਿਆ ਹੈ, ਉਨ੍ਹਾਂ ਹੋਰਨਾਂ ਨੌਜਵਾਨਾਂ ਨੂੰ ਅੱਗੇ ਆਉਣ ਅਤੇ ਸ਼ਹਿਰ ਦੇ ਲਈ ਇਸੇ ਤਰ੍ਹਾਂ ਕੰਮ ਕਰਨ ਦੀ ਅਪੀਲ ਕੀਤੀ।