29 ਤੋਂ 31 ਜਨਵਰੀ ਤੱਕ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪਿਆਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ : ਸ਼ਰੂਤੀ ਸ਼ਰਮਾ
ਪੋਲੀਓ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਾਉਣ ਲਈ 0 ਤੋ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣ ਲਈ 29 ਤੋ 31 ਜਨਵਰੀ 2017 ਤੱਕ ਦੇਸ਼ ਵਿਆਪੀ ਐਨ.ਆਈ.ਡੀ ਪਲਸ ਪੋਲੀਓ ਮੁਹਿੰਮ ਆਰੰਭੀ ਜਾ ਰਹੀ ਹੈ, ਇਸ ਮੁਹਿੰਮ ਨੂੰ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਅਸਰਦਾਰ ਢੰਗ ਨਾਲ ਚਲਾਉਣ ਲਈ ਸਮੂਹ ਵਿਭਾਗਾਂ ਦੇ ਅਧਿਕਾਰੀ ਆਪਣਾ ਸਹਿਯੋਗ ਦੇਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜਨ) ਮੈਡਮ ਸ਼ਰੂਤੀ ਸ਼ਰਮਾ ਨੇ ਪਲਸ ਪੋਲੀਓ ਮੁਹਿੰਮ ਸਬੰਧੀ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਕੀਤੀ । ਇਸ ਤੋਂ ਇਲਾਵਾ ਸਿਵਲ ਸਰਜਨ ਡਾ. ਗੁਰਮਿੰਦਰ ਸਿੰਘ ਵੀ ਇਸ ਮੌਕੇ ਹਾਜ਼ਰ ਸਨ।
ਵਧੀਕ ਡਿਪਟੀ ਕਮਿਸ਼ਨਰ ਮੈਡਮ ਸ਼ਰੂਤੀ ਸ਼ਰਮਾ ਨੇ ਕਿਹਾ ਕਿ ਇਸ ਮੁਹਿੰਮ ਦੀ ਸਫਲਤਾ ਲਈ ਪਿੰਡ ਪੱਧਰ ਤੱਕ 100 ਪ੍ਰਤੀਸ਼ਤ ਕਵਰੇਜ ਕਰਨ ਨੂੰ ਯਕੀਨੀ ਬਣਾਉਣ ਲਈ ਸਮੂਹ ਪੰਚਾਇਤਾਂ ਦਾ ਸਹਿਯੋਗ ਲਿਆ ਜਾਵੇ । ਉਨ੍ਹਾਂ ਦੱਸਿਆ ਕਿ 29 ਤੋ 31 ਜਨਵਰੀ 2017 ਤੱਕ ਜ਼ਿਲ੍ਹੇ ਦੀ ਲਗਭਗ 11 ਲੱਖ 03 ਹਜਾਰ 556 ਆਬਾਦੀ ਤੇ 1 ਲੱਖ 87 ਹਜਾਰ 561 ਘਰਾਂ ਨੂੰ ਕਵਰ ਕੀਤਾ ਜਾਵੇਗਾ। 0 ਤੋਂ 5 ਸਾਲ ਤੱਕ ਦੇ 1,27,246 ਬੱਚਿਆਂ ਅਤੇ ਘਰਾਂ ਨੂੰ ਕਵਰ ਕਰਨ ਲਈ 629 ਬੂਥਾਂ ਸਮੇਤ ਤੇ 114 ਸੁਪਰਵਾਈਜ਼ਰ ਲਗਾਏ ਗਏ ਹਨ ਅਤੇ ਇਸ ਤੋਂ ਇਲਾਵਾ ਹਾਊਸ-ਟੂ-ਹਾਊਸ 1322 ਟੀਮਾਂ, ਕੁੱਲ 18 ਮੋਬਾਈਲ ਟੀਮਾਂ ਤੇ 23 ਬੂਥ ਤੇ ਟੀਮਾਂ ਕੰਮ ਕਰਨਗੀਆਂ। ਉਨ੍ਹਾਂ ਮੀਟਿੰਗ ਵਿੱਚ ਵੱਖ ਵੱਖ ਅਦਾਰਿਆਂ ਤੋ ਸਹਿਯੋਗ ਦੀ ਮੰਗ ਕੀਤੀ ਗਈ ਤਾਂ ਜੋ ਕਿਸੇ ਕਾਰਨ ਕੋਈ ਵੀ ਬੱਚਾ ਪੋਲੀਓ ਦੀਆਂ ਬੂੰਦਾਂ ਤੋ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਸ ਮੁਹਿੰਮ ਨੂੰ ਅਸਰਦਾਰ ਢੰਗ ਨਾਲ ਚਲਾਉਣ ਲਈ, ਸਿੱਖਿਆ, ਇਸਤਰੀ ਤੇ ਬਾਲ ਵਿਕਾਸ , ਲੋਕ ਸੰਪਰਕ, ਪੇਂਡੂ ਵਿਕਾਸ, ਟਰਾਂਸਪੋਰਟ, ਪੁਲਿਸ, ਫੂਡ ਤੇ ਸਿਵਲ ਸਪਲਾਈ ਵਿਭਾਗਾਂ ਤੋਂ ਇਲਾਵਾ ਸਬ ਡਵੀਜ਼ਨ ਪੱਧਰ ਤੇ ਸਿਵਲ ਪ੍ਰਸ਼ਾਸਨ ਤੋਂ ਇਲਾਵਾ ਐਨ.ਜੀ.ਓ ਦਾ ਵੀ ਸਹਿਯੋਗ ਵੀ ਲਿਆ ਜਾਵੇ ਤਾਂ ਜੋ ਕਿਸੇ ਕਾਰਨ ਕੋਈ ਵੀ ਬੱਚਾ ਪੋਲੀਓ ਦੀਆਂ ਬੂੰਦਾਂ ਤੋ ਵਾਂਝਾ ਨਾ ਰਹਿ ਜਾਵੇ।
ਇਸ ਮੀਟਿੰਗ ਦੌਰਾਨ ਡਾ. ਸੰਜੀਵ ਗੁਪਤਾ ਅਸਿਸਟੈਂਟ ਸਿਵਲ ਸਰਜਨ ਫਿਰੋਜ਼ਪੁਰ, ਡਾ: ਕੁਲਵਿੰਦਰ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਜ਼ਿਲ੍ਹਾ ਫਿਰੋਜ਼ਪੁਰ, ਜ਼ਿਲ੍ਹਾ ਮਾਸ ਮੀਡੀਆ ਅਫਸਰ ਸ੍ਰੀਮਤੀ ਮਨਿੰਦਰ ਕੌਰ, ਸ੍ਰੀਮਤੀ ਜਯੋਤੀ ਬਾਲਾ, ਸ੍ਰੀ ਵਿਕਾਸ ਕਾਲੜਾ, ਸ੍ਰੀ ਬਗੀਚ ਸਿੰਘ ਸੀ.ਓ., ਸਮੂਹ ਸੀਨੀਅਰ ਮੈਡੀਕਲ ਅਫਸਰ, ਐਨ.ਜੀ.ਓਜ਼. ਅਤੇ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਕਾਰੀ ਹਾਜ਼ਰ ਸਨ