4 ਹਜ਼ਾਰ ਲਾਇਨਮੈਨਾਂ ਨੂੰ ਰੱਖਣ ਦੀ ਬਜਾਏ ਪੁਰਾਣੀ ਭਰਤੀ ਨੂੰ ਖਤਮ ਕਰਕੇ ਨਵੀਆਂ 1500 ਸਹਾਇਕ ਲਾਇਨਮੈਨਾਂ ਦੀਆਂ ਪੋਸਟਾਂ ਦਾ ਇਸ਼ਤਿਹਾਰ ਸਰਕਾਰ ਨੇ ਕੀਤਾ ਜਾਰੀ
ਫਿਰੋਜ਼ਪੁਰ 19 ਮਈ (): ਬੇਰੁਜ਼ਗਾਰ ਲਾਇਨਮੈਨ ਯੂਨੀਅਨ ਦੇ ਜ਼ਿਲ੍ਹਾ ਫਿਰੋਜ਼ਪੁਰ ਬਲਾਕ ਅਹੁਦੇਦਾਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਮਮਦੋਟ ਅਤੇ ਜ਼ਿਲ੍ਹਾ ਜਨਰਲ ਸੈਕਟਰੀ ਹਿਤੇਸ਼ ਕੁਮਾਰ ਫਿਰੋਜ਼ਪੁਰ ਦੀ ਅਗਵਾਈ ਵਿਚ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਹੋਈ। ਮੀਟਿੰਗ ਵਿਚ ਸੂਬੇ ਦੇ ਮੀਤ ਪ੍ਰਧਾਨ ਸੋਮਾ ਸਿੰਘ ਨੇ ਆਖਿਆ ਕਿ ਨਵੀਂ ਬਣੀ ਕਾਂਗਰਸ ਸਰਕਾਰ ਤੋਂ ਬੇਰੁਜ਼ਗਾਰ ਲਾਇਨਮੈਨਾਂ ਨੂੰ ਰੁਜ਼ਗਾਰ ਦੀਆਂ ਕਾਫੀ ਉਮੀਦਾਂ ਹਨ, ਪਰ ਸਰਕਾਰ ਵੀ ਪਿਛਲੀ ਸਰਕਾਰ ਦੇ ਰਾਹ ਤੇ ਚੱਲਦਿਆਂ ਰਹਿੰਦੇ 4 ਹਜ਼ਾਰ ਲਾਇਨਮੈਨਾਂ ਨੂੰ ਰੱਖਣ ਦੀ ਬਜਾਏ ਪੁਰਾਣੀ ਭਰਤੀ ਨੂੰ ਖਤਮ ਕਰਕੇ ਨਵੀਆਂ 1500 ਸਹਾਇਕ ਲਾਇਨਮੈਨਾਂ ਦੀਆਂ ਪੋਸਟਾਂ ਦਾ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ। ਜਿਸ ਨਾਲ ਪੁਰਾਣੇ ਸਾਥੀ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਬੀਤੇ ਦਿਨੀਂ 1500 ਸਹਾਇਕ ਲਾਇਨਮੈਨਾਂ ਦੀਆਂ ਪੋਸਟਾਂ ਨੂੰ 5000 ਕਰਵਾਉਣ ਲਈ ਤੇ ਉਮਰ ਹੱਦ 45 ਸਾਲ ਕਰਨ ਲਈ ਯੂਨੀਅਨ ਦੇ ਵਫਦ ਦੀ ਮੀਟਿੰਗ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਹਲਕਾ ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਦੀ ਅਗਵਾਈ ਵਿਚ ਪਾਵਰਕਾਮ ਦੀ ਮੇਨੈਜਮੈਂਟ ਨਾਲ 10 ਮਈ ਨੂੰ ਹੋਈ ਮੀਟਿੰਗ ਵਿਚ ਪਾਵਰਕਾਮ ਦੇ ਸੀਐੱਮਡੀ ਵੀਨੂੰ ਪ੍ਰਸਾਦ ਨੇ ਚੱਲ ਰਹੀ 1500 ਸਹਾਇਕ ਲਾਇਨਮੈਨਾਂ ਦੀ ਭਰਤੀ ਦੀਆਂ ਪੋਸਟਾਂ ਵਿਚ ਵਾਧਾ ਕਰਨ ਅਤੇ ਉਮਰ ਹੱਦ ਵਧਾਉਣ ਲਈ ਹਾਮੀ ਭਰੀ ਅਤੇ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਇਸ ਮਸਲੇ ਦੇ ਹੱਲ ਲਈ ਸਰਕਾਰ ਨਾਲ ਗੱਲਬਾਤ ਕਰਨ ਲਈ ਸਮਾਂ ਮੰਗਿਆ। ਉਨ੍ਹਾਂ ਆਖਿਆ ਕਿ ਜਲਦ ਹੀ ਯੂਨੀਅਨ ਦੀ ਪੈਨਲ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਰਵਾਈ ਜਾਵੇਗੀ ਤੇ ਜਦੋਂ ਤੱਕ ਯੂਨੀਅਨ ਪਾਵਰਕਾਮ ਦੀ ਮੈਨੇਜਮੈਂਟ ਤੇ ਸਰਕਾਰ ਦੀ ਆਪਸੀ ਸਹਿਮਤੀ ਨਹੀਂ ਉਦੋਂ ਤੱਕ ਚੱਲ ਰਹੀ ਭਰਤੀ ਨੂੰ ਮੁਕੰਮਲ ਨਹੀਂ ਕੀਤਾ ਜਾਵੇਗਾ। ਇਸ ਮੌਕੇ ਯੂਨੀਅਨ ਦੇ ਵਫਦ ਨੇ ਪਾਵਰਕਾਮ ਦੇ ਚੇਅਰਮੈਨ ਵੀਨੂੰ ਪ੍ਰਸਾਦ ਵੱਲੋਂ ਦਿੱਤੇ ਗਏ ਵਿਸਵਾਸ਼ ਤੇ ਯੂਨੀਅਨ ਵੱਲੋਂ ਭਰੋਸਾ ਕਰਦੇ ਹੋਏ ਸਹਿਮਤੀ ਜਤਾਈ। ਜ਼ਿਕਰਯੋਗ ਹੈ ਕਿ ਯੂਨੀਅਨ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਭਰਤੀ ਨੂੰ ਮੁਕੰਮਲ ਕਰਵਾਉਣ ਲਈ ਪਾਵਰਕਾਮ ਦੇ ਮੁੱਖ ਅਫਸਰ ਪਟਿਆਲਾ ਦੇ ਸਾਹਮਣੇ ਮਰਨ ਵਰਤ ਰੱਖਿਆ ਗਿਆ ਸੀ, ਮਰਨ ਵਰਤ ਕੈਂਪ ਵਿਚ ਕਾਂਗਰਸੀ ਲੀਡਰ ਜਿੰਨ੍ਹਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਧਰਮਪਤਨੀ ਮਹਾਰਾਣੀ ਪ੍ਰਨੀਤ ਕੌਰ, ਸਾਧੂ ਸਿੰਘ ਧਰਮਸੋਤ, ਚਰਨਜੀਤ ਸਿੰਘ ਚੰਨੀ, ਬੀਬੀ ਰਜਿੰਦਰ ਕੌਰ ਭੱਠਲ, ਰਾਜਾ ਵੜਿੰਗ ਅਤੇ ਹੋਰ ਸੀਨੀਅਰ ਆਗੂਆਂ ਨੇ ਆਖਿਆ ਸੀ ਕਿ ਸਰਕਾਰ ਬਨਣ ਤੇ ਰਹਿੰਦੇ 4000 ਹਜ਼ਾਰ ਲਾਇਨਮੈਨਾਂ ਨੂੰ ਪਹਿਲ ਦੇ ਆਧਾਰ ਤੇ ਨਿਯੁਕਤੀ ਪੱਤਰ ਦਿੱਤੇ ਜਾਣਗੇ। ਉਨ੍ਹਾਂ ਆਖਿਆ ਕਿ ਜੇਕਰ ਪਾਵਰਕਾਮ ਦੀ ਮੈਨੇਜਮੈਂਟ ਆਪਣੇ ਵਾਧੇ ਤੇ ਖਰੀ ਨਾ ਉੱਤਰੀ ਤਾਂ ਜਥੇਬੰਦੀ ਵੱਲੋਂ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ ਅਤੇ ਪੰਜਾਬ ਭਰ ਵਿਚ ਜ਼ਿਲ੍ਹਾ ਵਾਰ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਮੌਕੇ ਬਲਦੇਵ ਸਿੰਘ, ਕੁਲਵਿੰਦਰ ਸੋਢੀਨਗਰ, ਸੰਦੀਪ ਕੁਮਾਰ ਬਲਾਕ ਪ੍ਰਧਾਨ ਗੁਰੂਹਰਸਹਾਏ, ਜਸਵੀਰ ਸਿੰਘ ਬਲਾਕ ਪ੍ਰਧਾਨ ਤਲਵੰਡੀ ਭਾਈ, ਸਤਨਾਮ ਸਿੰਘ ਬਲਾਕ ਪ੍ਰਧਾਨ ਮੱਖੂ, ਕੁਲਵੰਤ ਸਿੰਘ ਬਲਾਕ ਪ੍ਰਧਾਨ ਮਮਦੋਟ, ਬਾਪੂ ਹਰਨਾਮ ਸਿੰਘ ਜ਼ੀਰਾ, ਸੁਨੀਲ ਕੁਮਾਰ ਫਿਰੋਜ਼ਪੁਰ, ਮੱਖਣ ਸਿੰਘ, ਸੰਦੀਪ ਕੁਮਾਰ, ਮੇਜਰ ਸਿੰਘ ਫਿਰੋਜ਼ਪੁਰ, ਮੇਜਰ ਸਿੰਘ ਭਾਵੜਾ, ਅਮਰਜੀਤ ਕੁਮਾਰ, ਕੁਲਵੰਤ ਸਿੰਘ ਫਿਰੋਜ਼ਪੁਰ ਆਦਿ ਹਾਜ਼ਰ ਸਨ।